Sunday, March 15, 2026

ਛੋਟੇ ਵਪਾਰੀਆਂ ਨੂੰ ਸਰਕਾਰ ਦੀਆਂ ਸਕੀਮਾਂ ਦਾ ਲਾਭ ਪਹੁੰਚਾਉਣ ਲਈ ਘਰ-ਘਰ ਜਾ ਕੇ ਭਰੇ ਜਾ ਰਹੇ ਹਨ ਫਾਰਮ

PPN2005201611

ਅੰਮ੍ਰਿਤਸਰ, 20 ਮਈ (ਜਗਦੀਪ ਸਿੰਘ ਸੱਗੂ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਛੋਟੇ ਵਪਾਰੀਆਂ ਲਈ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਸਕੀਮਾਂ ਸਬੰਧੀ ਉਨ੍ਹਾਂ ਨੂੰ ਜਾਗਰੂਕ ਕਰਨ ਅਤੇ ਇਨ੍ਹਾਂ ਦਾ ਲਾਭ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਇਕ ਵਿਸ਼ਾਲ ਮੁਹਿੰਮ ਵਿੱਢੀ ਗਈ ਹੈ। ਇਹ ਪ੍ਰਗਟਾਵਾ ਮਾਝਾ ਜ਼ੋਨ ਵਪਾਰ ਮੰਡਲ ਦੇ ਪ੍ਰਧਾਨ ਸ. ਰਜਿੰਦਰ ਸਿੰਘ ਮਰਵਾਹਾ ਨੇ ਵਪਾਰ ਮੰਡਲ ਦੇ ਅਹੁਦੇਦਾਰਾਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਵਪਾਰੀਆਂ ਦੇ ਹਿੱਤ ਲਈ ਵੱਡੇ ਫ਼ੈਸਲੇ ਕੀਤੇ ਗਏ ਹਨ, ਜਿਨ੍ਹਾਂ ਵਿਚ ਸਿੰਗਲ ਵਿੰਡੋ ਪ੍ਰਣਾਲੀ, ਰਾਹਤ ਸਕੀਮ ਅਤੇ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਆਦਿ ਸਕੀਮਾਂ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਯੋਜਨਾਵਾਂ ਦਾ ਵਪਾਰੀਆਂ ਨੂੰ ਫਾਇਦਾ ਪਹੁੰਚਾਉਣ ਦੇ ਮਕਸਦ ਨਾਲ ਵਪਾਰ ਵਿੰਗ ਵੱਲੋਂ ਸਬੰਧਤ ਹਲਕਿਆਂ ਦੇ ਵਿਧਾਇਕਾਂ ਅਤੇ ਸੀਨੀਅਰ ਆਗੂਆਂ ਨੂੰ ਨਾਲ ਲੈ ਕੇ ਇਕ ਵਿਸ਼ਾਲ ਮੁਹਿੰਮ ਛੇੜੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਇਕ 51 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਦੇ ਮੈਂਬਰ ਜ਼ੋਰਾਂ-ਸ਼ੋਰਾਂ ਨਾਲ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਅਤੇ ਤਰਨ ਤਾਰਨ ਵਿਚ ਵਪਾਰੀਆਂ ਦੇ ਫਾਰਮ ਭਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਪੰਜਾਬ ਦੇ ਉਦਯੋਗ ਅਤੇ ਵਪਾਰ ਨੂੰ ਉਚਾਈਆਂ ‘ਤੇ ਲਿਜਾਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਸੂਬੇ ਦੇ ਛੋਟੇ ਵਪਾਰੀਆਂ ਨੂੰ ਲਾਭ ਦੇਣ ਲਈ ਸ਼ੁਰੂ ਕੀਤੀ ਗਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਸਬੰਧੀ ਵਪਾਰੀਆਂ ਦੇ ਫਾਰਮ ਭਰਨ ਲਈ ਵਿਸ਼ਾਲ ਮੁਹਿੰਮ ਚਲਾਈ ਗਈ ਹੈ ਜਿਸ ਤਹਿਤ ਜਿਥੇ ਵੱਖ-ਵੱਖ ਥਾਵਾਂ ‘ਤੇ ਕੈਂਪ ਲਗਾਏ ਗਏ ਹਨ, ਉਥੇ ਘਰ-ਘਰ ਜਾ ਕੇ ਵਪਾਰੀਆਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਲਾਭਪਾਤਰੀ ਇਸ ਦੇ ਲਾਭ ਤੋਂ ਵਾਂਝਾ ਨਾ ਰਹਿ ਸਕੇ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਆਬਕਾਰੀ ਤੇ ਕਰ ਵਿਭਾਗ ਨਾਲ ਜੁੜੇ ਲਗਭਗ 2.50 ਲੱਖ ਛੋਟੇ ਵਪਾਰੀਆਂ ਨੂੰ ਲਾਭ ਦਿੱਤਾ ਜਾਵੇਗਾ ਜਿਨ੍ਹਾਂ ਦੀ ਸਾਲਾਨਾ ਸੇਲ ਇਕ ਕਰੋੜ ਰੁਪਏ ਤੋਂ ਘੱਟ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਕੈਸ਼ ਲੈਸ ਬੀਮਾ ਸਿਹਤ ਕਵਰ 50 ਹਜ਼ਾਰ ਰੁਪਏ ਹੈ ਜਦਕਿ ਕਿ ਨਿੱਜੀ ਦੁਰਘਟਨਾ ਵਿੱਚ ਮੌਤ ਅਤੇ ਅਪੰਗਤਾ ਦੀ ਸਥਿਤੀ ਵਿੱਚ ਬੀਮਾ ਕਵਰ 5 ਲੱਖ ਰੁਪਏ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਅੱਗ ਲੱਗਣ ਕਾਰਨ ਹੋਏ ਨੁਕਸਾਨ ਲਈ ਬੀਮਾ ਕਵਰ 5 ਲੱਖ ਰੁਪਏ ਹੈ। ਇਸੇ ਤਰ੍ਹਾਂ ਛੋਟੇ ਵਪਾਰੀਆਂ ਲਈ ਸ਼ੁਰੂ ਕੀਤੀ ਗਈ ਰਾਹਤ ਸਕੀਮ ਵੀ ਉਨ੍ਹਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ, ਜਿਸ ਤਹਿਤ ਨਿਗੂਣਾ ਟੈਕਸ ਜਮ੍ਹਾਂ ਕਰਵਾ ਕੇ ਵਪਾਰੀ ਹਿਸਾਬ-ਕਿਤਾਬ ਦੇ ਝੰਜਟ ਤੋਂ ਮੁਕਤ ਹੋ ਸਕਦਾ ਹੈ। ਉਨ੍ਹਾਂ ਸਾਰੇ ਸਾਥੀਆਂ ਨੂੰ ਸੱਦਾ ਦਿੱਤਾ ਕਿ ਉਹ ਵਪਾਰੀਆਂ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਸਕੀਮਾਂ ਦਾ ਉਨ੍ਹਾਂ ਤੱਕ ਲਾਭ ਪਹੁੰਚਾਉਣ ਲਈ ਮਿਲ ਕੇ ਯਤਨ ਕਰਨ। ਇਸ ਮੌਕੇ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਸਬੰਧੀ ਵਿਚਾਰ-ਵਟਾਂਦਰਾ ਵੀ ਕੀਤਾ ਗਿਆ। ਸ. ਮਰਵਾਹਾ ਨੇ ਕਿਹਾ ਕਿ ਇਨ੍ਹਾਂ ਮੁਸ਼ਕਿਲਾਂ ਨੂੰ ਸਰਕਾਰ ਤੱਕ ਪਹੁੰਚਾ ਕੇ ਉਨ੍ਹਾ ਦਾ ਹੱਲ ਕਰਵਾਇਆ ਜਾਵੇਗਾ।
ਇਸ ਮੌਕੇ ਹਰਪਾਲ ਸਿੰਘ ਵਾਲੀਆ, ਦਮਨਜੀਤ ਸਿੰਘ, ਹਰਿੰਦਰ ਸਿੰਘ ਵਿੱਕੀ ਰਾਜਾਸਾਂਸੀ, ਕਮਲ ਗਰੋਵਰ ਜੰਡਿਆਲਾ, ਤਰੁਣ ਕੁਮਾਰ ਅਜਨਾਲਾ, ਰਾਜੀਤ ਤੇ ਹਰਿੰਦਰ ਸਿੰਘ ਸੁਲਤਾਨਵਿੰਡ ਤੋਂ ਇਲਾਵਾ ਹੋਰ ਸ਼ਖਸੀਅਤਾਂ ਹਾਜ਼ਰ ਸਨ।ਛੋਟੇ ਵਪਾਰੀਆਂ ਨੂੰ ਸਰਕਾਰ ਦੀਆਂ ਸਕੀਮਾਂ ਦਾ ਲਾਭ ਪਹੁੰਚਾਉਣ ਲਈ ਘਰ-ਘਰ ਜਾ ਕੇ ਭਰੇ ਜਾ ਰਹੇ ਹਨ ਫਾਰਮ

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply