ਅੰਮ੍ਰਿਤਸਰ, 11 ਅਪ੍ਰੈਲ (ਦਵਿੰਦਰ ਸਿੰਘ)- ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪੂਰਨ ਸਹਿਯੋਗ ਨਾਲ ਜਨਵਾਦੀ ਲੇਖਕ ਸੰਘ ਵੱਲੋਂ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਮਰਹੂਮ ਕਥਾਕਾਰ ਤਲਵਿੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਸਾਹਿਤਕ ਸਮਾਗਮ ‘ਸ਼ਬਦ, ਸੁਰ, ਸੰਵਾਦ’ ਦੇ ਅੰਤਰਗਤ ਪੰਜਾਬੀ ਜੁਬਾਨ ਦੇ ਨਾਮਵ੍ਹਰ ਗਜ਼ਲਗੋ ਜਨਾਬ ਐੱਸ ਨਸੀਮ ਨਾਲ ਸਾਹਿਤਕ-ਸੰਵਾਦ ਰਚਾਇਆ ਗਿਆ। ਸ਼ਾਇਰ ਦੇਵ ਦਰਦ ਨੇ ਮੰਚ ਸੰਚਾਲਣ ਕਰਦਿਆਂ ਮਹਿਮਾਨ ਸ਼ਾਇਰ ਨਾਲ ਜਾਣ ਪਛਾਣ ਕਰਵਾਈ। ਅਦਬੀ ਮਹਿਫ਼ਲ ਦੇ ਰੂਬਰੂ ਹੁੰਦਿਆਂ ਐੱਸ ਨਸੀਮ ਹੋਰਾਂ ਆਪਣੀ ਗਜ਼ਲ ਦੇ ਇਕ ਸਿਅਰ ਕਿ ‘ਭਟਕਣ ਉਸ ਦਾ ਸ਼ੌਂਕ ਨਹੀਂ ਮਜ਼ਬੂਰੀ ਹੈ, ਸ਼ਾਇਦ ਉਸਦੀ ਨਾਭੀ ਵਿੱਚ ਕਸਤੂਰੀ ਹੈ’ ਨਾਲ ਗੱਲ ਸ਼ੁਰੂ ਕਰਦਿਆਂ ਦੱਸਿਆ ਕਿ ਡਾ. ਜਗਤਾਰ, ਦੀਪਕ ਜੈਤੋਈ, ਸਾਧੂ ਸਿੰਘ ਹਮਦਰਦ ਅਤੇ ਉਲਫ਼ਤ ਬਾਜਵਾ ਵਰਗੇ ਪ੍ਰੋੜ ਸ਼ਾਇਰਾਂ ਦੀ ਉੱਤਮ ਦਰਜ਼ੇ ਦੀ ਲੇਖਣੀ ਦੇ ਪ੍ਰਭਾਵ ਅਧੀਨ ਉਨ੍ਹਾਂ ਸ਼ਾਇਰੀ ਦੇ ਖੇਤਰ ਵਿੱਚ ਪੈਰ ਧਰਿਆ ਅਤੇ ਪੰਜਾਬੀ ਗਜ਼ਲ ਵਿੱਚ ਪ੍ਰਪੱਕਤਾ ਹਾਸਿਲ ਕੀਤੀ। ਸਮਾਗਮ ਬਾਰੇ ਆਪਣੀ ਰਾਏ ਜਾਹਿਰ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੇ ਸਾਹਿਤਕ ਸਮਾਗਮਾਂ ਵਿੱਚ ਆ ਕੇ ਮਿਲਦੇ ਮਾਣ-ਸਨਮਾਨ ਲੇਖਕ ਨੂੰ ਹੋਰ ਉਤਸ਼ਾਹਿਤ ਕਰਦੇ ਹਨ।
