Thursday, March 19, 2026

ਨਸ਼ਿਆਂ ਦੇ ਕੋਹੜ੍ਹ ਨੂੰ ਠੱਲਣ ਲਈ ਜੱਜ ਸੜਕਾਂ ‘ਤੇ ਉਤਰੇ

PPN2705201607

ਅੰਮ੍ਰਿਤਸਰ, 27 ਮਈ (ਜਗਦੀਪ ਸਿੰਘ ਸੱਗੂ)- ਪੰਜਾਬ ਵਿਚ ਫੈਲੀ ਨਸ਼ਿਆਂ ਦੀ ਲਾਹਨਤ ਨੂੰ ਠੱਲਣ ਲਈ ਅੱਜ ਪੰਜਾਬ ਲੀਗਲ ਸਰਵਿਸ ਅਥਾਰਟੀ ਦੇ ਸੱਦੇ ‘ਤੇ ਅੰਮ੍ਰਿਤਸਰ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ ਲੀਗਲ ਸਰਵਿਸ ਅਥਾਰਟੀ ਸ. ਗਰੁਬੀਰ ਸਿੰਘ ਦੀ ਅਗਵਾਈ ਹੇਠ ਲੋਕਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵ ਤੋਂ ਜਾਣੂੰ ਕਰਵਾ ਕੇ ਇੰਨਾਂ ਤੋਂ ਬਚਣ ਦਾ ਹੋਕਾ ਦੇਣ ਲਈ ਸਥਾਨਕ ਹਾਲ ਗੇਟ ਤੋਂ ਇਤਹਾਸਕ ਜ਼ਲਿਆਂ ਵਾਲਾ ਬਾਗ ਤੱਕ ਨਸ਼ਾ ਵਿਰੋਧੀ ਰੈਲੀ ਕੱਢੀ ਗਈ। ਇਸ ਰੈਲੀ ਵਿਚ ਜੂਨੀਅਰ ਅਤੇ ਸੀਨੀਅਰ ਡਵੀਜ਼ਨ ਦੇ ਸਾਰੇ ਜੱਜ, ਜ਼ਿਲ੍ਹਾ ਅਟਾਰਨੀ, ਬਾਰ ਐਸੋਸੀਏਸ਼ਨ ਦੇ ਮੈਂਬਰ, ਪੁਲਿਸ ਤੇ ਪ੍ਰਸ਼ਾਸਨ ਦੇ ਸਾਰੇ ਉਚ ਅਧਿਕਾਰੀ ਅਤੇ ਸਕੂਲਾਂ ਦੇ ਬੱਚੇ ਸ਼ਾਮਿਲ ਹੋਏ। ਸਾਰਿਆਂ ਨੇ ਹੱਥਾਂ ਵਿਚ ਨਸ਼ਿਆਂ ਤੋਂ ਬਚਣ ਦਾ ਹੋਕਾ ਦਿੰਦੇ ਬੋਰਡ ਚੁੱਕੇ ਹੋਏ ਸਨ ਅਤੇ ਬੱਚੇ ਨਸ਼ਿਆਂ ਤੋਂ ਬਚਣ ਦੇ ਨਾਅਰੇ ਲਗਾ ਰਹੇ ਸਨ। ਸਵੇਰੇ ਕਰੀਬ ਸਾਢੇ 6 ਵਜੇ ਇਸ ਰੈਲੀ ਨੂੰ ਸ.ਗੁਰਬੀਰ ਸਿੰਘ ਨੇ ਝੰਡਾ ਵਿਖਾ ਕੇ ਰਵਾਨਾ ਕੀਤਾ। ਰੈਲੀ ਵਿਚ ਸ਼ਾਮਿਲ ਸਾਰੇ ਬੱਚਿਆਂ ਅਤੇ ਅਧਿਕਾਰੀਆਂ ਨੇ ‘ਨਸ਼ਾ ਵਿਰੋਧੀ ਜਾਗਰੂਕਤਾ ਰੈਲੀ’ ਦਾ ਪੈਗਾਮ ਦਿੰਦੀਆਂ ਲਾਲ ਰੰਗ ਦੀਆਂ ਟੀ-ਸ਼ਰਟਾਂ ਪਹਿਨੀਆਂ ਹੋਈਆਂ ਸਨ।
ਜ਼ਲਿਆਂ ਵਾਲਾ ਬਾਗ ਵਿਖੇ ਜਾ ਕੇ ਇਹ ਰੈਲੀ ਸਮਾਪਤ ਹੋਈ ਤਾਂ ਸਾਰੇ ਹਾਜ਼ਰੀਨ ਨੇ ਸ਼ਹੀਦਾਂ ਦੇ ਸਮਾਰਕ ‘ਤੇ ਸਿਰ ਝੁਕਾਅ ਕੇ ਸੁਹੰ ਖਾਧੀ ਕਿ ਅਸੀਂ ਨਾ ਤਾਂ ਆਪ ਨਸ਼ੇ ਕਰਾਂਗੇ ਅਤੇ ਨਾ ਹੀ ਨਸ਼ਾ ਕਰਨ ਵਾਲਿਆਂ ਦਾ ਸਾਥ ਦਿਆਂਗੇ। ਇਸ ਮੌਕੇ ਸੰਬੋਧਨ ਕਰਦੇ ਸੈਸ਼ਨ ਜੱਜ ਸ. ਗੁਰਬੀਰ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਤੋਂ ਬਚਾਉਣ ਲਈ ਪੁਲਿਸ, ਪਸ਼ਾਸਨ ਅਤੇ ਸਰਕਾਰ ਵੱਲੋਂ ਹੋ ਰਹੀਆਂ ਕੋਸ਼ਿਸ਼ਾਂ ਵਿਚ ਯੋਗਦਾਨ ਪਾਉਂਦੇ ਲੀਗਲ ਸਰਵਿਸ ਅਥਾਰਟੀ ਨੇ ਇਹ ਜਾਗਰੂਕਤਾ ਮੁਹਿੰਮ ਉਲੀਕੀ ਹੈ। ਉਨਾਂ ਕਿਹਾ ਕਿ ਇਸ ਧਰਤੀ, ਜਿਸ ਨੇ ਸਰਦਾਰ ਊਧਮ ਸਿੰਘ ਵਰਗੇ ਯੋਧੇ ਪੈਦਾ ਕੀਤੇ ਹਨ, ਅੱਜ ਨਸ਼ਿਆਂ ਦੀ ਮਾਰ ਹੇਠ ਹੈ ਅਤੇ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਇਸ ਨੂੰ ਰੋਕਣ ਵਿਚ ਆਪਣਾ ਯੋਗਦਾਨ ਪਾਈਏ। ਉਨਾਂ ਕਿਹਾ ਕਿ ਜਵਾਨੀ ਦੀ ਦਹਲੀਜ਼ ‘ਤੇ ਕਦਮ ਰੱਖਦੇ ਬੱਚੇ ਇਸ ਦੀ ਸਭ ਤੋਂ ਵੱਧ ਸ਼ਿਕਾਰ ਹੁੰਦੇ ਹਨ, ਸੋ ਬੱਚਿਆਂ ਦੇ ਮਾਪਿਆਂ, ਅਧਿਆਪਕਾਂ ਅਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਇਸ ਦੀਆਂ ਬੁਰਾਈਆਂ ਤੋਂ ਬੱਚਿਆਂ ਨੂੰ ਜਾਣੂੰ ਕਰਵਾਉਂਦੇ ਰਹੀਏ ਅਤੇ ਜੇਕਰ ਕਿਧਰੇ ਕੋਈ ਬੱਚਾ ਇਸ ਦੀ ਗ੍ਰਿਫਤ ਵਿਚ ਆ ਗਿਆ ਹੈ, ਤਾਂ ਉਸਨੂੰ ਲੁਕਾ ਕੇ ਨਾ ਰੱਖੀਏ, ਬਲਕਿ ਉਸਦਾ ਇਲਾਜ ਕਰਵਾਈਏ। ਇਸ ਮੌਕੇ ਸੰਬੋਧਨ ਕਰਦੇ ਸ. ਅਮਰ ਸਿੰਘ ਚਾਹਲ ਕਮਿਸ਼ਨਰ ਪੁਲਿਸ ਨੇ ਕਿਹਾ ਕਿ ਪੰਜਾਬ ਦੇ 70 ਫੀਸਦੀ ਨੌਜਵਾਨ ਨਸ਼ਈ ਹੋਣ ਦਾ ਜੋ ਰੌਲਾ ਪੈ ਰਿਹਾ ਹੈ, ਉਹ ਰਤਾ ਭਰ ਵੀ ਸੱਚਾ ਨਹੀਂ, ਹਾਂ ਕੁੱਝ ਇਕ ਨੌਜਵਾਨ ਇਸ ਦੀ ਗ੍ਰਿਫਤ ਵਿਚ ਜ਼ਰੂਰ ਹਨ। ਉਨਾਂ ਸਾਰਿਆਂ ਨੂੰ ਭਰੋਸਾ ਦਿੱਤਾ ਕਿ ਉਹ ਨਸ਼ਾ ਕਰਨ ਅਤੇ ਨਸ਼ਾ ਵੇਚਣ ਵਾਲਿਆਂ ਦਾ ਸਾਥ ਨਹੀਂ ਦੇਣਗੇ ਅਤੇ ਇਸ ਬਿਮਾਰੀ ਨੂੰ ਪੰਜਾਬ ਵਿਚੋਂ ਖਤਮ ਕਰਨ ਲਈ ਪੂਰੀ ਵਾਹ ਲਗਾਉਣਗੇ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਵੇਚਣ ਵਾਲੇ ਦੀ ਸੂਚਨਾ ਪੁਲਿਸ ਨੂੰ ਜ਼ਰੂਰ ਦੇਣ। ਵਧੀਕ ਡਿਪਟੀ ਕਮਿਸ਼ਨਰ ਸ. ਤਜਿੰਦਰਪਾਲ ਸਿੰਘ ਸੰਧੂ ਨੇ ਇਸ ਮੌਕੇ ਨਿਆਂ ਪਾਲਕਾ ਦੀ ਇਸ ਕੋਸ਼ਿਸ਼ ਦੀ ਸਰਾਹਨਾ ਕਰਦੇ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਦੀਆਂ ਗੱਲਾਂ ਵਿਚ ਆ ਕੇ ਨਸ਼ੇ ਦਾ ਸਵਾਦ ਤੱਕ ਨਾ ਚੱਖਣ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਡੀ ਸੀ ਪੀ ਅੰਮ੍ਰਿਤਸਰ ਸ੍ਰੀ ਐਲਨ ਚੇਜ਼ੀਅਨ, ਜ਼ਿਲ੍ਹਾ ਅਟਾਰਨੀ ਸ. ਸਲਵਿੰਦਰ ਸਿੰਘ ਸੱਗੂ, ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਗਰੀਸ ਬਾਂਸਲ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਪ੍ਰਦੀਪ ਸੈਣੀ, ਸਿਵਲ ਸਰਜਨ ਡਾ. ਪ੍ਰਦੀਪ ਚਾਵਲਾ, ਜੀ. ਏ. ਅਮਨਦੀਪ ਕੌਰ, ਮੈਡਕੀਲ ਕਮਿਸ਼ਨਰ ਡਾ. ਪ੍ਰਭਦੀਪ ਕੌਰ, ਨਸ਼ਾ ਛੁਡਾਊ ਕੇਂਦਰ ਦੇ ਸੰਚਾਲਕ ਡਾਕਟਰ ਪੀ. ਡੀ. ਗਰਗ, ਜ਼ਿਲ੍ਹਾ ਸਿੱਖਿਆ ਅਫਸਰ ਸਤਵਿੰਦਰ ਸਿੰਘ, ਜ਼ਿਲ੍ਹਾ ਖੇਡ ਅਧਿਕਾਰੀ ਹਰਪਾਲਜੀਤ ਕੌਰ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply