Monday, April 27, 2026

ਸ਼ਹਿਰ ਦੇ ਵਾਤਾਵਰਨ ਨੂੰ ਸਾਫ ਤੇ ਸ਼ੁੱਧ ਰੱਖਣ ਲਈ ਬਣੇਗੀ ਢੁਕਵੀਂ ਯੋਜਨਾ – ਵਰੁਣ ਰੂਜਮ

ਸਮਾਜ ਸੇਵੀ ਸੰਸਥਾਵਾਂ ਦੀ ਡਿਪਟੀ ਕਮਿਸ਼ਨਰ ਨਾਲ ਮੀਟਿੰਗ

PPN1005201616ਅੰਮ੍ਰਿਤਸਰ, 10 ਮਈ (ਜਗਦੀਪ ਸਿੰਘ ਸੱਗੂ)- ਸ਼ਹਿਰ ਦੇ ਵਾਤਾਵਰਨ ਨੂੰ ਸਾਫ ਅਤੇ ਸ਼ੁੱਧ ਰੱਖਣ ਲਈ ਜਲਦ ਹੀ ਇਕ ਢੁਕਵੀਂ ਯੋਜਨਾ ਤਿਆਰ ਕਰਕੇ ਉਸ ਉੱਤੇ ਕੰਮ ਸ਼ੁਰੂ ਕੀਤਾ ਜਾਵੇਗਾ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਨੇ ਅੱਜ ਜ਼ਿਲ੍ਹਾ ਪ੍ਰੀਸ਼ਦ ਮੀਟਿੰਗ ਹਾਲ ਵਿਖੇ ਸ਼ਹਿਰ ਦੀਆਂ ਵਾਤਾਵਰਣ ਨਾਲ ਜੁੜੀਆਂ ਸਮਾਜ ਸੇਵੀ ਸੰਸਥਾਵਾਂ ਦੇ ਅਹੁਦੇਦਾਰਾਂ ਅਤੇ ਪ੍ਰਤੀਨਿਧਾਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਸ਼ਹਿਰ ਨੂੰ ਵਾਤਾਵਰਣ, ਪਾਣੀ ਅਤੇ ਹੋਰਨਾਂ ਪਹਿਲੂਆਂ ਸਬੰਧੀ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਖੁੱਲ੍ਹ ਕੇ ਵਿਚਾਰ-ਵਟਾਂਦਰਾ ਹੋਇਆ।
ਇਸ ਮੌਕੇ ਦੀਪਕ ਬੱਬਰ, ਇੰਦੂ ਅਰੋੜਾ, ਸਵਰਾਜ ਗਰੋਵਰ, ਪ੍ਰਭਜੀਤ ਸਿੰਘ, ਬ੍ਰਿਜ ਮੋਹਨਸ਼ਰਮਾ, ਪ੍ਰਕਾਸ਼ ਸਿੰਘ ਭੱਟੀ, ਰਣਦੀਪ ਸਿੰਘ ਕੋਹਲੀ, ਦੇਸ਼ਬੰਧੂ ਜੀ ਧੀਮਾਨ ਆਦਿ ਨੇ ਹਰਿਆਵਲ, ਪਾਣੀ ਬਚਾਉਣ, ਕੂੜੇ ਦੀ ਸਮੱਸਿਆ, ਵੇਸਟ ਮੈਨੇਜਮੈਂਟ, ਐਸ. ਐਨ. ਆਰ. ਐਮ, ਨਾੜ ਨੂੰ ਅੱਗ, ਪੋਲੀਥੀਨ ਲਿਫਾਫਿਆਂ ਸਮੇਤ ਹੋਰ ਬਹੁਤ ਸਾਰੇ ਮੁੱਦੇ ਉਠਾਏ। ਇਸ ਮੌਕੇ ਇਹ ਵੀ ਦੱਸਿਆ ਗਿਆ ਕਿ ਅੰਮ੍ਰਿਤਸਰ ਵਿਚ ਹਰਿਆਵਲ ਵਾਲਾ ਖੇਤਰ ਕੇਵਲ 0.27 ਫੀਸਦੀ ਹੈ, ਜੋ ਕਿ ਬਹੁਤ ਹੀ ਘੱਟ ਹੈ।
ਡਿਪਟੀ ਕਮਿਸ਼ਨਰ ਸ੍ਰੀ ਰੂਜਮ ਨੇ ਸ਼ਹਿਰ ਦੇ ਵਾਤਾਵਰਣ ਨੂੰ ਸਾਫ ਅਤੇ ਸ਼ੁੱਧ ਰੱਖਣ ਬਾਰੇ ਮਿਲੇ ਸੁਝਾਵਾਂ ਨੂੰ ਗੌਰ ਨਾਲ ਸੁਣਿਆ ਅਤੇ ਕਿਹਾ ਕਿ ਜਲਦ ਹੀ ਇਸ ਸਬੰਧੀ ਇਕ ਵਿਸਥਾਰਤ ਯੋਜਨਾ ਬਣਾ ਕੇ ਉਸ ‘ਤੇ ਕਾਰਵਾਈ ਆਰੰਭੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਨਸੂਨ ਤੋਂ ਪਹਿਲਾਂ-ਪਹਿਲਾਂ ਇਸ ਸਬੰਧੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਵੱਧ ਤੋਂ ਵੱਧ ਰੁੱਖ ਲਗਾਏ ਜਾਣਗੇ ਅਤੇ ਇਨ੍ਹਾਂ ਦੀ ਸਾਂਭ-ਸੰਭਾਲ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਹਰੇਕ ਮਹੀਨੇ ਮੀਟਿੰਗ ਕੀਤੀ ਜਾਵੇਗੀ ਅਤੇ ਮਿਲੇ ਸੁਝਾਵਾਂ ‘ਤੇ ਅਮਲ ਕੀਤਾ ਜਾਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ. ਤਜਿੰਦਰ ਪਾਲ ਸਿੰਘ ਸੰਧੂ, ਮੁੱਖ ਖੇਤੀਬਾੜੀ ਅਫ਼ਸਰ ਡਾ ਬਲਵਿੰਦਰ ਸਿੰਘ, ਸਕੱਤਰ ਰੈੱਡ ਕਰਾਸ ਮੈਡਮ ਵਿਨੇ ਸ਼ਰਮਾ ਤੋਂ ਇਲਾਵਾ ਮਿਸ਼ਨ ਆਗਾਜ਼, ਵਾਇਸ ਆਫ ਅੰਮ੍ਰਿਤਸਰ, ਜਨ ਕਲਿਆਣ ਸੰਗਠਨ, ਬਰਕਤ ਵੈਲਫੇਅਰ ਸੁਸਾਇਟੀ, ਕਿਰਨ ਸੁਸਾਇਟੀ, ਭਾਰਤ ਵਿਕਾਸ ਪ੍ਰੀਸ਼ਦ, ਵਾਈ ਜੀ ਪੀ ਟੀ, ਈਕੋ ਸਿੱਖ, ਪਲਿਊਸ਼ਨ ਕੰਟਰੋਲ ਸੁਸਾਇਟੀ, ਆਰੀਆ ਸਮਾਜ ਮਾਡਲ ਟਾਊਨ, ਆਰੀਆ ਸਕੂਲ ਆਦਿ ਸੰਸਥਾਵਾਂ ਦੇ ਆਗੂ ਅਤੇ ਪ੍ਰਤੀਨਿਧ ਹਾਜ਼ਰ ਸਨ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …

Leave a Reply