Saturday, March 14, 2026

ਕੌਮਾਂਤਰੀ ਪ੍ਰਸਿੱਧੀ ਵਾਲੇ ਮਨੋਚਿਕਤਸਕ ਅਤੇ ਤਰਕਸ਼ੀਲ ਡਾ. ਇਬਰਾਹਮ ਥਾਮਸ ਕਾਵੂਰ ਦਾ ਜਨਮ ਦਿਨ ਮਨਾਇਆ

ਅੰਮ੍ਰਿਤਸਰ, 14 ਅਪ੍ਰੈਲ (ਜਗਦੀਪ ਸਿੰਘ ਸੱਗੂ)- ਭਾਰਤ ਤੇ ਸ੍ਰੀਲੰਕਾ ਵਿਚ ਅੰਧ-ਵਿਸ਼ਵਾਸਾਂ, ਰੂੜੀਵਾਦ ਅਤੇ ਪਾਖੰਡਵਾਦ ਦੇ ਖਿਲਾਫ ਤਰਕਸ਼ੀਲ ਲਹਿਰ ਸਥਾਪਤ ਕਰਨ ਵਾਲੇ ਕੌਮਾਂਤਰੀ ਪ੍ਰਸਿੱਧੀ ਵਾਲੇ ਮਨੋਚਿਕਤਸਕ ਅਤੇ ਤਰਕਸ਼ੀਲ ਚਿੰਤਕ ਡਾ. ਇਬਰਾਹਮ ਥਾਮਸ ਕਾਵੂਰ ਦਾ 118ਵਾਂ ਜਨਮ ਦਿਵਸ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸਥਾਨਕ ਇਕਾਈ ਵਲੋਂ ਸਥਾਨਕ ਵਿਰਸਾ ਵਿਹਾਰ ਵਿਖੇ ਮਨਾਇਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਇਕਾਈ ਦੇ ਜਥੇਬੰਦਕ ਮੁਖੀ ਸੁਮੀਤ ਸਿੰਘ ਨੇ ਕਿਹਾ ਕਿ 10 ਅਪਰੈਲ ਸੰਨ 1898 ਨੂੰ ਕੇਰਾਲ ਦੇ ਸ਼ਹਿਰ ਤਿਰੂਵਲਾ ਵਿਖੇ ਜਨਮੇ ਡਾ. ਕਾਵੂਰ ਦੁਨੀਆ ਦੇ ਪ੍ਰਸਿੱਧ ਮਨੋਚਿਕਤਸਕ ਅਤੇ ਵਿਗਆਨੀ ਸਨ, ਜਿਨ੍ਹਾਂ ਨੇ ਲਗਾਤਾਰ ਪੰਜਾਹ ਸਾਲ ਹਰ ਕਿਸਮ ਦੇ ਮਾਨਸਿਕ, ਅਰਧ ਮਾਨਸਿਕ ਵਿਕਾਰਾਂ ਅਤੇ ਅਖੌਤੀ ਚਮਤਕਾਰਾਂ ਦੀ ਪੂਰੀ ਡੂੰਘਾਈ ਨਾਲ ਖੋਜ ਕਰਕੇ ਵਿਗਿਆਨਕ ਤੱਥਾਂ ਨਾਲ ਇਹ ਸਿਧ ਕੀਤਾ ਕਿ ਦੁਨੀਆ ਤੇ ਵਾਪਰਨ ਵਾਲੇ ਗੈਰ ਵਿਗਿਆਨਕ ਵਰਤਾਰਿਆਂ ਪਿਛੇ ਕਿਸੇ ਦੈਵੀ ਸ਼ਕਤੀ ਦੀ ਕੋਈ ਹੋਂਦ ਨਹੀਂ ਹੁੰਦੀ ਅਤੇ ਜਿਹੜੇ ਅਜਿਹੀ ਕਿਸੇ ਕਥਿਤ ਦੈਵੀ ਸ਼ਕਤੀ ਦੇ ਧਾਰਨੀ ਹੋਣ ਦਾ ਦਾਅਵਾ ਕਰਦੇ ਹਨ, ਉਹ ਜਾਂ ਤਾਂ ਪਾਖੰਡੀ ਤੇ ਫਰੇਬੀ ਹਨ ਅਤੇ ਜਾਂ ਫਿਰ ਮਾਨਸਿਕ ਰੋਗੀ ਹਨ। ਉਨ੍ਹਾਂ ਕਿਹਾ ਕਿ ਡਾ. ਕਾਵੂਰ ਨੇ ਭੋਲੇਭਾਲੇ ਲੋਕਾਂ ਨੂੰ ਅਖੌਤੀ ਭੂਤਾਂ ਪ੍ਰੇਤਾਂ, ਜਾਦੂ ਟੂਣਿਆਂ, ਧਾਗੇ ਤਵੀਤਾਂ, ਜੋਤਿਸ਼, ਕਾਲੇ ਇਲਮ, ਪੁਨਰ ਜਨਮ, ਧਾਰਮਿਕ ਅਡੰਬਰਾਂ ਅਤੇ ਅਜਿਹੇ ਹੋਰ ਅੰਧ ਵਿਸ਼ਵਾਸਾਂ ਦੀ ਆੜ ਹੇਠ ਲੋਕਾਂ ਨੂੰ ਲੁਟਣ ਵਾਲੇ ਕਥਿਤ ਦੈਵੀ ਸ਼ਕਤੀ ਦੇ ਦਾਅਵੇਦਾਰਾਂ ਤੋਂ ਬਚਾਉਣ ਅਤੇ ਜਾਗਰੂਕ ਕਰਨ ਦੇ ਲਗਾਤਾਰ ਗੰਭੀਰ ਉਪਰਾਲੇ ਕੀਤੇ।
ਤਰਕਸ਼ੀਲ ਆਗੂ ਐਡਵੋਕੇਟ ਅਮਰਜੀਤ ਬਾਈ ਅਤੇ ਸੁਖਮੀਤ ਸਿੰਘ ਨੇ ਕਿਹਾ ਕਿ ਅਧਿਆਤਮਵਾਦ ਦੀ ਆੜ ਹੇਠ ਅੰਧ ਵਿਸ਼ਵਾਸ਼ ਫੈਲਾਉਣ ਵਾਲੇ ਪਾਖੰਡੀ ਬਾਬਿਆਂ, ਸਵਾਮੀਆਂ ਅਤੇ ਜੋਤਸ਼ੀਆਂ ਨੂੰ ਰਾਜਨੇਤਾਵਾਂ ਅਤੇ ਹਾਕਮ ਜਮਾਤਾਂ ਦੀ ਪੂਰੀ ਸਿਆਸੀ ਸਰਪ੍ਰਸਤੀ ਹਾਸਿਲ ਹੁੰਦੀ ਹੈ ਪਰ ਡਾ. ਕਾਵੂਰ ਨੇ ਹੁਕਮਰਾਨਾਂ ਅਤੇ ਪਾਖੰਡੀ ਬਾਬਿਆਂ ਦੀਆਂ ਧਮਕੀਆਂ ਦੀ ਪ੍ਰਵਾਹ ਕੀਤੇ ਬਗੈਰ ਇਨ੍ਹਾਂ ਦੇ ਅਖੌਤੀ ਚਮਤਕਾਰਾਂ ਅਤੇ ਪਾਖੰਡਾਂ ਦਾ ਜਨਤਕ ਪੱਧਰ ਤੇ ਪਰਦਾਫਾਸ਼ ਕਰਨ ਦੀ ਤਰਕਸ਼ੀਲ ਮੁਹਿੰਮ ਆਪਣੇ ਆਖਰੀ ਸਮੇਂ ਤਕ ਜਾਰੀ ਰੱਖੀ। ਉਨ੍ਹਾਂ ਕਿਹਾ ਕਿ ਡਾ. ਕਾਵੂਰ ਨੇ ਅਜਿਹੇ ਪਾਖੰਡੀਆਂ ਦੇ ਝੂਠੇ ਦਾਅਵਿਆਂ ਦਾ ਵਿਗਿਆਨਕ ਢੰਗ ਨਾਲ ਪਰਦਾਫਾਸ਼ ਕਰਨ ਲਈ ਹੀ ਇਕ 23 ਸ਼ਰਤਾਂ ਵਾਲੀ ਚੁਣੌਤੀ ਪੇਸ਼ ਕੀਤੀ, ਜਿਸ ਨੂੰ ਕੋਈ ਵੀ ਦੇਵਪੁਰਸ਼ ਅਤੇ ਸਾਧ ਸਿਆਣਾ ਅੱਜ ਤਕ ਸਵੀਕਾਰ ਕਰਨ ਦੀ ਜੁਅੱਰਤ ਨਹੀਂ ਕਰ ਸਕਿਆ।
ਇਸ ਮੌਕੇ ਅਮਰਜੀਤ ਕੋਹਾਲੀ ਅਤੇ ਕਾਮਰੇਡ ਅਜੀਤ ਸਿੰਘ ਨੇ ਕਿਹਾ ਕਿ ਅੰਧ ਵਿਸ਼ਵਾਸ਼ਾਂ, ਵਹਿਮਾਂ ਭਰਮਾਂ ਅਤੇ ਅਖੌਤੀ ਚਮਤਕਾਰਾਂ ਵਿਰੁੱਧ ਲੜਾਈ ਨੂੰ ਜਿੱਤਣ ਲਈ ਉਨ੍ਹਾਂ ਲੋਕ ਵਿਰੋਧੀ ਅਤੇ ਭ੍ਰਿਸ਼ਟ ਆਰਥਿਕ, ਸਮਾਜਕ ਅਤੇ ਸਿਆਸੀ ਹਾਲਾਤਾਂ ਅਤੇ ਰਾਜ ਪ੍ਰਬੰਧ ਨੂੰ ਖਤਮ ਕਰਨ ਦੀ ਲੋੜ ਹੈ, ਜੋ ਅਜਿਹੇ ਅੰਧ ਵਿਸ਼ਵਾਸੀ ਮਾਹੌਲ ਨੂੰ ਜਨਮ ਦਿੰਦੇ ਹਨ।
ਇਸ ਮੌਕੇ ਇਕ ਮਤੇ ਰਾਹੀਂ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਪੰਜਾਬ ਵਿਚ ਅੰਧ ਵਿਸ਼ਵਾਸ਼ ਵਿਰੋਧੀ ਕਾਨੂੰਨ ਲਾਗੂ ਕੀਤਾ ਜਾਵੇ ਅਤੇ ਸਮੁੱਚੇ ਪ੍ਰਿੰਟ ਤੇ ਬਿਜਲਈ ਮੀਡੀਏ ਵਲੋਂ ਕੀਤੀ ਜਾ ਰਹੀ ਅੰਧ ਵਿਸ਼ਵਾਸ਼ੀ ਅਤੇ ਝੂਠੀ ਇਸ਼ਤਿਹਾਰਬਾਜੀ ਉਤੇ ਤੁਰੰਤ ਪਾਬੰਦੀ ਲਾਈ ਜਾਵੇ। ਇਸ ਮੌਕੇ ਤਰਕਸ਼ੀਲ ਮੈਂਬਰ ਬਲਦੇਵ ਰਾਜ ਵੇਰਕਾ, ਰਾਜ ਕੁਮਾਰ ਵੇਰਕਾ, ਵਰਿੰਦਰ ਕੌਰ, ਬਲਦੇਵ ਸਿੰਘ, ਨਾਗਰ ਮੱਲ, ਜਸਪਾਲ ਬਾਸਰਕਾ, ਬੀਐਮ ਸਿੰਘ, ਸ਼ਮਸ਼ੇਰ ਹੇਰ, ਗੁਰਜਿੰਦਰ ਮਾਹਲ, ਹੇਮੰਤ ਕੁਮਾਰ ਅਤੇ ਯਸ਼ਪਾਲ ਝਬਾਲ ਆਦਿ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply