Thursday, April 23, 2026

ਸੁਖਬੀਰ ਸਿੰਘ ਬਾਦਲ ਨੇ ਐਸ.ਵਾਈ.ਐਲ ਮੁੱਦੇ ‘ਤੇ ਕੇਜਰੀਵਾਲ ਨੂੰ ਲਾਈ ਫਿਟਕਾਰ

ਕੇਜਰੀਵਾਲ ਨੇ ਸਤਲੁੱਜ ਯਮਨਾ ਲਿੰਕ ਨਹਿਰ ਕੇਸ ਸਬੰਧੀ ਹਰਿਆਣਾ ਦਾ ਪੱਖ ਲਿਆ

PPN0804201609ਚੰਡੀਗੜ੍ਹ, 8 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਆਮ ਆਦਮੀ ਪਾਰਟੀ (ਆਪ) ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਐਸ.ਵਾਈ.ਐਲ ਮੁੱਦੇ ‘ਤੇ ਸੁਪਰੀਮ ਕੋਰਟ ਵਿੱਚ ਆਪਣੇ ਵਕੀਲ ਨੂੰ ਹਰਿਆਣਾ ਦਾ ਪੱਖ ਲੈਣ ਦੇ ਹੁਕਮ ਦੇਣ ਲਈ ਕਰੜੇ ਹੱਥੀਂ ਲਿਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਹੁਣ ਪੰਜਾਬ ਦੇ ਕਿਸਾਨਾਂ ਨੂੰ ਧੋਖੇ ਵਿੱਚ ਰੱਖਣ ਲਈ ਮੁਆਫੀ ਮੰਗਣੀ ਚਾਹੀਦੀ ਹੈ।
ਇੱਕ ਬਿਆਨ ਰਾਹੀਂ ਸ. ਬਾਦਲ ਨੇ ਕਿਹਾ ਕਿ ਸੁਪਰੀਮ ਕੋਰਟ ਵਿਖੇ ਹਾਲ ਹੀ ਦੌਰਾਨ ਹੋਈ ਸੁਣਵਾਈ ਦੌਰਾਨ ਹਰਿਆਣਾ ਦੇ ਵਕੀਲ ਨੇ ਇਹ ਦਾਅਵਾ ਕੀਤਾ ਹੈ ਕਿ ਪੰਜਾਬ ਸਰਕਾਰ ਕੋਲ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ ਕਿ ਉਹ ਪਾਣੀਆਂ ਦੀ ਵੰਡ ਦੇ ਸਮਝੌਤੇ ਨੂੰ ਖ਼ਤਮ ਕਰੇ। ਇਸ ਤੋਂ ਤੁਰੰਤ ਮਗਰੋਂ ਜਦੋਂ ਅਦਾਲਤ ਨੇ ਦਿੱਲੀ ਸਰਕਾਰ ਨੂੰ ਆਪਣਾ ਪੱਖ ਰੱਖਣ ਲਈ ਕਿਹਾ ਤਾਂ ਦਿੱਲੀ ਸਰਕਾਰ ਦੇ ਵਕੀਲ ਨੇ ਹਰਿਆਣਾ ਦੇ ਵਕੀਲ ਦੀਆਂ ਦਲੀਲਾਂ ਨਾਲ ਆਪਣੀ ਸਹਿਮਤੀ ਪ੍ਰਗਟ ਕਰ ਦਿੱਤੀ ਕਿ ਪੰਜਾਬ ਐਕਟ ਨੇ ਇੱਕ ਗਲ਼ਤ ਮਿਸਾਲ ਪੈਦਾ ਕੀਤੀ ਹੈ।
ਸ. ਬਾਦਲ ਨੇ ਕਿਹਾ ਕਿ ਇਹ ਸਿੱਧ ਹੋ ਚੁੱਕਾ ਹੈ ਕਿ ਦਿੱਲੀ ਦੀ ਆਮ ਆਦਮੀ ਸਰਕਾਰ ਐਸ.ਵਾਈ.ਐਲ ਮੁੱਦੇ ‘ਤੇ ਪੰਜਾਬ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਸੁਣਵਾਈ ਦੌਰਾਨ ਪੰਜਾਬ ਦੇ ਹਿੱਤਾਂ ਨੂੰ ਦਰਕਿਨਾਰ ਕਰਦਿਆਂ ਹਰਿਆਣਾ ਦੇ ਵਕੀਲ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਦਿੱਲੀ ਦੀ ਆਪ ਸਰਕਾਰ ਨੇ ਹਰਿਆਣਾ ਦੇ ਪੱਖ ਨਾਲ ਸਹਿਮਤ ਹੋ ਕੇ ਪੰਜਾਬ ਨਾਲ ਅਸਿਹਮਤੀ ਪ੍ਰਗਟ ਕੀਤੀ ਹੈ।
ਦਿੱਲੀ ਦੇ ਮੁੱਖ ਮੰਤਰੀ ਦੇ ਇਸ ਕਦਮ ਨੂੰ ਵਿਸ਼ਵਾਸਘਾਤ ਗਰਦਾਨਦਿਆਂ ਸ. ਬਾਦਲ ਨੇ ਕਿਹਾ ਕਿ ਇਹ ਦੁੱਖ ਦੇਣ ਵਾਲਾ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਆਪਣੀ ਪੰਜਾਬ ਫੇਰੀ ਦੌਰਾਨ ਪੰਜਾਬ ਦੇ ਐਸ.ਵਾਈ.ਐਲ ਸਬੰਧੀ ਸਟੈਂਡ ਦਾ ਸਮਰਥਨ ਕੀਤਾ ਸੀ ਅਤੇ ਇਹ ਵੀ ਕਿਹਾ ਸੀ ਕਿ ਪੰਜਾਬ ਕੋਲ ਇੱਕ ਬੂੰਦ ਪਾਣੀ ਵਾਧੂ ਨਹੀਂ ਹੈ, ਪਰ ਕੇਜਰੀਵਾਲ ਨੇ ਆਪਣੇ ਸੁਭਾਅ ਅਨਸਾਰ ਦਿੱਲੀ ਪਹੁੰਚ ਕੇ ਆਪਣੇ ਹੀ ਬਿਆਨ ਤੋਂ ਪਲਟਦੇ ਹੋਏ ਉਨ੍ਹਾ ਨੇ ਹਰਿਆਣਾ ਦੀ ਧੁੰਨ ‘ਤੇ ਨੱਚਣਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਕਿ ਪਾਣੀ ‘ਤੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਕਿਉਂ ਜੋ ਇਹ ਹਰੇਕ ਸੂਬੇ ਦੀ ਲੋੜ ਹੈ।”
ਦਿੱਲੀ ਦੇ ਮੁੱਖ ਮੰਤਰੀ ਨੂੰ ਸ. ਬਾਦਲ ਨੇ ਕਿਹਾ ਕਿ ਉਹ ਇਹ ਦੱਸੇ ਕਿ ਕੀ ਇਹ ਸੌੜੀ ਸਿਆਸਤ ਨਹੀਂ ਕਿ ਪੰਜਾਬ ਵਿੱਚ ਇੱਕ ਗੱਲ ਕਹੀ ਜਾਵੇ ਅਤੇ ਦਿੱਲੀ ਵਿੱਚ ਦੂਸਰੀ। ਕੀ ਇਹ ਸਿਆਸਤ ਨਹੀਂ ਕਿ ਪੰਜਾਬ ਦੇ ਕਿਸਾਨ ਪ੍ਰਤੀ ਝੂਠੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਜਾਵੇ ਪਰ ਸੁਪਰੀਮ ਕੋਰਟ ਵਿੱਚ ਹਰਿਆਣਾ ਦੇ ਪੱਖ ਵਿੱਚ ਗੱਲ ਕੀਤੀ ਜਾਵੇ।
ਉਪ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਦੀ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਐਸ.ਵਾਈ.ਐਲ ਨਹਿਰ ਦੇ ਮੁੱਦੇ ਸਬੰਧੀ ਆਪਣਾ ਸਟੈਂਡ ਸਾਫ ਕਰ ਦਿੱਤਾ ਹੈ ਤੇ ਹੁਣ ਵਾਰੀ ਆਪ ਦੀ ਪੰਜਾਬ ਲੀਡਰਸ਼ਿਪ ਦੀ ਹੈ ਕਿ ਉਹ ਆਪਣਾ ਰੁਖ ਸਪਸ਼ਟ ਕਰੇ। ਕੀ ਉਹ ਇਸ ਮੁੱਦੇ ਸਬੰਧੀ ਪੰਜਾਬ ਵਿਰੋਧੀ ਸਟੈਂਡ ਲੈਣ ਵਾਲੇ ਆਪਣੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਨਾਲ ਹੈ ਜਾਂ ਪੰਜਾਬ ਦੇ ਕਿਸਾਨਾਂ ਦੇ ਨਾਲ ਹੈ? ੨ ਲੋਕਾਂ ਨੂੰ ਇਸਦਾ ਜਵਾਬ ਦੇਣਾ ਬਣਦਾ ਹੈ।
ਸ. ਬਾਦਲ ਨੇ ਕੇਜਰੀਵਾਲ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਆਪਣੇ ਜੱਦੀ ਸੂਬੇ ਹਰਿਆਣਾ ਅਤੇ ਅਪਣਾਏ ਸੂਬੇ ਦਿੱਲੀ ਲਈ ਦਿਲ ਵਿਚ ਪਿਆਰ ਹੋਣਾ ਕੋਈ ਬੁਰੀ ਗੱਲ ਨਹੀਂ ਪਰ ਵਿਅਕਤੀ ਨੂੰ ਇਸ ਬਾਬਤ ਖੁੱਲ੍ਹ ਕੇ ਸਾਹਮਣੇ ਆਉਣਾ ਚਾਹੀਦਾ ਹੈ ਬਜਾਏ ਇਸ ਦੇ ਕਿ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਜਾਵੇ। ਸ. ਬਾਦਲ ਨੇ ਅੱਗੇ ਕਿਹਾ ਕਿ,”ਉਨ੍ਹਾਂ ਭੋਲੇ-ਭਾਲੇ ਕਿਸਾਨਾਂ ਦਾ ਕੀ ਕਸੂਰ ਸੀ ਜਿਨ੍ਹਾਂ ਨੂੰ ਕੇਜਰੀਵਾਲ ਨੇ ਸਮਰਥਣ ਦੇਣ ਦੀ ਗੱਲ ਕਹਿ ਕੇ ਧੋਖੇ ਵਿੱਚ ਰੱਖਿਆ? ਕੀ ਹੁਣ ਕੇਜਰੀਵਾਲ ਨੂੰ ਉਨ੍ਹਾਂ ਤੋਂ ਮੁਆਫੀ ਨਹੀਂ ਮੰਗਣੀ ਚਾਹੀਦੀ?”
ਉਪ ਮੁੱਖ ਮੰਤਰੀ ਨੇ ਕੇਜਰੀਵਾਲ ‘ਤੇ ਵਰ੍ਹਦਿਆਂ ਕਿਹਾ ਕਿ ਇੱਕ ਪਾਸੇ ਤਾਂ ਕੇਜਰੀਵਾਲ ਹੈ ਜਿਸਨੇ ਪੰਜਾਬ ਨਾਲ ਧੋਖਾ ਕੀਤਾ ਅਤੇ ਇਸਦੇ ਪਿੱਠ ਵਿੱਚ ਛੁਰਾ ਮਾਰਿਆ ਅਤੇ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਹਨ ਜਿਨ੍ਹਾਂ ਨੇ ਸੂਬੇ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਐਸ.ਵਾਈ.ਐਲ ਮੁੱਦੇ ਸਬੰਧੀ ਸਪਸ਼ਟ ਸਟੈਂਡ ਲਿਆ। ਸ. ਸੁਖਬੀਰ ਸਿੰਘ ਬਾਦਲ ਨੇ ਅਗਾਂਹ ਕਿਹਾ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਵਿਧਾਨ ਸਭਾ ਵਿੱਚ ਇੱਕ ਬਿੱਲ ਪਾਸ ਕਰਨ ਲਈ ਮਤਾ ਲਿਆਂਦਾ ਜਿਸ ਅਨੁਸਾਰ ਐਸ.ਵਾਈ.ਐਲ ਨਹਿਰ ਦੀ ਉਸਾਰੀ ਲਈ ਐਕਵਾਇਰ ਕੀਤੀ ਗਈ ਜ਼ਮੀਨ ਦੇ ਹੁਕਮ ਰੱਦ ਕਰਦੇ ਹੋਏ ਜ਼ਮੀਨ ਕਿਸਾਨਾਂ ਨੂੰ ਮੋੜ ਦਿੱਤੀ ਗਈ ਸੀ। ਇਸ ਤੋਂ ਇਲਾਵਾ ਮੁੱਖ ਮੰਤਰੀ ਵਲੋਂ ਪੇਸ਼ ਇੱਕ ਹੋਰ ਮਤੇ ਅਨੁਸਾਰ ਸੂਬੇ ਦੀ ਅਸੈਂਬਲੀ ਦੀ ਇਹ ਭਾਵਨਾ ਜ਼ਾਹਿਰ ਕੀਤੀ ਗਈ ਸੀ ਕਿ ਕਿਸੇ ਵੀ ਕੀਮਤ ‘ਤੇ ਐਸ.ਵਾਈ.ਐਲ ਨਹਿਰ ਉਸਰਨ ਨਹੀਂ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਪੰਜਾਬ ਕਿਸੇ ਵੀ ਕੀਮਤ ‘ਤੇ ਆਪਣਾ ਪਾਣੀ ਦੂਸਰੇ ਸੂਬੇ ਨੂੰ ਨਹੀਂ ਦੇਵੇਗਾ, ਚਾਹੇ ਇਸ ਲਈ ਕੋਈ ਵੀ ਕੁਰਬਾਨੀ ਕਰਨੀ ਪਵੇ।

Check Also

ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …

Leave a Reply