
ਸਾਡੇ ਲਈ ਤਾਂ ਡਾ: ਓਬਰਾਏ ਹੀ ਰੱਬ ਬਣ ਬਹੁੜੇ -ਪ੍ਰਭਾਵਿਤ ਨੌਜਵਾਨ
ਅੰਮ੍ਰਿਤਸਰ, 19 ਮਈ (ਜਗਦੀਪ ਸਿੰਘ ਸੱਗੂ)- ਕਤਲ ਦੇ ਇੱਕ ਮੁਕੱਦਮੇ ‘ਚ ਖਾੜੀ ਦੇ ਮੁਲਕ ਆਬੂਧਾਬੀ ਦੀ ਜੇਲ੍ਹ ‘ਚ ਫਾਂਸੀ ਦੇ ਤਖ਼ਤੇ ਨੇੜੇ ਪੁੱਜ ਚੁੱਕੇ 11 ਪੰਜਾਬੀ ਨੌਜਵਾਨ, ਨਾਮਵਰ ਸਮਾਜ ਸੇਵੀ, ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਮੁੱਖੀ ਡਾ: ਐਸ.ਪੀ .ਸਿੰਘ ਓਬਰਾਏ ਵੱਲੋਂ ਦੇ ਨਿੱਜੀ ਯਤਨਾਂ ਅਤੇ ਖਰਚ ਦੀ ਬਦੌਲਤ ਜਿਊਂਦੇ ਜਾਗਦੇ ਮੁੜ ਆਪਣੇ ਘਰਾਂ ‘ਚ ਪਹੁੰਚ ਗਏ ਹਨ।
ਇਸ ਸਬੰਧੀ ਅੱਜ ਇੱਥੇ ਖਚਾਖਚ ਭਰੀ ਪ੍ਰੈਸ ਕਾਨਫਰੰਸ ਦੌਰਾਨ ਇਹਨਾਂ ਖੁਸ਼ਕਿਸਮਤ ਨੌਜਵਾਨਾਂ ਵਿੱਚੋਂ ਕੁੱਝ ਇੱਕ ਦੀ ਮੌਜੂਦਗੀ ‘ਚ ਡਾ: ਐਸ. ਪੀ. ਓਬਰਾਏ ਨੇ ਦੱਸਿਆ ਕਿ ਇਹ ਨੌਜਵਾਨ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਕਤਲ ਦੇ ਇੱਕ ਸ਼ੱਕੀ ਮੁਕੱਦਮੇ ‘ਚ ਆਬੂਧਾਬੀ ਦੀ ਜੇਲ੍ਹ ‘ਚ ਬੰਦ ਸਨ ਅਤੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਐਲਾਨੀ ਜਾ ਚੁੱਕੀ ਸੀ। ਡਾ: ਓਬਰਾਏ ਨੇ ਕਿਹਾ ਕਿ ਦੁੱਖੀ ਪਰਿਵਾਰਾਂ ਵੱਲੋਂ ਬੜੀ ਖੱਜਲਖੁਆਰੀ ਉਪਰੰਤ ਜਦੋਂ ਉਹਨਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਇਹਨਾਂ ਨੌਜਵਾਨਾਂ ਨੂੰ ਬਚਾਉਣ ਅਤੇ ਸਹੀ ਸਲਾਮਤ ਘਰ ਭੇਜਣ ਵਾਸਤੇ ਆਬੂਧਾਬੀ ਦੇ ਸ਼ਰੀਅਤ ਕਾਨੂੰਨ ਮੁਤਾਬਿਕ ਮਕਤੂਲ ਦੇ ਪਰਿਵਾਰ ਨੂੰ ‘ਬਲੱਡ ਮਨੀ’ ਵਜੋਂ ਵੱਡੀ ਰਕਮ ਦੇਣ ਦੀ ਕਵਾਇਦ ਆਰੰਭੀ। ਇਸ ਕਾਰਵਾਈ ਦੋਰਾਨ ਪ੍ਰਭਾਵਿਤ ਨੌਜਵਾਨਾਂ ਦੇ ਪਰਿਵਾਰਾਂ ਨੇ ਵੀ ਲੋੜੀਂਦੀ ਰਕਮ ਦਾ ਕੁੱਝ ਹਿੱਸਾ ਇਕੱਠਾ ਕੀਤਾ। ਡਾ: ਓਬਰਾਏ ਅਨੁਸਾਰ ਮ੍ਰਿਤਕ ਪਾਕਿਸਤਾਨੀ ਨੌਜਵਾਨ ਦੇ ਪਰਿਵਾਰ ਵੱਲੋਂ ਪਾਕਸਿਤਾਨ ਤੋਂ ਉਚੇਚੇ ਤੌਰ ‘ਤੇ ਪਹੁੰਚੀ ਉਸਦੀ ਦਾਦੀ ਨੂੰ ਬਲੱਡ ਮਨੀ ਦੇ ਕੇ ਇਹਨਾਂ ਨੌਜਵਾਨਾਂ ਨੂੰ ਜੇਲ੍ਹ ‘ਚੋਂ ਰਿਹਾਅ ਕਰਵਾਉਣ ਅਤੇ ਵਤਨ ਪਰਤਣ ਦੀ ਪ੍ਰਕਿਰਿਆ ਦੌਰਾਨ ਆਬੂਧਾਬੀ ਸਥਿਤ ਭਾਰਤੀ ਦੂਤਘਰ ਦਾ ਵੀ ਮੁਕੰਮਲ ਸਹਿਯੋਗ ਰਿਹਾ। ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਡਾ: ਓਬਰਾਏ ਨੇ ਦੱਸਿਆ ਕਿ ਹੁਣ ਤੱਕ 51 ਪੰਜਾਬੀਆਂ ਸਮੇਤ ਕੁੱਲ 74 ਵਿਅਕਤੀਆਂ ਨੂੰ ਮੌਤ ਦੇ ਮੂੰਹੋਂ ਬਚਾਅ ਕੇ ਉਹਨਾਂ ਦੇ ਪਰਿਵਾਰਾਂ ਕੋਲ ਪਹੁੰਚਾਇਆ ਜਾ ਚੁੱਕਾ ਹੈ। ਇਹਨਾਂ ਵਿੱਚ 11 ਪਾਕਿਸਤਾਨੀ, 5 ਬੰਗਲਾਦੇਸ਼ੀ ਤੇ ਇੱਕ ਫ਼ਿਲਪੀਨੋ ਲੜਕੀ ਵੀ ਸ਼ਾਮਿਲ ਹੈ।
ਡਾ: ਓਬਰਾਏ ਨੇ ਦੱਸਿਆ ਕਿ ਉਹਨਾਂ ਵੱਲੋਂ ਹੱਥ ‘ਚ ਲਏ ਜਾਣ ਵਾਲੇ ਕੇਸਾਂ ਵਿੱਚ ਨਸ਼ਿਆਂ ਅਤੇ ਬਲਾਤਕਾਰਾਂ ਵਾਲੇ ਕੇਸ ਸ਼ਾਮਿਲ ਨਹੀੰ ਹੁੰਦੇ। ਉਹਨਾਂ ਇਹ ਵੀ ਦੱਸਿਆ ਕਿ ਅਰਬ ਮੁਲਕਾਂ ਵਿੱਚ ਮੌਤ ਦਾ ਸ਼ਿਕਾਰ ਹੋ ਜਾਂਦੇ ਵਿਅਕਤੀਆਂ ਦੀਆਂ ਰੁਲ੍ਹਦੀਆਂ ਲਾਸ਼ਾਂ ਦੀ ਵਤਨ ਵਾਪਸੀ ਦਾ ਪੂਰਾ ਪ੍ਰਬੰਧ ਉਹਨਾਂ ਵੱਲੋਂ ਕੀਤਾ ਜਾਂਦਾ ਹੈ, ਜਿਸ ਤਹਿਤ ਹੁਣ ਤੱਕ 24 ਅਜਿਹੀਆਂ ਲਾਸ਼ਾਂ ਭੇਜੀਆਂ ਜਾ ਚੁੱਕੀਆਂ ਹਨ। ਡਾ: ਓਬਰਾਏ ਮੁਤਾਬਿਕ ਸਰਬੱਤ ਦਾ ਭਲਾ ਟਰੱਸਟ ਵੱਲੋਂ ਫ਼ਾਜ਼ਿਲਕਾ ਤੇ ਅਬੋਹਰ ਇਲਾਕੇ ਦੇ 22 ਪਿੰਡਾਂ ਦਾ ਵਿਸ਼ੇਸ਼ ਸਰਵੇਖਣ ਕਰਕੇ ਦੂਸ਼ਿਤ ਪਾਣੀ ਅਤੇ ਨਸ਼ਿਆਂ ਕਾਰਨ ਕੱਖੋਂ ਹੌਲੇ ਹੋਏ ਬਜ਼ੁਰਗਾਂ ਅਤੇ ਪ੍ਰਭਾਵਿਤ ਬੱਚਿਆਂ ਦੀ ਬਿਹਤਰੀ ਲਈ 500 ਵਿਧਵਾ-ਬੁਢਾਪਾ ਤੇ ਅਨਾਥ ਬੱਚਿਆਂ ਲਈ 500 ਰੁਪਏ ਤੋਂ 3000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਸਕੀਮ ਲਾਗੂ ਕੀਤੀ ਗਈ ਹੈ। ਇਸ ਤੋਂ ਇਲਾਵਾ ਸਰਵੇਖਣ ਦੌਰਾਨ 22 ਪਿੰਡਾਂ ‘ਚੋਂ ਸਾਹਮਣੇ ਆਏ 400 ਦੇ ਕਰੀਬ ਮੰਦਬੁੱਧੀ ਤੇ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਲਈ 12 ਏਕੜ ਜ਼ਮੀਨ ਪਿੰਡ ਘੱਲੂ ਵਿਖੇ ਖ੍ਰੀਦ ਕਰ ਲਈ ਗਈ ਹੈ ਤੇ ਜਲਦ ਹੀ ਇੱਥੇ 500 ਬੱਚਿਆਂ ਲਈ ਸਕੂਲ ਅਤੇ ਹੋਸਟਲ ਦੀ ੳੇਸਾਰੀ ਕੀਤੀ ਜਾਵੇਗੀ।
ਇਸ ਦੌਰਾਨ ਡਾ: ਐਸ. ਪੀ. ਸਿੰਘ ਓਬਰਾਏ ਦੇ ਯਤਨਾਂ ਤਹਿਤ ਘਰ ਪਰਤਣ ਵਾਲੇ ਨੌਜਵਾਨਾਂ ਵਿੱਚੋਂ ਰਾਜਪਾਲ ਸਿੰਘ ਤਰਨਤਾਰਨ, ਨਿਰਮਲ ਸਿੰਘ ਖਡੂਰ ਸਾਹਿਬ ਅਤੇ ਜਸਪਾਲ ਸਿੰਘ ਬਲਾਚੌਰ ਨੇ ਭਾਵੁਕ ਹੁੰਦਿਆਂ ਆਪਣੀ 31 ਮਹੀਨਿਆਂ ਦੀ ਜੇਲ੍ਹ ‘ਚ ਬਿਤਾਈ ਦਰਦ ਕਹਾਣੀ ਬਿਆਨ ਕੀਤੀ ਕਿ ਕਿਵੇਂ ਲੜਾਈ-ਝਗੜੇ ਦੇ ਇੱਕ ਮਾਮਲੇ ‘ਚ ਇੱਕ ਪਾਕਿਸਤਾਨੀ ਨੌਜਵਾਨ ਦੀ ਮੌਤ ਉਪਰੰਤ ਸ਼ੱਕ ਦੇ ਆਧਾਰ ‘ਤੇ ਉਹਨਾਂ ਨੂੰ ਲਪੇਟ ਲਿਆ ਗਿਆ ਸੀ ਅਤੇ ਕੋਈ ਵੀ ਉਹਨਾਂ ਦੀ ਬਾਂਹ ਨਹੀਂ ਫੜ ਰਿਹਾ ਸੀ ਪਰ ਡਾ: ਓਬਰਾਏ ਉਹਨਾਂ ਲਈ ਫ਼ਰਿਸ਼ਤਾ ਬਣ ਬਹੁੜੇ, ਜਿਸ ਦੇ ਸਿੱਟੇ ਵਜੋਂ ਉਹ ਵਾਪਿਸ ਆਪਣੇ ਪਰਿਵਾਰਾਂ ‘ਚ ਪਰਤ ਆਉਣ ਦੇ ਕਾਬਿਲ ਹੋਏ ਹਨ।
ਇਸ ਮੌਕੇ ਟਰੱਸਟ ਦੇ ਮੀਡੀਆ ਸਲਾਹਕਾਰ ਰਵਿੰਦਰ ਸਿੰਘ ਰੌਬਿਨ, ਮਾਝਾ ਜ਼ੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ,ਜਨਰਲ ਸਕੱਤਰ ਸੁਖਦੀਪ ਸਿੰਘ ਸਿੱਧੂ, ਮੀਤ ਪ੍ਰਧਾਨ ਮਨਪ੍ਰੀਤ ਸੰਧੂ ਚਮਿਆਰੀ, ਨਵਜੀਤ ਸਿੰਘ ਘਈ, ਸ਼ਿਸ਼ਪਾਲ ਸਿੰਘ ਲਾਡੀ, ਹਰਜਿੰਦਰ ਸਿੰਘ ਮੁੱਧ, ਸ਼ਿਵਦੇਵ ਸਿੰਘ ਬੱਲ, ਬਲਵਿੰਦਰ ਕੌਰ ਅਤੇ ਪਲਵਿੰਦਰ ਸਿੰਘ ਸਰਹਾਲਾ ਤੋਂ ਇਲਾਵਾ ਵਤਨ ਪਰਤੇ ਨੌਜਵਾਨ ਤੇ ਉਹਨਾਂ ਦੇ ਪਰਿਵਾਰਿਕ ਮੈਂਬਰ ਵੀ ਹਾਜ਼ਰ ਸਨ।
Punjab Post Daily Online Newspaper & Print Media