ਸ਼ਾਇਰ ਤਰਸੇਮ ਨੂਰ ਨੇ ਇਸ ਸਮੇਂ ਬੋਲਦਿਆਂ ਦੱਸਿਆ ਕਿ ਐੱਸ ਨਸੀਮ ਅਜੋਕੀ ਪੰਜਾਬੀ ਗਜ਼ਲ ਵਿੱਚ ਪੁਖਤਾ ਲੇਖਣੀ ਅਤੇ ਪੇਸ਼ਕਾਰੀ ਕਰਕੇ ਵਿਸ਼ੇਸ਼ ਸਥਾਨ ਰੱਖਦਾ ਹੈ। ਕਥਾਕਾਰ ਦੀਪ ਦਵਿੰਦਰ ਸਿੰਘ ਨੇ ਨਸੀਮ ਹੋਰਾਂ ਦੇ ਗਜ਼ਲ ਸੰਗ੍ਰਹਿ ‘ਅਕਾਸ਼ ਗੰਗਾ’ ਦੇ ਹਵਾਲੇ ਨਾਲ ਦੱਸਿਆ ਕਿ ਮਹਿਮਾਨ ਸ਼ਾਇਰ ਲੋਕਾਂ ਦੇ ਚੂਰ-ਚੂਰ ਹੋਏ ਸੁਪਨੇ ਅਤੇ ਬਦਹਾਲੀ ਨੂੰ ਸੋਹਜ ਮਈ ਬਣਾ ਕੇ ਪੇਸ਼ ਕਰਨ ਦੀ ਸਮਰੱਥਾ ਰੱਖਦਾ ਹੈ। ਸ੍ਰੀ ਨਿਰਮਲ ਅਰਪਣ ਅਤੇ ਟੀ.ਲੋਚਨ ਨੇ ਕਿਹਾ ਕਿ ਐਸ.ਨਸੀਮ ਦੀ ਸਮੁੱਚੀ ਸ਼ਾਇਰੀ ਸਮਾਜੀ ਚੌਗਿਰਦੇ ਵਿੱਚ ਪਸਰੀਆਂ ਗੈਰ ਮਾਨਵੀ ਸ਼ਕਤੀਆਂ ਨੂੰ ਵੰਗਾਰਦੀ ਹੈ। ਪ੍ਰਮੋਧ ਕਾਫਿਰ, ਜਗਦੀਸ਼ ਸਚਦੇਵਾ ਅਤੇ ਡਾ. ਹਜ਼ਾਰਾ ਸਿੰਘ ਚੀਮਾ ਨੇ ਦੱਸਿਆ ਕਿ ਚਰਚਾ ਅਧੀਨ ਅੱਜ ਦੀ ਸ਼ਾਇਰੀ ਸਮਾਜਿਕ ਸਰੋਕਾਰਾਂ ਦੀ ਪੈਰਵੀ ਕਰਦੀ ਹੈ। ਡਾ. ਕਸ਼ਮੀਰ ਸਿੰਘ, ਸੁਮੀਤ ਸਿੰਘ ਅਤੇ ਪ੍ਰਿੰ: ਟੀਨਾ ਸ਼ਰਮਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਅਜਿਹੇ ਸਾਹਿਤਕ ਸਮਾਗਮਾਂ ਦੀ ਨਿਰੰਤਰਤਾ ਦੀ ਵਚਨ ਬਧਤਾ ਨੂੰ ਦੁਹਰਾਇਆ।
ਰਚਨਾਵਾਂ ਦੇ ਚਲੇ ਦੌਰ ਵਿੱਚ ਗਾਇਕ ਯਕੂਬ, ਬੀਰ ਸਿੰਘ, ਰਾਜ ਕੁਮਾਰ ਰਾਜ, ਡਾ. ਬਿਮਲ, ਸੰਦੀਪ, ਨਕਾਸ਼ ਤੋਂ ਇਲਾਵਾ ਵਿਚਾਰ ਚਰਚਾ ਵਿੱਚ ਹਿੱਸਾ ਲੈਣ ਵਾਲੇ ਵਿਦਵਾਨਾਂ ਨੇ ਅਰਥ ਭਰਪੂਰ ਰਚਨਾਵਾਂ ਦੀ ਪੇਸ਼ਕਾਰੀ ਕੀਤੀ।
ਹੋਰਨਾਂ ਤੋਂ ਇਲਾਵਾ ਇਸ ਸਮੇਂ ਹਰਭਜਨ ਖੇਮਕਰਨੀ, ਮਨਮੋਹਨ ਸਿੰਘ ਢਿੱਲੋਂ, ਜਗਜੀਤ ਗਿੱਲ, ਹਰਜੀਤ ਸੰਧੂ, ਧਰਵਿੰਦਰ ਔਲਖ, ਬਾਈ ਅਮਰਜੀਤ, ਕਲਿਆਣ ਅੰਮ੍ਰਿਤਸਰੀ, ਸਤਨਾਮ ਔਲਖ, ਰਵੀ ਠਾਕੁਰ, ਅਜੀਤ ਸਿੰਘ ਨਬੀਪੁਰ, ਡਾ. ਮੋਹਨ, ਹਰਪ੍ਰੀਤ ਸਿੰਘ, ਅੰਕਿਤਾ ਸਹਿਦੇਵ, ਪ੍ਰਤੀਕ, ਡਾ. ਪਰਮਜੀਤ ਸਿੰਘ ਬਾਠ, ਗਿਆਨ ਇੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਕੂਲ ਸਟਾਫ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media