Friday, March 6, 2026

ਦਿੱਲੀ, ਰਾਜਸਥਾਨ ਹੋਰ ਰਾਜਾਂ ‘ਚ ਪੰਜਾਬੀ ਭਾਸ਼ਾ ਨੂੰ ਅੱਖੋਂ-ਪਰੋਖੇ ਕਰਨਾ ਪੰਜਾਬੀ ਬੋਲੀ ਨੂੰ ਖਤਮ ਕਰਨ ਦੇ ਤੁਲ- ਮੱਕੜ

PPN2605201626

ਅੰਮ੍ਰਿਤਸਰ, 26 ਮਈ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਅੰਤ੍ਰਿੰਗ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਗੁਰਦੁਆਰਾ ਸ੍ਰੀ ਦੇਗਸਰ ਕਟਾਣਾ ਸਾਹਿਬ ਦੇ ਇਕੱਤਰਤਾ ਹਾਲ ਵਿਖੇ ਹੋਈ, ਜਿਸ ਵਿੱਚ ਸੈਕਸ਼ਨ 85, 87, ਟਰੱਸਟ ਤੇ ਅਮਲਾ ਵਿਭਾਗ ਦੇ ਕੇਸਾਂ ‘ਤੇ ਵਿਚਾਰ ਚਰਚਾ ਕੀਤੀ ਗਈ। ਇਕੱਤਰਤਾ ਦੀ ਆਰੰਭਤਾ ਤੋਂ ਪਹਿਲਾਂ ਮੂਲ ਮੰਤਰ ਦੇ ਪਾਠ ਕੀਤੇ ਗਏ।ਉਨ੍ਹਾਂ ਕਿਹਾ ਕਿ ਦਿੱਲੀ ਤੇ ਰਾਜਸਥਾਨ ਸਮੇਤ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਪੰਜਾਬੀ ਭਾਸ਼ਾ ਨੂੰ ਅੱਖੋਂ-ਪਰੋਖੇ ਕਰਨ ਦੇ ਕੀਤੇ ਜਾ ਰਹੇ ਯਤਨ ਸਿੱਧੇ ਰੂਪ ਵਿੱਚ ਪੰਜਾਬੀ ਬੋਲੀ ਨੂੰ ਖਤਮ ਕਰਨ ਵਾਲੀ ਸੌੜੀ ਕਾਰਵਾਈ ਹੈ।ਜਦਕਿ ਸਮੁੱਚੇ ਸੰਸਾਰ ਦੇ ਨਕਸ਼ੇ ਉਪਰ ਪੰਜਾਬੀ ਭਾਸ਼ਾ ਬੜੀ ਤੇਜ਼ੀ ਨਾਲ ਉੱਭਰ ਕੇ ਸਾਹਮਣੇ ਆ ਰਹੀ ਹੈ ਜਿਸ ਦੇ ਮੱਦੇਨਜ਼ਰ ਭਾਰਤ ਸਰਕਾਰ ਨੂੰ ਵੀ ਆਪਣੀ ਜ਼ਿੰਮੇਵਾਰੀ ਨੂੰ ਮੁੱਖ ਰੱਖਦੇ ਹੋਇਆਂ ਸਮੁੱਚੇ ਦੇਸ਼ ਅੰਦਰ ਪੰਜਾਬੀ ਭਾਸ਼ਾ ਨੂੰ ਹੋਰ ਪ੍ਰਫੁੱਲਿਤ ਕਰਨ ਤੇ ਵਿਕਸਤ ਕਰਨ ਦੇ ਕਾਰਜਾਂ ਵਿੱਚ ਆਪਣੇ ਵੱਲੋਂ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਵੱਸ ਰਹੇ ਪੰਜਾਬੀਆਂ ਦੀ ਸਾਂਝ ਆਪਣੀ ਪੰਜਾਬੀ ਭਾਸ਼ਾ ਨਾਲ ਹੋਰ ਪ੍ਰਪੱਕ ਹੋ ਸਕੇ।ਉਨ੍ਹਾਂ ਕਿਹਾ ਕਿ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ, ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਹੋਏ ਸਿੱਖ ਕਤਲੇਆਮ, ਝੂਠੇ ਪੁਲਿਸ ਮੁਕਾਬਲਿਆਂ, ਹੋਂਦ ਚਿੱਲੜ ਤੇ ਪੀਲੀਭੀਤ ਕਾਂਡ ਦੌਰਾਨ ਮਾਰੇ ਗਏ ਬੇਦੋਸ਼ੇ ਸਿੱਖਾਂ ਦੀਆਂ ਉੇੱਭਰ ਕੇ ਸਾਹਮਣੇ ਆ ਰਹੀਆਂ ਘਟਨਾਵਾਂ ਸਿੱਖਾਂ ਦੇ ਜ਼ਖਮਾਂ ਨੂੰ ਮੁੜ ਹਰਾ ਕਰ ਰਹੀਆਂ ਹਨ।ਜਿਸ ਦੇ ਮੱਦੇਨਜ਼ਰ ਉਕਤ ਘਟਨਾਵਾਂ ਦੀ ਸੰਪੂਰਨ ਰੂਪ ਵਿੱਚ ਜਾਂਚ ਕਰਵਾਉਣ ਲਈ ਭਾਰਤ ਸਰਕਾਰ ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦਾ ਪੈਨਲ ਬਣਾ ਕੇ ਇਕ ਟਰੁੱਥ ਕਮਿਸ਼ਨ ਕਾਇਮ ਕਰੇ ਤਾਂ ਕਿ 1984 ਤੋਂ ਲੈ ਕੇ ਹੁਣ ਤੀਕ ਮਾਰੇ ਗਏ ਸਮੁੱਚੇ ਸਿੱਖਾਂ ਦੀ ਸਹੀ ਜਾਣਕਾਰੀ ਜਨਤਕ ਕਰਕੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਸਕੇ।ਉਨ੍ਹਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ 1914 ਵਿੱਚ ਵਾਪਰੇ ਕਾਮਾਗਾਟਾਮਾਰੂ ਜਹਾਜ਼ ਦੀ ਹਿਰਦੇ ਵੇਦਕ ਘਟਨਾ ਦੀ ਮਾਫੀ ਮੰਗਣ ਦੀ ਜ਼ੋਰਦਾਰ ਸ਼ਬਦਾਂ ਵਿੱਚ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਬਤ ਸੂਰਤ ਕਬੱਡੀ ਤੇ ਹਾਕੀ ਦੇ ਖਿਡਾਰੀਆਂ ਦੀ ਟੀਮ ਨੂੰ ਹੋਰ ਮਜ਼ਬੂਤ ਕਰਨ ਲਈ ਕਈ ਵੱਡੇ ਪੱਧਰ ਤੇ ਸਾਰਥਿਕ ਕਦਮ ਚੁੱਕੇ ਜਾ ਰਹੇ ਹਨ ਅਤੇ ਸਮੁੱਚੇ ਖਿਡਾਰੀਆਂ ਨੂੰ ਆਧੁਨਿਕ ਖੇਡ ਸਹੂਲਤਾਂ, ਕੋਚਿੰਗ, ਯੋਗ ਗਰਾਊਂਡਾਂ ਅਤੇ ਪੋਸ਼ਟਿਕ ਭੋਜਨ ਉਪਲਬੱਧ ਕਰਵਾਉਣ ਲਈ ਮਾਲੀ ਗ੍ਰਾਂਟ ਵੀ ਰਾਖਵੀ ਰੱਖੀ ਜਾ ਰਹੀ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਸਾਬਤ ਸੂਰਤ ਸਿੱਖ ਖਿਡਾਰੀ ਵੱਖ-ਵੱਖ ਖੇਡਾਂ ਵਿੱਚ ਸ਼ਾਨਾਮਤੀ ਪ੍ਰਾਪਤੀਆਂ ਦਰਜ ਕਰਵਾ ਕੇ ਦੇਸ਼ ਤੇ ਕੌਮ ਦਾ ਨਾਮ ਰੌਸ਼ਨ ਕਰ ਸਕਣ।
ਇਕੱਤਰਤਾ ਵਿੱਚ ਲਏ ਗਏ ਫੈਂਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਬੀਬੀ ਭਾਨੀ ਕੰਨਿਆਂ ਨੇਤਰਹੀਣ ਵਿਦਿਆਲਾ ਸੰਨ ਸਾਹਿਬ, ਛੇਹਰਟਾ, ਅੰਮ੍ਰਿਤਸਰ ਵੱਲੋਂ ਪੁੱਜੀ ਮੰਗ ਦੇ ਆਧਾਰ ਪੁਰ 17 ਨੇਤਰਹੀਣ ਲੜਕੀਆਂ ਅਤੇ ਸਟਾਫ ਨੂੰ 25 ਹਜ਼ਾਰ ਰੁਪਏ ਆਰਥਿਕ ਸਹਾਇਤਾ ਦੇਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦ ਭਾਈ ਕੇਹਰ ਸਿੰਘ ਤੇ ਭਾਈ ਦਰਬਾਰਾ ਸਿੰਘ ਦੀ ਯਾਦ ਨੂੰ ਸਮਰਪਿਤ ਪਿੰਡ ਜਰਗ (ਲੁਧਿਆਣਾ) ਵਿਖੇ ਸ਼ੋ੍ਰਮਣੀ ਕਮੇਟੀ ਵੱਲੋਂ ਨਰਸਿੰਗ ਕਾਲਜ ਬਣਾਇਆ ਜਾਵੇਗਾ ਅਤੇ ਜ਼ੀਰਾ ਵਿਖੇ ਉਸਾਰੇ ਜਾਣ ਵਾਲੇ ਕਾਲਜ ਦੀ ਇਮਾਰਤ ਜਲਦ ਬਣਾਈ ਜਾਵੇਗੀ।ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਵੱਲੋਂ 84 ਦੇ ਦੰਗਾ ਪੀੜਤ ਪਰਿਵਾਰਾਂ ਜਿਨ੍ਹਾਂ ਦੇ ਲਾਲ ਤੇ ਨੀਲੇ ਕਾਰਡ ਬਣੇ ਹੋਏ ਹਨ, ਅੱਗੇ ਤੋਂ ਉਨ੍ਹਾਂ ਦੇ ਕੇਸਾਂ ਨੂੰ ਵਿਚਾਰ ਕੇ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਦੇਸ਼ਾਂ-ਵਿਦੇਸ਼ਾਂ ਵਿੱਚ ਵੱਸਦੀਆਂ ਸਿੱਖ ਸੰਗਤਾਂ ਨੂੰ ਗੁਰੂ ਸਾਹਿਬਾਨ ਦੇ ਜੀਵਨ, ਫਲਸਫੇ ਤੇ ਸਿੱਖ ਇਤਿਹਾਸ ਨਾਲ ਜੋੜਣ ਲਈ ਜਲਦੀ ਹੀ ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਅੰਮ੍ਰਿਤਸਰ ਨੂੰ ਡਿਜੀਟਲ ਆਨਲਾਈਨ ਕੀਤਾ ਜਾਵੇਗਾ ਅਤੇ ਸ਼੍ਰੋਮਣੀ ਗੁ:ਪ੍ਰ:ਕਮੇਟੀ ਅਧੀਨ ਆਉਂਦੇ ਸੈਕਸ਼ਨ 85 ਦੇ ਸਮੂਹ ਗੁਰਦੁਆਰਾ ਸਾਹਿਬਾਨ ਵਿਖੇ ਗੂਗਲ 3-ਡੀ ਲਾਗੂ ਕੀਤੀ ਜਾਵੇਗੀ ਤਾਂ ਕਿ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਹੋਰ ਵਾਧਾ ਹੋ ਸਕੇ।ਉਨ੍ਹਾਂ ਕਿਹਾ ਕਿ ਸੁਖਵਿੰਦਰ ਸਿੰਘ ਜਿਸ ਦੀ ਤਖ਼ਤ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕਰਦੇ ਸਮੇਂ ਡੁੱਬ ਜਾਣ ਕਾਰਨ ਮੌਤ ਹੋ ਗਈ ਸੀ ਦੀ ਸੁਪਤਨੀ ਬੀਬੀ ਜਰਨੈਲ ਕੌਰ ਪਿੰਡ ਹਰਬੰਸਪੁਰ ਤਹਿਸੀਲ ਫਗਵਾੜਾ ਜ਼ਿਲ੍ਹਾ ਕਪੂਰਥਲਾ ਨੂੰ 1 ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਮਹਿੰਦਰਪਾਲ ਸਿੰਘ ਅੰਮ੍ਰਿਤਸਰ ਦਾ ਪੋਤਰਾ ਜੋ ਕਿ ਗੂੰਗਾ ਬੋਲਾ ਹੋਣ ਦੇ ਨਾਲ-ਨਾਲ ਦਿਲ ਦੀ ਨਾ-ਮੁਰਾਦ ਬੀਮਾਰੀ ਤੋਂ ਪੀੜਤ ਹੈ ਨੂੰ 50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਗੁਰੂ ਨਾਨਕ ਜੀ ਹਾਈ ਸਕੂਲ, ਨਨਕਾਣਾ ਸਾਹਿਬ ਦੇ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ ਦੇਣ ਲਈ ਸੰਥਿਆ ਸੈਂਚੀਆਂ, ਹਰਮੋਨੀਅਮ, ਦਸਤਾਰਾਂ ਤੇ ਕਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੁਹੱਈਆ ਕਰਵਾਏ ਜਾਣਗੇ।ਉਨ੍ਹਾਂ ਕਿਹਾ ਕਿ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਐਡਵਾਂਸ ਸਟੱਡੀਜ਼ ਸਿੱਖਇਜ਼ਮ ਬਹਾਦਰਗੜ੍ਹ, ਪਟਿਆਲਾ ਦੇ ਬਹੁਪੱਖੀ ਵਿਕਾਸ ਲਈ ਆਧੁਨਿਕ ਤਕਨੀਕ ਦੇਣ ਤੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਡਾ. ਗੁਰਮੋਹਨ ਸਿੰਘ ਵਾਲੀਆ ਵਾਈਸ ਚਾਂਸਲਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਨੂੰ 2 ਸਾਲ ਲਈ ਪ੍ਰਬੰਧਕ ਨਿਯੁਕਤ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਖਾਲਸਾ ਇੰਗਲਿਸ਼ ਮੀਡੀਅਮ ਮਿਡਲ ਸਕੂਲ ਚਿੱਠੀ ਸਿੰਘਪੁਰਾ ਅਨੰਤਨਾਗ ਕਸ਼ਮੀਰ ਦੀ ਇਮਾਰਤ ਨੂੰ ਜਲਦੀ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਖ ਮਿਸ਼ਨ ਰਾਏਪੁਰ ਛੱਤੀਸਗੜ੍ਹ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ 300 ਸਾਲਾ ਸ਼ਤਾਬਦੀ ਨੂੰ ਸਮਰਪਿਤ ਦਸਤਾਰ ਮੁਕਾਬਲੇ, ਕੀਰਤਨ ਦਰਬਾਰ, ਕਵੀ ਦਰਬਾਰ ਤੇ ਭਾਸ਼ਣ ਮੁਕਾਬਲੇ 29 ਮਈ ਤੋਂ 9 ਜੂਨ ਤੀਕ ਕਰਵਾਏ ਜਾਣਗੇ। ਇਹ ਮੁਕਾਬਲੇ ਗੁਰਦੁਆਰਾ ਪੱਧਰ ਤੋਂ ਜ਼ਿਲ੍ਹਾ ਪੱਧਰ ਤੇ ਰਾਜ ਪੱਧਰ ਦੇੇ ਹੋਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਗਮਾਂ ਵਿੱਚ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਸਰਟੀਫਿਕੇਟ ਤੇ ਇਨਾਮ ਦਿੱਤੇ ਜਾਣਗੇ।ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਨੂੰ ਗੁਰਮਤਿ ਦਾ ਪ੍ਰਚਾਰ ਕਰਨ ਲਈ 6 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਖੇ ਨਜ਼ਰਬੰਦ ਸਮੂਹ ਵੀਰਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਖਾਲੀ ਕੱਚੀ ਜਗ੍ਹਾ ਨੂੰ ਪੱਕਿਆ ਕਰਨ ਤੇ ਲੰਗਰ ਹਾਲ ਬਣਾਉਣ ਲਈ ਸ਼ੋ੍ਰਮਣੀ ਕਮੇਟੀ ਮੈਟੀਰੀਅਲ ਖਰੀਦ ਕਰਕੇ ਦੇਵੇਗੀ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਨੂੰ ਦਿੱਤੀ ਜਾਣ ਵਾਲੀ ਸਾਲਾਨਾ ਸਹਾਇਤਾ 6 ਕਰੋੜ ਤੋਂ ਵਧਾ ਕੇ 10 ਕਰੋੜ ਕਰ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆ ਰਹੇ ਯਾਤਰੂਆਂ ਦਾ ਮਹਿਤਾ ਰੋਡ ਤੇ ਸੜਕ ਹਾਦਸੇ ਵਿੱਚ ਭਿਆਨਕ ਐਕਸੀਡੈਂਟ ਹੋ ਗਿਆ ਸੀ ਉਨ੍ਹਾਂ ਦੇ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਤਿਹਾੜ ਜੇਲ੍ਹ ਵਿੱਚ ਨਜ਼ਰਬੰਦ ਭਾਈ ਦਯਾ ਸਿੰਘ ਲਾਹੌਰੀਆਂ ਦੀ ਧਰਮ ਪਤਨੀ ਬੀਬੀ ਕੰਵਲਜੀਤ ਕੌਰ ਨੂੰ ਸ਼ੋ੍ਰਮਣੀ ਕਮੇਟੀ ਵੱਲੋਂ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਚਲਾਏ ਜਾ ਰਹੇ ਮਿਸ਼ਨਰੀ ਕਾਲਜਾਂ, ਗੁਰਮਤਿ ਵਿਦਿਆਲਿਆਂ ਦੀ ਘੋਖ ਪੜਤਾਲ ਕਰਨ ਲਈ ਤੇ ਵਿਦਿਆ ਨੂੰ ਮਿਆਰੀ ਬਣਾਉਣ ਲਈ ਇਕ ਸਬ- ਕਮੇਟੀ ਗਠਿਤ ਕੀਤੀ ਗਈ ਹੈ ਜੋ ਸਮੁਚੇ ਵਿਦਿਅਕ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਦਿਸ਼ਾ-ਨਿਰਦੇਸ਼ ਦੇਵੇਗੀ।ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਰਿਸਰਚ ਬੋਰਡ, ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਮੌਜੂਦਾ ਇਮਾਰਤ ਨੂੰ ਸਮੁੱਚੇ ਰੂਪ ਵਿੱਚ ਫਾਇਰ ਪਰੂਫ ਕਰਨ ਤੇ ਲਾਇਬ੍ਰੇਰੀ ਦੀ ਨਵੀ ਆਧੁਨਿਕ ਸਹੂਲਤਾਂ ਵਾਲੀ ਬਿਲਡਿੰਗ ਬਣਾਉਣ ਦੀ ਰਿਪੋਰਟ ਨੂੰ ਪ੍ਰਵਾਨ ਕਰ ਲਿਆ ਗਿਆ ਹੈ।ਇਸੇ ਤਰ੍ਹਾਂ ਪਿਛਲੇ ਦਿਨੀਂ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਵਾਪਰੀ ਮੰਦਭਾਗੀ ਘਟਨਾ ਦੀ ਸਮੁੱਚੀ ਪੜਤਾਲ ਕਰਵਾਉਣ ਸਬੰਧੀ ਬਣਾਈ ਗਈ ਸਬ ਕਮੇਟੀ ਨੇ ਆਪਣੀ ਰਿਪੋਰਟ ਦੇ ਦਿੱਤੀ ਹੈ ਜੋ ਕਿ ਅੰਤ੍ਰਿੰਗ ਕਮੇਟੀ ਨੇ ਪ੍ਰਵਾਨ ਕਰ ਲਈ ਹੈ।ਉਨ੍ਹਾਂ ਕਿਹਾ ਕਿ ਮਹਾਨ ਸੂਰਬੀਰ ਸਿੱਖ ਜਨਰੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਵਿਸ਼ਵ ਪੱਧਰ ਤੇ ਮਨਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਜਨਰਲ ਸਕੱਤਰ ਦੀ ਮੰਗ ਤੇ 2 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦੇਣੀ ਪ੍ਰਵਾਨ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਅੰਤ੍ਰਿੰਗ ਕਮੇਟੀ ਦੀ ਇੱਕਤਰਤਾ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੁਲਾਜ਼ਮਾਂ ਨੂੰ ਵੱਧ ਰਹੀ ਮਹਿੰਗਾਈ ਦੇ ਮੱਦੇਨਜ਼ਰ 6 ਫੀਸਦੀ ਮਹਿੰਗਾਈ ਭੱਤਾ ਦੇਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
ਅੱਜ ਦੀ ਇਕੱਤਰਤਾ ਵਿੱਚ ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਕੇਵਲ ਸਿੰਘ ਬਾਦਲ ਜੂਨੀਅਰ ਮੀਤ ਪ੍ਰਧਾਨ, ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਅੰਤ੍ਰਿੰਗ ਮੈਂਬਰਾਨ ਰਜਿੰਦਰ ਸਿੰਘ ਮਹਿਤਾ, ਦਿਆਲ ਸਿੰਘ ਕੋਲਿਆਂਵਾਲੀ, ਨਿਰਮੈਲ ਸਿੰਘ ਜੌਲਾਂ ਕਲਾਂ, ਕਰਨੈਲ ਸਿੰਘ ਪੰਜੋਲੀ, ਗੁਰਬਚਨ ਸਿੰਘ ਕਰਮੂੰਵਾਲ, ਰਾਮਪਾਲ ਸਿੰਘ ਬਹਿਣੀਵਾਲ, ਭਜਨ ਸਿੰਘ ਸ਼ੇਰਗਿੱਲ ਤੇ ਮੋਹਣ ਸਿੰਘ ਬੰਗੀ, ਹਰਚਰਨ ਸਿੰਘ ਮੁੱਖ ਸਕੱਤਰ, ਡਾ. ਰੂਪ ਸਿੰਘ, ਮਨਜੀਤ ਸਿੰਘ ਤੇ ਅਵਤਾਰ ਸਿੰਘ ਸਕੱਤਰ, ਦਿਲਜੀਤ ਸਿੰਘ ਬੇਦੀ, ਮਹਿੰਦਰ ਸਿੰਘ ਆਹਲੀ, ਪਰਮਜੀਤ ਸਿੰਘ ਸਰੋਆ, ਸੁਖਦੇਵ ਸਿੰਘ ਭੂਰਾਕੋਹਨਾ, ਬਲਵਿੰਦਰ ਸਿੰਘ ਜੌੜਾਸਿੰਘਾ, ਬਿਜੈ ਸਿੰਘ ਤੇ ਕੇਵਲ ਸਿੰਘ ਵਧੀਕ ਸਕੱਤਰ, ਪਰਮਜੀਤ ਸਿੰਘ ਮੁੰਡਾਪਿੰਡ ਨਿਜੀ ਸਹਾਇਕ, ਸੁਖਬੀਰ ਸਿੰਘ ਤੇ ਕਰਮਬੀਰ ਸਿੰਘ ਇੰਚਾਰਜ, ਗੁਰਮੀਤ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਦੇਗਸਰ ਸਾਹਿਬ ਕਟਾਣਾ (ਲੁਧਿਆਣਾ) ਆਦਿ ਮੌਜੂਦ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply