ਘੁਮਾਣ, 31 ਮਈ (ਨਰਿੰਦਰ ਬਰਨਾਲ) – ਭਾਰਤ ਵਿੱਚ ਰੋਜ਼ਾਨਾ ਕਰੀਬ 2200 ਵਿਅਕਤੀ ਤੰਬਾਕੂ ਕਾਰਨ ਹੋਣ ਵਾਲੀਆਂ ਮਾਰੂ ਬਿਮਾਰੀਆਂ ਕਾਰਨ ਕੀਮਤੀ ਜਿੰਦਗੀ ਨੂੰ ਅਲਵਿਦਾ ਕਹਿ ਜਾਂਦੇ ਹਨ ਅਤੇ ਇਹ ਵੀ ਇੱਕ ਵੱਡਾ ਦੁਖਾਂਤ ਕਿ ਰੋਜ਼ਾਨਾ ਕਰੀਬ 5500 ਵਿਅਕਤੀ ਤੰਬਾਕੂ ਦੀ ਆਦਤ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐੱਸ.ਐੱਮ.ਓ ਡਾ. ਲਖਬੀਰ ਸਿੰਘ ਭਾਗੋਵਾਲ ਅੱਜ ਘੁਮਾਣ ਵਿਖੇ ਵਿਸ਼ਵ ਤੰਬਾਕੂ ਰਹਿਤ ਦਿਵਸ ਮੌਕੇ ਕਰਾਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਆਪਣੇ ਸੰਬੋਧਂ ‘ਚ ਕੀਤਾ।
ਡਾ. ਭਾਗੋਵਾਲ ਨੇ ਕਿਹਾ ਕਿ ਤੰਬਾਕੂ ਦਾ ਸੇਵਨ ਕਰਨ ਵਾਲੇ ਲੋਕਾਂ ਦੇ ਨਾਲ-ਨਾਲ ਇਸ ਦੇ ਦਾਇਰੇ ਵਿੱਚ ਆਉਣ ਵਾਲੇ ਵਿਅਕਤੀ ਵੀ ਲਾਇਲਾਜ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ ਇਸ ਲਈ ਇਸ ਤੋਂ ਬਚਾਅ ਲਈ ਜ਼ਰੂਰੀ ਹੈ ਕਿ ਅਸੀਂ ਸਾਰੇ ਮਿਲ ਕੇ ‘ਜ਼ਿੰਦਗੀ ਚੁਣੋ, ਤੁੰਬਾਕੂ ਨਹੀਂ’ ਦਾ ਨਾਅਦਾ ਬੁਲੰਦ ਕਰੀਏ ਕਿਉਂਕਿ ਤੰਬਾਕੂ ਦਾ ਸੇਵਨ ਮਨੁੱਖੀ ਸਿਹਤ ਲਈ ਜਾਨਲੇਵਾ ਸਾਬਿਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਇੱਕ ਵਿਅਕਤੀ ਬੀੜੀ ਜਾਂ ਸਿਗਰਟ ਪੀਂਦਾ ਹੈ ਤਾਂ ਨਜ਼ਦੀਕ ਖੜ੍ਹੇ ਵਿਅਕਤੀ ਨੂੰ ਵੀ ਸਾਹ ਰਾਹੀਂ ਉਸ ਧੂੰਏਂ ਦਾ ਬਹੁਤ ਨੁਕਸਾਨ ਪਹੁੰਚ ਰਿਹਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਤੰਬਾਕੂ ਪਦਾਰਥਾਂ ਤੋਂ ਦੂਰ ਰਹਿਣ ਦੇ ਨਾਲ ਨਾਲ ਸਮਾਜ ਅੰਦਰ ਇਸ ਭੈੜੀ ਲਾਹਨਤ ਬਾਰੇ ਹਰ ਵਰਗ ਦੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ । ਡਾ. ਭਾਗੋਵਾਲ ਨੇ ਕਿਹਾ ਕਿ ਤੰਬਾਕੂ ਪਦਾਰਥਾਂ ‘ਤੇ ਸਰਕਾਰ ਵੱਲੋਂ ਸਪੱਸ਼ਟ ਤੌਰ ਤੇ ਚੇਤਾਵਨੀ ਲਿਖ ਕੇ ਪ੍ਰੇਰਿਤ ਕੀਤਾ ਗਿਆ ਕਿ ਇਸ ਦਾ ਸੇਵਨ ਜਾਨਲੇਵਾ ਹੋ ਸਕਦਾ ਹੈ।
ਐੱਸ.ਐੱਮ.ਓ. ਡਾ. ਭਾਗੋਵਾਲ ਨੇ ਕਿਹਾ ਕਿ ਤੰਬਾਕੂ ਤੋਂ ਬਚਾਉਣ ਲਈ ਸਾਡੇ ਦੇਸ਼ ਵਿੱਚ ਸਾਲ 2003 ਵਿੱਚ ‘ਸਿਗਰਟ ਅਤੇ ਹੋਰ ਤੰਬਾਕੂ ਉਤਪਾਦ ਐਕਟ-2003’ ਬਣਾਇਆ ਗਿਆ, ਜਿਸ ਨੂੰ ‘ਕੋਟਪਾ 2003’ ਵੀ ਕਿਹਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਦੀਆਂ ਚਾਰ ਧਾਰਾਵਾਂ ਮਹੱਤਵਪੂਰਨ ਹਨ, ਜਿਸ ਤਹਿਤ ਕੋਈ ਵਿਅਕਤੀ ਕਿਸੇ ਜਨਤਕ ਸਥਾਨ ‘ਤੇ ਬੀੜੀ-ਸਿਗਰਟ ਨਹੀਂ ਪੀ ਸਕਦਾ, ਅਜਿਹਾ ਕਰਨ ਉੱਤੇ ਉਸ ਨੂੰ 200 ਰੁਪਏ ਤੱਕ ਜ਼ੁਰਮਾਨਾ ਵੀ ਹੋ ਸਕਦਾ ਹੈ। ਹਸਪਤਾਲ, ਸਰਕਾਰੀ ਅਤੇ ਗ਼ੈਰ-ਸਰਕਾਰੀ ਦਫਤਰ, ਪੰਚਾਇਤ ਘਰ ਅਤੇ ਸਕੂਲ ਆਦਿ ਸਾਰੇ ਜਨਤਕ ਸਥਾਨ ਹਨ। ਇਸੇ ਕਾਨੂੰਨ ਤਹਿਤ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਤੰਬਾਕੂ ਉਤਪਾਦ ਨਹੀਂ ਵੇਚਿਆ ਜਾ ਸਕਦਾ। ਕਿਸੇ ਵੀ ਵਿਦਿਅਕ ਅਦਾਰੇ ਦੀ ਬਾਹਰਲੀ ਕੰਧ ਤੋਂ 100 ਗਜ਼ (ਕਰੀਬ 300 ਫੁੱਟ) ਦੇ ਘੇਰੇ ਅੰਦਰ ਕੋਈ ਵਿਅਕਤੀ ਤੰਬਾਕੂ ਨਹੀਂ ਵੇਚ ਸਕਦਾ। ਡਾ. ਭਾਗੋਵਾਲ ਨੇ ਦੱਸਿਆ ਕਿ ਤੰਬਾਕੂ ਛੱਡਣ ਦੇ ਇਛੁੱਕ ਲੋਕ ਟੋਲ ਫਰੀ ਨੰਬਰ 1800 11 2356 ‘ਤੇ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media