Thursday, April 30, 2026

ਗੁਰਸਿੱਖ ਪਰਿਵਾਰਾਂ ਦੀਆਂ ਬੱਚੀਆਂ ਦੀ ਸਿਖਿਆ ਲਈ ਵੀ ਅੱਗੇ ਆਇਆ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ

PPN1205201607

ਅੰਮ੍ਰਿਤਸਰ, 9 ਮਈ (ਪੰਜਾਬ ਪੋਸਟ ਬਿਊਰੋ) – ਸਥਾਨਕ ਸੁਲਤਾਨਵਿੰਡ ਪਿੰਡ ਦੀ ਪੱਤੀ ਬਹਿਣੀਵਾਲ ਸਥਿਤ ਜੁਝਾਰੂ ਸਿੰਘਾਂ ਦੇ ਪ੍ਰੀਵਾਰਕ ਜੀਆਂ ਤੇ ਬੱਚਿਆਂ ਦੀ ਦੇਖਭਾਲ ਲਈ ਯਤਨਸ਼ੀਲ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਗੁਰਸਿੱਖ ਪ੍ਰੀਵਾਰਾਂ ਦੀਆਂ ਅਜਿਹੀਆਂ ਬੱਚੀਆਂ ਦੀ ਸਿਖਿਆ ਤੇ ਰਹਿਣ ਸਹਿਣ ਲਈ ਵੀ ਅੱਗੇ ਆਇਆ ਹੈ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੀ ਚੇਅਰਪਰਸਨ ਬੀਬੀ ਸੰਦੀਪ ਕੌਰ ਨੇ ਦੱਸਿਆ ਕਿ ਟਰੱਸਟ ਪਾਸ ਸ਼ਹੀਦ ਪ੍ਰੀਵਾਰਾਂ ਨਾਲ ਸਬੰਧਤ ਤਾਂ 25-30 ਬੱਚੇ ਹੀ ਹਨ, ਜੋ ਉਚ ਵਿਦਿਅਕ ਅਦਾਰਿਆਂ ਵਿੱਚ ਵਕਾਲਤ, ਚਾਰਟਰਡ ਅਕਾਊਟੈਂਟ, ਸਟਾਫ ਨਰਸ, ਐਮ.ਬੀ.ਏ ਤੇ ਐਮ.ਬੀ.ਬੀ.ਐਸ ਵਰਗੇ ਵੱਕਾਰੀ ਵਿਸ਼ਿਆਂ ਦੀ ਪੜਾਈ ਕਰ ਰਹੇ ਹਨ।ਲੇਕਿਨ ਪਿਛਲੇ ਇੱਕ ਸਾਲ ਤੋਂ ਬਹੁਤ ਜਿਆਦਾ ਅਜਿਹੇ ਗੁਰਸਿੱਖ ਗਰੀਬ ਪ੍ਰੀਵਾਰਾਂ ਦੇ ਬੱਚਿਆਂ ਨੇ ਟਰੱਸਟ ਪਾਸ ਪਹੁੰਚ ਕੀਤੀ ਜਿੰਨਾਂ ਦੀਆਂ ਬੱਚੀਆਂ ਦੇ ਸਿਰ ‘ਤੇ ਬਾਪ ਦਾ ਸਾਇਆ ਨਹੀ ਹੈ ਅਤੇ ਕੁੱਝ ਬੱਚੀਆਂ ਨੂੰ ਦਾਦਾ ਦਾਦੀ ਪਾਲ ਰਹੇ ਹਨ।ਗੁਰਸਿੱਖ ਪ੍ਰੀਵਾਰਾਂ ਦੀਆਂ ਅਜਿਹੀਆਂ ਬੱਚੀਆਂ ਦੀ ਸਿਖਿਆ ਤੇ ਰਹਿਣ ਸਹਿਣ ਲਈ ਵੀ ਅੱਗੇ ਆਇਆ ਹੈ।
ਬੀਬੀ ਸੰਦੀਪ ਕੌਰ ਨੇ ਕਿਹਾ ਕਿ ਸਮਾਜ ਭਰੂਣ ਹੱਤਿਆ ਰੋਕਣ ਦੀ ਗੱਲ ਤਾਂ ਕਰ ਰਿਹਾ ਹੈ, ਲੇਕਿਨ ਜਿਹੜੀਆਂ ਨਵ ਜਨਮੀਆਂ ਲਾਵਾਰਿਸ ਬੱਚੀਆਂ ਰੈੱਡ ਕਰਾਸ ਵਲੋਂ ਜਿਲ੍ਹਾ ਪੱਧਰ ‘ਤੇ ਸਥਾਪਿਤ ਪੰਘੂੜਿਆਂ ਤੇ ਸਮਾਜ ਸੇਵੀ ਸੰਸਥਾਵਾਂ ਪਾਸ ਪੁੱਜ ਰਹੀਆਂ ਹਨ ਉਨਾਂ ਦੇ ਪਾਲਣ ਪੋਸ਼ਣ, ਸਿਹਤ, ਸਿਖਿਆ ਤੇ ਅਜੋਕੇ ਮਾਹੌਲ ਵਿੱਚ ਸੁਰੱਖਿਆ ਅਹਿਮ ਮਸਲੇ ਹਨ ਜਿਨ੍ਹਾਂ ਪ੍ਰਤੀ ਆਪਣੇ ਯੋਗਦਾਨ ਤੇ ਜਿੰਮੇਵਾਰੀ ਪ੍ਰਤੀ ਸਮਾਜ ਉਦਾਸੀਨ ਦਿਖਦਾ ਹੈੈ?ਇਹੀ ਕਾਰਣ ਹੈ ਕਈ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਮਾਲੀ ਤੰਗੀ ਤੁਰਸ਼ੀ ਕਾਰਣ ਸਿਖਿਆ ਦੇ ਹੱਕ ਤੋਂ ਵਿਰਵੀਆਂ ਰਹਿ ਜਾਂਦੀਆਂ ਹਨ।
ਉਨ੍ਹਾਂ ਦੱਸਿਆ ਕਿ ਇਸ ਵਿਦਿਅਕ ਸ਼ੈਸ਼ਨ ਵਿੱਚ ਟਰੱਸਟ ਪਾਸ 53 ਅਜਿਹੀਆਂ ਬੱਚੀਆਂ ਪੁੱਜੀਆਂ ਹਨ, ਜਿਨ੍ਹਾਂ ਵਿੱਚ ਨਰਸਰੀ ਤੋਂ ਲੈ ਕੇ 6ਵੀਂ-7ਵੀਂ ਤੇ ਕੁੱਝ ਬੱਚੀਆਂ 10+2 ਤੋਂ ਬਾਅਦ ਉਚੇਰੀ ਸਿਖਿਆ ਲਈ ਲੈ ਰਹੀਆਂ ਹਨ।ਬੀਬੀ ਸੰਦੀਪ ਕੌਰ ਨੇ ਦੱਸਿਆ ਕਿ ਇੱਕ ਛੋਟੇ ਬੱਚੇ ਦੇ ਦਾਖਲੇ, ਕਾਪੀਆਂ ਕਿਤਾਬਾਂ ਅਤੇ ਵਰਦੀਆਂ ਲਈ ਅੰਦਾਜ਼ਨ 22-23 ਹਜਾਰ ਰੁਪਏ ਖਰਚ ਆ ਰਿਹਾ ਹੈ।ਬੱਚਿਆਂ ਦੀ ਔਸਤਨ ਪ੍ਰਤੀ ਮਹੀਨਾ ਸਕੂਲ ਫੀਸ ਹੀ ਇੱਕ ਲੱਖ ਰੁਪਏ ਦੇ ਕਰੀਬ ਪੁੱਜ ਜਾਂਦੀ ਹੈ, ਜਦਕਿ ਰਹਿਣ ਸਹਿਤ ਦਾ ਖਰਚਾ ਇਸ ਤੋਂ ਅਲੱਗ ਹੈ।ਉਨਾਂ ਕਿਹਾ ਕਿ ਦੇਸ਼ ਵਿਦੇਸ਼ ਵਿੱਚਲੇ ਸਿੱਖੀ ਦਾ ਦਰਦ ਪਾਲਣ ਵਾਲੇ ਸਿੱਖ ਵੀਰ ਤੇ ਸੰਸਥਾਵਾਂ ਟਰੱਸਟ ਦੀ ਇਸ ਕਾਰਜ਼ ਵਿੱਚ ਮਾਲੀ ਮਦਦ ਕਰ ਰਹੇ ਹਨ ।ਬੀਬੀ ਸੰਦੀਪ ਕੌਰ ਨੇ ਦੱਸਿਆ ਕਿ ਆਉਣ ਵਾਲੇ ਦਿਨ੍ਹਾਂ ਵਿੱਚ ਕੁੱਝ ਹੋਰ ਬੱਚੀਆਂ ਆ ਸਕਦੀਆਂ ਹਨ।ਉਨਾਂ ਕਿਹਾ ਕਿ ਭਰੂਣ ਹੱਤਿਆਵਾਂ ਰੋਕਣ ਦੀ ਗੱਲ ਕਰਨ ਵਾਲੀਆਂ ਸਮਾਜ ਸੇਵੀ ਸੰਸਥਾਵਾਂ ਤੇ ਸਰਕਾਰਾਂ ਨੂੰ ਲਾਵਾਰਿਸ ਅਤੇ ਗਰੀਬ ਤੇ ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਪ੍ਰਤੀ ਆਪਣੀਆਂ ਜਿੰਮੇਵਾਰੀਆਂ ਜਰੂਰ ਸਮਝਣੀਆਂ ਚਾਹੀਦੀਆਂ ਹਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply