Saturday, April 11, 2026

ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਨੂੰ ਜ਼ਮੀਨ ਦੀ ਖਾਨਗੀ ਤਕਸੀਮ ਕਰਵਾਉਣ ਦੀ ਅਪੀਲ

Isha Kalia DC

ਫਾਜ਼ਿਲਕਾ, 30 ਮਈ (ਵਨੀਤ ਅਰੋੜਾ) – ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ. ਨੇ ਜ਼ਿਲ੍ਹਾ ਫਾਜ਼ਿਲਕਾ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਆਪਣੀ ਜ਼ਮੀਨ ਜਾਇਦਾਦ ਦੇ ਸਾਂਝੇ ਖਾਤਿਆਂ ਨੂੰ ਖਾਨਗੀ ਤਕਸੀਮ ਰਾਹੀਂ ਵੱਖਰੇ ਵੱਖਰੇ ਕਰ ਲੈਣ। ਇਸ ਨਾਲ ਕਿਸਾਨਾਂ ਨੂੰ ਜਿੱਥੇ ਹੋਰ ਅਨੇਕਾਂ ਲਾਭ ਹੋਣਗੇ ਉੱਥੇ ਜ਼ਮੀਨੀ ਵਿਵਾਦਾਂ ਦਾ ਵੀ ਖਾਤਮਾ ਹੋਵੇਗਾ।
ਇਸ ਸਬੰਧੀ ਵਿਸਥਾਰ ਸਾਹਿਤ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਅਕਸਰ ਲੋਕ ਪਰਿਵਾਰਕ ਤੌਰ ਤੇ ਹੀ ਆਪਣੀ ਜਾਇਦਾਦ ਦੀ ਵੰਡ ਕਰ ਲੈਂਦੇ ਹਨ। ਪਰ ਮਾਲ ਵਿਭਾਗ ਦੇ ਰਿਕਾਰਡ ਵਿਚ ਇਹ ਵੰਡ ਦਰਜ ਨਹੀਂ ਕਰਵਾਉਂਦੇ ਜਿਸ ਕਾਰਨ ਬਾਅਦ ਵਿਚ ਉਨ੍ਹਾਂ ਨੂੰ ਕਈ ਪ੍ਰਕਾਰ ਦੀਆਂ ਮੁਸ਼ਕਿਲਾਂ, ਝਗੜਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਕੀ ਹੁੰਦੀ ਹੈ ਖਾਨਗੀ ਤਕਸੀਮ – ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਮੀਨ ਜਾਇਦਾਦ ਦੇ ਸਾਰੇ ਹਿੱਸੇਦਾਰਾਂ ਵੱਲੋਂ ਆਪਸੀ ਸਹਿਮਤੀ ਨਾਲ ਜਾਇਦਾਦ ਦੀ ਕਾਨੂੰਨੀ ਵੰਡ ਕਰਨਾ ਅਤੇ ਇਸ ਵੰਡ ਅਨੁਸਾਰ ਮਾਲ ਵਿਭਾਗ ਦੇ ਰਿਕਾਰਡ ਵਿਚ ਦਰਜ ਕਰਵਾਉਣ ਨੂੰ ਖਾਨਗੀ ਤਕਸੀਮ ਆਖਦੇ ਹਨ।
ਕਿਵੇਂ ਕਰਵਾਈ ਜਾ ਸਕਦੀ ਹੈ ਖਾਨਗੀ ਤਕਸੀਮ – ਖਾਨਗੀ ਤਕਸੀਮ ਕਰਵਾਉਣ ਦੇ ਚਾਹਵਾਨ ਆਪਣੇ ਹਲਕਾ ਪਟਵਾਰੀ ਕੋਲ ਰਿਕਾਰਡ ਮੁਤਾਬਿਕ ਆਪਣਾ ਹਿੱਸਾ ਬਣਵਾ ਕੇ ਆਪਸੀ ਸਹਿਮਤੀ ਦੀ ਰਪਟ ਦਰਜ ਕਰਵਾਉਂਦੇ ਹਨ। ਜਿਸ ਤੋਂ ਬਾਅਦ ਪਟਵਾਰੀ ਵੰਡ ਅਨੁਸਾਰ ਇੰਤਕਾਲ ਦਰਜ ਕਰ ਦਿੰਦਾ ਹੈ। ਜਿਸ ਦੀ ਕਾਨੂੰਗੋ ਪੜਤਾਲ ਕਰਦਾ ਹੈ ਅਤੇ ਉਪਰੰਤ ਤਹਿਸੀਲਦਾਰ ਇੰਤਕਾਲ ਮਨਜੂਰ ਕਰ ਦਿੰਦਾ ਹੈ। ਜਿਸ ਤੋਂ ਬਾਅਦ ਸਬੰਧਤ ਹਿੱਸੇਦਾਰ ਮਾਲਕ ਹਰ ਪ੍ਰਕਾਰ ਨਾਲ ਆਪਣੀ ਜਾਇਦਾਦ ਦੀ ਵਰਤੋਂ ਕਰਨ ਲਈ ਸੁਤੰਤਰ ਹੁੰਦਾ ਹੈ। ਇਸ ਦਾ ਖਰਚਾ ਸਿਰਫ਼ 300 ਰੁਪਏ ਹੈ।
ਖਾਨਗੀ ਤਕਸੀਮ ਕਰਵਾਉਣ ਦੇ ਲਾਭ – ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਾਨਗੀ ਤਕਸੀਮ ਰਾਹੀਂ ਜ਼ਮੀਨ ਜਾਇਦਾਦ ਦੀ ਵੰਡ ਜਿੱਥੇ ਬਹੁਤ ਅਸਾਨ ਹੈ। ਉੱਥੇ ਇਸ ਨਾਲ ਭਵਿੱਖ ਵਿਚ ਹੋਣ ਵਾਲੇ ਜ਼ਮੀਨ ਜਾਇਦਾਦ ਸਬੰਧੀ ਝਗੜਿਆਂ ਤੇ ਰੋਕ ਲੱਗਦੀ ਹੈ। ਕੋਈ ਹੋਰ ਹਿੱਸੇਦਾਰ ਤੁਹਾਡੇ ਹਿੱਸੇ ਦੀ ਜ਼ਮੀਨ ਵੇਚ ਨਹੀਂ ਸਕਦਾ ਹੈ। ਮਾਲ ਵਿਭਾਗ ਦੇ ਕੰਪਿਊਟਰ ਰਿਕਾਰਡ ਤੋਂ ਨਕਲਾਂ ਲੈਣੀਆਂ ਅਸਾਨ ਹੋ ਜਾਂਦੀਆਂ ਹਨ। ਕਿਸੇ ਕੁਦਰਤੀ ਆਫ਼ਤ ਸਮੇਂ ਸਰਕਾਰੀ ਮੁਆਵਜ਼ਾ ਲੈਣਾ ਆਸਾਨ ਹੋ ਜਾਂਦਾ ਹੈ। ਬੈਂਕਾਂ ਤੋਂ ਖੇਤੀ ਕਰਜੇ ਲੈਣ ਵਿਚ ਆਸਾਨੀ ਹੁੰਦੀ ਹੈ। ਉਨ੍ਹਾਂ ਫਾਇਦਿਆਂ ਦੇ ਮੱਦੇਨਜ਼ਰ ਕਿਸਾਨਾਂ ਨੂੰ ਅਪੀਲ ਕੀਤੀ ਕਿ ਖਾਨਗੀ ਤਕਸੀਮ ਕਰਵਾਉਣ ਲਈ ਆਪਣੇ ਹਲਕਾ ਪਟਵਾਰੀ ਨਾਲ ਰਾਬਤਾ ਕਰਨ ਅਤ ਕਿਸੇ ਮੁਸ਼ਕਿਲ ਸਮੇਂ ਆਪਣੇ ਇਲਾਕੇ ਦੇ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਨਾਲ ਵੀ ਰਾਬਤਾ ਕੀਤਾ ਜਾ ਸਕਦਾ ਹੈ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply