
ਮਾਲੇਰਕੋਟਲਾ, 1 ਜੂਨ (ਹਰਮਿੰਦਰ ਸਿੰਘ ਭੱਟ) – 7 ਜੂਨ ਤੋਂ ਸ਼ੁਰੂ ਹੋ ਰਹੇ ਰਮਜ਼ਾਨ-ਉਲ-ਮੁਬਾਰਕ ਦੇ ਪਵਿੱਤਰ ਮਹੀਨੇ ਦੌਰਾਨ ਸਬ ਡਿਵੀਜ਼ਨ ਮਾਲੇਰਕੋਟਲਾ ਦੇ ਸ਼ਹਿਰ ਸਮੇਤ ਬਹੁ ਗਿਣਤੀ ਮੁਸਲਿਮ ਅਬਾਦੀ ਵਾਲੇ ਪਿੰਡਾਂ ਅੰਦਰ ਬਿਜਲੀ ਦੀ ਸਪਲਾਈ ਨਿਰਵਿਘਨ (24 ਘੰਟੇ) ਜਾਰੀ ਰੱਖਣ ਦੀ ਮੰਗ ਨੂੰ ਲੈ ਕੇ ਅੱਜ ਪੰਜਾਬ ਦੀ ਮੁੱਖ ਸੰਸਦੀ ਸਕੱਤਰ ਬੀਬੀ ਫਰਜ਼ਾਨਾ ਆਲਮ ਚੰਡੀਗੜ੍ਹ ਵਿਖੇ ਪੰਜਾਬ ਦੇ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ।ਬੀਬੀ ਆਲਮ ਨੇ ਰਮਜ਼ਾਨ ਦੇ ਪਵਿੱਤਰ ਮਹੀਨੇ ਬਾਰੇ ਬਾਦਲ ਸਾਹਿਬ ਨੂੰ ਜਾਣੂ ਕਰਵਾਉਂਦਿਆਂ ਦੱਸਿਆ ਕਿ ਮੁਸਲਿਮ ਸਮਾਜ ਅੰਦਰ ਰਮਜ਼ਾਨ-ਉਲ-ਮੁਬਾਰਕ ਦਾ ਵਿਸ਼ੇਸ਼ ਧਾਰਮਿਕ ਮਹੱਤਵ ਹੈ।ਇਸ ਪੂਰੇ ਮਹੀਨੇ ਦੌਰਾਨ ਮੁਸਲਮਾਨ ਰੋਜ਼ੇ ਰੱਖਦੇ ਹਨ ਅਤੇ ਰਾਤ ਨੂੰ ਇਬਾਦਤ (ਬੰਦਗੀ) ਕਰਦੇ ਹਨ। ਰੋਜ਼ਾ ਸਵੇਰੇ ਪੌਣੇ ਚਾਰ ਵਜੇ ਤੋਂ ਸ਼ੁਰੂ ਹੋ ਕੇ ਦੇਰ ਸ਼ਾਮ ਸਾਢੇ 7:30 ਵਜੇ ਤੱਕ ਚਲਦਾ ਹੈ। ਹਰੇਕ ਰੋਜ਼ੇਦਾਰ ਨੇ ਪੰਜ ਟਾਈਮ ਨਮਾਜ਼ ਤੇ ਰਾਤ ਨੂੰ ਤਰਾਵੀਆਂ ਪੜ੍ਹਣੀਆਂ ਹੁੰਦੀਆਂ ਹਨ।ਅੱਜ-ਕੱਲ੍ਹ ਗਰਮੀ ਦਾ ਮੋਸਮ ਚਲਦਾ ਹੋਣ ਕਾਰਨ ਬੇਤਹਾਸ਼ਾ ਗਰਮੀ ਪੈ ਰਹੀ ਹੈ, ਜਿਸ ਕਾਰਨ ਬਿਜਲੀ ਪਾਣੀ ਦੀ ਬਹੁਤ ਲੋੜ ਪੈਂਦੀ ਹੈ। ਇਸ ਮਹੀਨੇ ਦੌਰਾਨ ਬਿਜਲੀ ਦੇ ਕੱਟ ਲੱਗਣ ਨਾਲ ਰੋਜ਼ੇਦਾਰਾਂ ਨੂੰ ਆਪਣੀ ਇਬਾਦਤ ਕਰਨ ‘ਚ ਮੁਸ਼ਕਿਲ ਪੇਸ਼ ਆਉਂਦੀ ਹੈ।ਉਨ੍ਹਾਂ ਬਾਦਲ ਸਾਹਿਬ ਨੂੰ ਪੂਰਜ਼ੋਰ ਬੇਨਤੀ ਕੀਤੀ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਮਾਲੇਰਕੋਟਲਾ ਇਲਾਕੇ ਅੰਦਰ ਰਮਜ਼ਾਨ ਦੇ ਪੂਰੇ ਮਹੀਨੇ ਦੌਰਾਨ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਪਾਵਰਕਾਮ ਵਿਭਾਗ ਨੂੰ ਹੁਕਮ ਜਾਰੀ ਕੀਤੇ ਜਾਣ। ਮੁੱਖ ਮੰਤਰੀ ਸਾਹਿਬ ਨੇ ਤੁਰੰਤ ਪਾਵਰਕਾਮ ਦੇ ਚੇਅਰਮੈਨ ਨੂੰ ਫੋਨ ਕਰਕੇ ਅਦੇਸ਼ ਜਾਰੀ ਕੀਤੇ ਕਿ ਰਮਜ਼ਾਨ ਦੇ ਮਹੀਨੇ ਦੌਰਾਨ ਮਾਲੇਰਕੋਟਲਾ ਇਲਾਕੇ ਅੰਦਰ 24 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ। ਮੁੱਖ ਮੰਤਰੀ ਬਾਦਲ ਸਾਹਿਬ ਵੱਲੋਂ ਉਨ੍ਹਾਂ ਦੀ ਮੰਗ ਨੂੰ ਤੁਰੰਤ ਪੂਰਾ ਕੀਤੇ ਜਾਣ ‘ਤੇ ਮੁੱਖ ਸੰਸਦੀ ਸਕੱਤਰ ਬੀਬੀ ਫਰਜ਼ਾਨਾ ਆਲਮ ਨੇ ਧੰਨਵਾਦ ਕੀਤਾ।
Check Also
ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ
ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …
Punjab Post Daily Online Newspaper & Print Media