ਪਠਾਨਕੋਟ, 7 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਜਿਲ੍ਹਾ ਪਠਾਨਕੋਟ ਅੰਦਰ ਚਲਾਏ ਜਾ ਰਹੇ ਵਿਕਾਸ ਕਾਰਜਾਂ ਵਿੱਚ ਤੇਜੀ ਲਿਆਉਣ ਅਤੇ ਚਲਾਈਆਂ ਜਾ ਰਹੀਆਂ ਸਮਾਜ ਭਲਾਈ ਸਕੀਮਾਂ ਦਾ ਲਾਭ ਸਿੱਧੇ ਰੂਪ ਵਿੱਚ ਲੋਕਾਂ ਤੱਕ ਪਹੁੰਚਾਉਣ ਲਈ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜਿਲ੍ਹਾ ਪਠਾਨਕੋਟ ਦੇ ਵਿਧਾਇਕਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਜਿਸ ਵਿੱਚ ਸ੍ਰੀ ਦਿਨੇਸ਼ ਸਿੰਘ ਬੱਬੂ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਅਤੇ ਵਿਧਾਇਕ ਹਲਕਾ ਸੁਜਾਨਪੁਰ, ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਅਤੇ ਭੋਆ ਹਲਕੇ ਦੇ ਵਿਧਾਇਕ ਦੇ ਪੀ.ਏ. ਗੋਰਵ ਸਲਾਰੀਆ ਵਿਸ਼ੇਸ਼ ਰੂਪ ਵਿੱਚ ਹਾਜਰ ਹੋਏ।
ਮੀਟਿੰਗ ਵਿੱਚ ਜਿਲ੍ਹਾ ਪਠਾਨਕੋਟ ਅੰਦਰ ਬਣਾਏ ਜਾ ਰਹੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਆਧੁਨਿਕ ਖੇਡ ਸਟੇਡੀਅਮ, ਸਰਕਾਰੀ ਕਾਲਜ ਪਠਾਨਕੋਟ, ਸਰਕਾਰੀ ਕਾਲਜ ਸੁਜਾਨਪੁਰ, ਆਡੀਟੋਰੀਅਮ, ਸ਼ਾਪਿੰਗ ਕੰਪਲੈਕਸ ਆਦਿ ਵੱਡੇ ਪ੍ਰਾਜੈਕਟਾਂ ਨੂੰ ਜਲਦੀ ਤੋਂ ਜਲਦੀ ਮੁਕੰਮਲ ਕਰਨ ਅਤੇ ਆਧੁਨਿਕ ਸੀਵਰੇਜ ਪ੍ਰਾਜੈਕਟਾਂ, ਹਰੇਕ ਵਿਧਾਨ ਸਭਾ ਹਲਕੇ ਵਿੱਚ ਚਾਰ-ਚਾਰ ਸਰਕਾਰੀ ਸਕੂਲ ਅਪਗ੍ਰੇਡ ਕਰਨ, ਪਿੰਡਾਂ ਨੂੰ ਸਰਕਾਰੀ ਬੱਸਾਂ ਚਲਾਉਣ, ਆਟਾ ਦਾਲ ਸਕੀਮ ਅਤੇ ਜ਼ਿਲ੍ਹੇ ਅੰਦਰ ਕੀਤੇ ਜਾਣ ਵਾਲੇ ਰਾਜ ਪੱਧਰੀ ਸਮਾਗਮਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਸ੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਨੇ ਕਿਹਾ ਕਿ ਸਬੰਧਤ ਵਿਭਾਗ ਨੂੰ ਆਦੇਸ਼ ਜਾਰੀ ਕੀਤੇ ਜਾਣ ਕਿ ਜ਼ਿਲ੍ਹੇ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਤੇ ਨਿਰਮਾਣ ਅਤੇ ਕਾਲੀ ਮਾਤਾ ਮੰਦਿਰ ਰੋਡ ਨੂੰ ਸਿੱਧੇ ਕਰਨ ਦੇ ਨਿਰਮਾਣ ਕਾਰਜ ਜਲਦੀ ਤੋਂ ਜਲਦੀ ਸ਼ੁਰੂ ਕਰਕੇ ਮੁਕੰਮਲ ਕੀਤੇ ਜਾਣ। ਇਸੇ ਤਰ੍ਹਾਂ ਸ੍ਰੀ ਦਿਨੇਸ਼ ਸਿੰਘ ਬੱਬੂ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਕਿਹਾ ਕਿ ਭਾਦਨ ਪਿੰਡ ਨੂੰ ਵੀ ਸਰਕਾਰੀ ਬੱਸ ਸੇਵਾ ਦੀ ਸਹੂਲਤ ਮੁਹਈਆ ਕੀਤੀ ਜਾਵੇ।
ਸ੍ਰੀ ਸ਼ਰਮਾ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਪਠਾਨਕੋਟ ਦੇ ਪਿੰਡ ਲਾਡੋਚੱਕ ਦੇ ਲੋੜਵੰਦ ਤੇ ਯੋਗ ਵਿਅਕਤੀਆਂ ਦੇ ਨੀਲੇ ਕਾਰਡ ਬਣਨ ਤੋਂ ਰਹਿ ਗਏ ਸਨ, ਉਹ ਜਲਦੀ ਤੋਂ ਜਲਦੀ ਬਣਾਏ ਜਾਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਬੰਧਤ ਵਿਭਾਗ ਨੂੰ ਹਦਾਇਤ ਕਰ ਦਿੱਤੀ ਗਈ ਹੈ ਕਿ ਉਹ ਇਸ ਪਿੰਡ ਦੇ ਯੋਗ ਅਤੇ ਲੋੜਵੰਦ ਵਿਅਕਤੀਆਂ ਦੇ ਨੀਲੇ ਕਾਰਡ ਬਣਾਉਣ ਦੇ ਕੰਮ ਨੂੰ ਇੱਕ ਹਫਤੇ ਦੇ ਅੰਦਰ ਅੰਦਰ ਮੁਕੰਮਲ ਕਰਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡ ਡੇਹਰੀਵਾਲ ਵਿਖੇ ਗਾਊਸ਼ਾਲਾ ਦੀ ਉਸਾਰੀ ਦਾ ਕੰਮ ਲਗਭਗ ਮੁਕੰਮਲ ਹੋ ਗਿਆ ਹੈ ਅਤੇ ਜਲਦੀ ਹੀ ਇਸ ਦਾ ਉਦਘਾਟਨ ਕਰਕੇ ਲੋਕਾਂ ਨੂੰ ਸਮਰਪਿਤ ਕਰ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਪਠਾਨਕੋਟ ਦੇ ਪੰਜਾਬ ਰੋਡਵੇਜ ਡੀਪੂ ਵਿੱਚ ਬਣਾਏ ਗਏ ਆਟੋਮੈਟਿਡ ਡਰਾਈਵਿੰਗ ਸੈਂਟਰ ਦਾ ਉਦਘਾਟਨ 21 ਅਪ੍ਰੈਲ ਨੂੰ ਸ਼੍ਰੀ ਅਨਿਲ ਜੋਸ਼ੀ ਸਥਾਨਕ ਸਰਕਾਰਾਂ ਮੰਤਰੀ ਪੰਜਾਬ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਸੇ ਮਹੀਨੇ ਦੌਰਾਨ ਕਿਸਾਨਾਂ ਲਈ ਉਲੀਕੀ ਗਈ ਭਗਤ ਪੂਰਨ ਸਿੰਘ ਬੀਮਾ ਯੋਜਨਾ ਲਾਗੂ ਕਰਨ ਲਈ ਰਾਜ ਪੱਧਰੀ ਸਮਾਗਮ ਕਰਕੇ ਕਿਸਾਨਾਂ ਨੂੰ ਬੀਮਾ ਕਾਰਡ ਅਤੇ ਵਪਾਰੀਆਂ ਲਈ ਬੀਮਾ ਸਕੀਮ ਲਾਗੂ ਕਰਨ ਲਈ ਰਾਜ ਪੱਧਰੀ ਸਮਾਗਮ ਕਰਕੇ ਵਪਾਰੀਆਂ ਨੂੰ ਬੀਮਾ ਕਾਰਡ ਵੰਡੇ ਜਾਣਗੇ।
Check Also
ਡਿਪਟੀ ਕਮਿਸ਼ਨਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ
ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ …
Punjab Post Daily Online Newspaper & Print Media