ਅੰਮ੍ਰਿਤਸਰ, 29 ਅਪ੍ਰੈਲ (ਗੁਰਪ੍ਰੀਤ ਸਿੰਘ)- ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਾਕੀ ਅਕੈਡਮੀ ਨੂੰ ਹਾਕੀ ਇੰਡੀਆ ਵੱਲੋਂ ਮਾਨਤਾ ਮਿਲਣ ਨਾਲ ਹੁਣ ਸਾਡੀ ਟੀਮ ਇਸ ਨਾਮੀ ਸੰਸਥਾ ਦੇ ਝੰਡੇ ਹੇਠ ਮੁਕਾਬਲਿਆਂ ਵਿੱਚ ਹਿੱਸਾ ਲਵੇਗੀ।ਇਸ ਨਾਲ ਖਿਡਾਰੀਆਂ ਦੇ ਹੌਂਸਲੇ ਬੁਲੰਦ ਹੋਏ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੋ੍ਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਕਰਦਿਆ ਕਿਹਾ ਕਿ ਹਾਕੀ ਇੰਡੀਆ ਵੱਲੋਂ ਇਸ ਸਾਲ ਪੰਜਾਬ ਅਤੇ ਚੰਡੀਗੜ੍ਹ ਵਿਚੋਂ ਹਾਕੀ ਦੀਆਂ ਦੋ ਅਕੈਡਮੀਆ ਨੂੰ ਅਪਣਾਇਆ ਗਿਆ ਹੈ ਜਿਨ੍ਹਾਂ ਵਿੱਚ ਪੰਜਾਬ ਵਿੱਚੋਂ ਇਕੱਲੀ ਸ਼ੋ੍ਰਮਣੀ ਕਮੇਟੀ ਦੀ ਹਾਕੀ ਅਕੈਡਮੀ ਅਤੇ ਚੰਡੀਗੜ੍ਹ ਵਿੱਚ ਸਪੋਰਟਸ ਅਥਾਰਟੀ ਆਫ ਇੰਡੀਆ ਦੀ ਅਕੈਡਮੀ ਸ਼ਾਮਲ ਹੈ।ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਵੱਲੋਂ ਹਾਕੀ ਅਕੈਡਮੀਆਂ ਦੀ ਦੇਖ-ਰੇਖ ਲਈ ਬਣਾਏ ਗਏ ਡਾਇਰੈਕਟਰ ਸ. ਬਲਵਿੰਦਰ ਸਿੰਘ ਦੀ ਅਣਥੱਕ ਮਿਹਨਤ ਸਦਕਾ ਸਿਰਫ ਤਿੰਨ ਸਾਲ ਦੇ ਸਮੇਂ ਵਿੱਚ ਹੀ ਸਾਡੀ ਟੀਮ ਨੇ ਬੁਲੰਦੀਆਂ ਨੂੰ ਛੂਹ ਲਿਆ ਹੈ।ਉਨ੍ਹਾਂ ਕਿਹਾ ਕਿ ਓਲੰਪੀਅਨ ਸ. ਹਰਚਰਨ ਸਿੰਘ ਰਿਟਾਇਰਡ ਬ੍ਰਿਗੇਡੀਅਰ, ਸ. ਸੁਰਿੰਦਰ ਸਿੰਘ ਸੋਢੀ ਤੇ ਸ. ਰਾਜਪਾਲ ਸਿੰਘ ਤਿੰਨੇ ਅਰਜਨ ਐਵਾਰਡੀ ਜੇਤੂਆਂ ਨੇ ਸਾਡੇ ਕੋਚਾਂ ਸ. ਹਰਬੰਸ ਸਿੰਘ, ਸ. ਬਲਦੇਵ ਸਿੰਘ ਫਰੀਦਕੋਟ, ਸ. ਭੁਪਿੰਦਰ ਸਿੰਘ ਤੇ ਸ. ਪ੍ਰਕਾਸ਼ ਸਿੰਘ ਫਤਹਿਗੜ੍ਹ ਸਾਹਿਬ, ਸ. ਪ੍ਰੇਮ ਸਿੰਘ ਤੇ ਸ. ਅਵਤਾਰ ਸਿੰਘ ਬਾਬਾ ਬਕਾਲਾ ਨੂੰ ਦਿਸ਼ਾ-ਨਿਰਦੇਸ਼ ਦੇ ਕੇ ਖਿਡਾਰੀਆਂ ਦੀ ਪ੍ਰਤਿਭਾ ਵਿੱਚ ਵੱਡੇ ਪੱਧਰ ਤੇ ਵਾਧਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਕਮੇਟੀ ਨੇ ਵਿਸ਼ੇਸ਼ ਕਰਕੇ ਹਾਕੀ ਨਿਰਦੇਸ਼ਕਾਂ, ਕੋਚਾਂ ਤੇ ਡਾਇਰੈਕਟਰ ਖੇਡਾਂ ਨੂੰ ਵਧਾਈ ਦਿੱਤੀ ਹੈ ਤੇ ਖਿਡਾਰੀਆਂ ਨੂੰ ਸਾਬਾਸ਼ੀ ਦਿੰਦਿਆਂ ਹੋਰ ਮਿਹਨਤ ਕਰਨ ਲਈ ਪ੍ਰੇਰਿਆ ਹੈ।ਸ਼ੋ੍ਰਮਣੀ ਕਮੇਟੀ ਦੀ ਹਾਕੀ ਟੀਮ ਦੀਆਂ ਪ੍ਰਾਪਤੀਆਂ ਬਾਰੇ ਉਨ੍ਹਾਂ ਦੱਸਿਆ ਕਿ ਸ਼ੋ੍ਰਮਣੀ ਕਮੇਟੀ ਦੀ ਅੰਡਰ-17 ਹਾਕੀ ਟੀਮ ਨਹਿਰੂ ਹਾਕੀ ਕੱਪ ਮੁਕਾਬਲਿਆਂ ਵਿੱਚ ਦੋ ਵਾਰ ਸੁਪਰ 8 ਗੇੜ ਖੇਡ ਚੁੱਕੀ ਹੈ, ਜਦੋਂ ਕਿ ਅੰਡਰ 15 ਟੀਮ ਨੇ ਗਿਆਨ ਸਿੰਘ ਨਹਿਰੂ ਟੈਸਟ ਲੜੀ ਤੇ ਕਬਜ਼ਾ ਕੀਤਾ ਹੈ।ਉਨ੍ਹਾਂ ਕਿਹਾ ਕਿ ਪਿਛਲੇ ਸਾਲ ਸ਼ੋ੍ਰਮਣੀ ਕਮੇਟੀ ਹਾਕੀ ਅਕੈਡਮੀ ਦੇ 16 ਖਿਡਾਰੀ ਕੌਮੀ ਪੱਧਰ ਦੇ ਮੁਕਾਬਲਿਆਂ ਵਿੱਚ ਹਿੱਸਾ ਲੈ ਚੁੱਕੇ ਹਨ।ਉਨ੍ਹਾਂ ਕਿਹਾ ਕਿ ਮਈ 2013 ਵਿੱਚ ਫਤਹਿਗੜ੍ਹ ਸਾਹਿਬ, ਫਰੀਦਕੋਟ ਤੇ ਅੰਮ੍ਰਿਤਸਰ ਵਿੱਚ ਸਥਾਪਿਤ ਕੀਤੀਆਂ ਗਈਆਂ ਤਿੰਨ ਹਾਕੀ ਅਕੈਡਮੀਆਂ ਵਿੱਚ ਲਗਭਗ 90 ਖਿਡਾਰੀ ਸ਼ੋ੍ਰਮਣੀ ਕਮੇਟੀ ਦੇ ਖਰਚੇ ‘ਤੇ ਹਾਕੀ ਦੀ ਸਿਖਲਾਈ ਹਾਸਲ ਕਰਨ ਦੇ ਨਾਲ-ਨਾਲ ਵਿਦਿਆ ਪ੍ਰਾਪਤ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਫਿਲਹਾਲ ਇਨ੍ਹਾਂ ਖਿਡਾਰੀਆਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਸਟਰੋਟਰਫ ਵਾਲੇ ਅਤੇ ਜਲੰਧਰ ਸਥਿਤ ਪੀ ਏ ਪੀ ਦੇ ਮੈਦਾਨ ਵਿਖੇ ਸਿਖਲਾਈ ਦਿੱਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਗਰਮੀਆਂ ਵਿੱਚ ਇਨ੍ਹਾਂ ਲਈ ਹਿਮਾਚਲ ਵਿੱਚ ਅਭਿਆਸ ਕੈਂਪ ਲਾਇਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਖਿਡਾਰੀਆਂ ਨੂੰ ਅੰਮ੍ਰਿਤਸਰ ਵਿੱਚ ਸ਼ੋ੍ਰਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲਦੇ ਸ੍ਰੀ ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਵਿੱਚ ਦਾਖਲਾ ਦਿੱਤਾ ਗਿਆ ਹੈ ਜਿਥੇ ਇਨ੍ਹਾਂ ਦੇ ਰਹਿਣ-ਸਹਿਣ ਦਾ ਪ੍ਰਬੰਧ ਵੀ ਸ਼ੋ੍ਰਮਣੀ ਕਮੇਟੀ ਦਾ ਹੈ।ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਫਰੀਦਕੋਟ ਅਤੇ ਫਤਹਿਗੜ੍ਹ ਸਾਹਿਬ ਵਿੱਚ ਵੀ ਇਨ੍ਹਾਂ ਖਿਡਾਰੀਆਂ ਦੀ ਪੜਾਈ ਲਈ ਸਕੂਲ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।ਉਨ੍ਹਾਂ ਆਸ ਪ੍ਰਗਟਾਈ ਕਿ ਇਨ੍ਹਾਂ ਨਾਮਵਰ ਕੋਚਾਂ ਦੀ ਅਗਵਾਈ ਵਿੱਚ ਇਹ ਹਾਕੀ ਟੀਮਾਂ ਆਉਂਦੇ ਦਿਨਾਂ ਵਿੱਚ ਅੰਬਰਾਂ ਨੂੰ ਛੂਹਣਗੀਆਂ।ਉਨ੍ਹਾਂ ਨੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਕਮੇਟੀ ਤੇ ਬਾਕੀ ਅਹੁਦੇਦਾਰਾਂ ਨੂੰ ਵੀ ਇਸ ਅਵਸਰ ‘ਤੇ ਵਧਾਈ ਦਿੱਤੀ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media