Tuesday, March 24, 2026

ਸਰਵ ਧਰਮ ਸੰਸਦ ਦੇ ਸੰਤਾਂ ਵੱਲੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਰਾਸ਼ਟਰ ਵਿਆਪੀ ਸ਼ਾਂਤੀ ਯਾਤਰਾ ਦੀ ਸ਼ੁਰੂਆਤ

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿ: ਗੁਰਬਚਨ ਸਿੰਘ ਨੇ ਕੀਤੀ ਅਰੰਭਤਾ ਦੀ ਅਰਦਾਸ

PPN1806201614

ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ ਸੱਗੂ)- ਦੇਸ਼ ਵਿੱਚ ਅਮਨ ਸ਼ਾਂਤੀ, ਸਦਭਾਵਨਾ ਅਤੇ ਭਾਈਚਾਰਿਆਂ ਵਿੱਚ ਆਪਸੀ ਪ੍ਰੇਮ ਪਿਆਰ ਵਧਾਉਣ ਲਈ ਅੱਜ ਭਾਰਤੀ ਸਰਵ ਧਰਮ ਸੰਸਦ ਦੇ ਸੰਤਾਂ ਵੱਲੋਂ ਰਾਸ਼ਟਰ ਵਿਆਪੀ ਸ਼ਾਂਤੀ ਯਾਤਰਾ ਦੀ ਸ਼ੁਰੂਆਤ ਵਿਸ਼ਵ ਵਿਆਪੀ ਮਾਨਵਤਾ ਦੇ ਕੇਂਦਰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਕੀਤੀ ਗਈ।ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿ: ਗੁਰਬਚਨ ਸਿੰਘ ਵਲੋਂ ਸ਼ਾਂਤੀ ਯਾਤਰਾ ਦੀ ਅਰੰਭਤਾ ਦੀ ਅਰਦਾਸ ਵਿੱਚ ਗੋਸਵਾਮੀ ਸੁਨੀਲ ਜੀ ਮਹਾਰਾਜ ਰਾਸ਼ਟਰੀ ਸੰਯੋਜਕ, ਅਚਾਰਿਆ ਡਾ. ਲੋਕੇਸ਼ ਮੁਨੀ, ਪਰਮਜੀਤ ਸਿੰਘ ਚੰਡੋਕ, ਇਮਾਮ ਉਮੇਰ ਅਹਿਮਦ ਇਲਆਸੀ, ਸਵਾਮੀ ਦਿਪਾਂਦਰ ਜੀ ਮਹਾਰਾਜ ਅਤੇ ਸੰਤ ਸ਼ਮਸ਼ੇਰ ਸਿੰਘ ਜਗੇੜਾ ਨੇ ਸ਼ਮੂਲੀਅਤ ਕੀਤੀ।ਜਥੇਦਾਰ ਨੇ ਇਸ ਸਮੇਂ ਉਮੀਦ ਜਤਾਈ ਕਿ ਇਹ ਸ਼ਾਂਤੀ ਯਾਤਰਾ ਭਾਈਚਾਰਿਆਂ ਦਰਮਿਆਨ ਸਦਭਾਵਨਾ ਪੈਦਾ ਕਰਨ ਲਈ ਇੱਕ ਮੀਲ ਪੱਥਰ ਸਾਬਿਤ ਹੋਵੇਗੀ।ਸੰਤਾਂ ਦਾ ਵਫਦ ਸ੍ਰੀ ਦੁਰਗਿਆਨਾ ਮੰਦਰ, ਸ਼ਾਹੀ ਜਾਮਾ ਮਸਜਿਦ ਅਤੇ ਅਟਾਰੀ ਵਾਹਗਾ ਬਾਰਡਰ ਵੀ ਗਿਆ ਅਤੇ ਯਾਤਰਾ ਦੀ ਕਾਮਯਾਬੀ ਦੀ ਕਾਮਨਾ ਕੀਤੀ।
ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੱਖ-ਵੱਖ ਧਰਮਾਂ ਨਾਲ ਸਬੰਧਤ ਸੰਤਾਂ ਮਹਾਪੁਰਖਾਂ ਨੇ ਕਿਹਾ ਕਿ ਧਰਮ ਸਾਨੂੰ ਸਭ ਨੂੰ ਜੋੜਦਾ ਹੈ ਅਤੇ ਹਿੰਸਾ, ਈਰਖਾ, ਡਰ ਅਤੇ ਨਫਰਤ ਦਾ ਧਰਮ ਵਿੱਚ ਕੋਈ ਸਥਾਨ ਨਹੀਂ ਹੈ।ਡਾ. ਲੋਕੇਸ਼ ਮੁਨੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਜ਼ੋ ਸ਼ਾਂਤੀ ਮਾਰਚ ਸ਼ੁਰੂ ਕੀਤਾ ਗਿਆ ਹੈ, ਉਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਦਭਾਵਨਾ ਦਾ ਸੰਦੇਸ਼ ਦੇਣ ਨਾਲ ਨਾਲ ਗਵਾਂਢੀ ਮੁਲਕਾਂ ਵਿੱਚ ਜਾ ਕੇ ਉਥੋਂ ਦੇ ਧਾਰਮਿਕ ਆਗੂਆਂ ਨਾਲ ਮਿਲ ਕੇ ਮੁਲਕਾਂ ਦਰਮਿਆਨ ਕਸ਼ੀਦਗੀ ਘਟਾਉਣ ਤੇ ਸਦਭਾਵਨਾ ਵਧਾਉਣ ਲਈ ਕੰਮ ਕਰਨਗੇ।ਉਨਾਂ ਕਿਹਾ ਕਿ ਕਿਸੇ ਵੀ ਦੇਸ਼ ਦੇ ਵਿਕਾਸ ਲਈ ਅਮਨ ਤੇ ਸ਼ਾਂਤੀ ਜਰੂਰੀ ਹੈ।ਉਨ੍ਹਾਂ ਕਿਹਾ ਕਿ ਕੋਈ ਕਿਸੇ ਦਾ ਦੁਸ਼ਮਣ ਨਹੀਂ ਬਲਕਿ ਗਰੀਬੀ, ਕਮਜ਼ੋਰ, ਆਰਥਿਕਤਾ ਤੇ ਚਕਿਤਸਾ ਦੀ ਕਮੀ ਵੱਡੀਆਂ ਦੁਸ਼ਮਣ ਹਨ।ਉਨਾਂ ਸੰਪਰਦਾਇਕ ਕੱਟੜਤਾ ਅਤੇ ਜਾਤੀਵਾਦੀ ਜਨੂੰਨ ਲੋਕਤੰਤਰ ਦੀਆਂ ਜੜਾਂ ਕਮਜੋਰ ਕਰਦਾ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸਰਵ ਧਰਮ ਸੰਸਦ ਦੇ ਸੰਤ ਰਾਜਨੀਤੀ ਤੋਂ ਦੂਰ ਰਹਿ ਕੇ ਚੱਲਣਗੇ ਅਤੇ ਦਿਨੋ ਦਿਨ ਵਧ ਰਹੀ ਵਧ ਰਹੀ ਫਿਰਕਾਪ੍ਰਸਤੀ ਨੂੰ ਖਤਮ ਕਰਨ ਲਈ ਜਾਗਰੂਕਤਾ ਫੈਲਾਉਣਗੇ। ਸਿਆਸੀ ਪਾਰਟੀਆਂ ਦੀ ਧਰਮ ਤੇ ਰੱਖੀ ਟੇਕ ਬਾਰੇ ਉਨ੍ਹਾਂ ਕਿਹਾ ਕਿ ਸਰਵ ਧਰਮ ਸੰਸਦ ਦੇ ਸੰਤ ਸਮਾਜ ਤੇ ਵੋਟਰਾਂ ਨੂੰ ਜਗਾਉਣ ਦਾ ਕੰਮ ਕਰ ਰਹੇ ਹਨ ਅਤੇ ਜਾਨ ਜ਼ੋਖਮ ਵਿੱਚ ਪਾ ਕੇ ਵੀ ਉਹ ਭਾਈਚਾਰਿਆਂ ਵਿੱਚ ਸਦਭਾਵਨਾ ਲਈ ਕੰਮ ਕਰ ਰਹੇ ਹਨ ਤੇ ਕਰਦੇ ਰਹਿਣਗੇ। ਸੰਤਾਂ ਨੇ ਕਿਹਾ ਕਿ ਉਨ੍ਹਾਂ ਦਾ ਕੰਮ ਧਰਮਾਂ ਵਿੱਚ ਦੂਰੀ ਵਧਾਉਣਾ ਨਹੀਂ ਬਲਕਿ ਖਤਮ ਕਰਨਾ ਹੈ, ਜਿਸ ਵਿੱਚ ਉਹ ਕਾਮਯਾਬ ਹੋਣਗੇ।
ਪੰਜਾਬ ਵਿੱਚ ਨਸ਼ਿਆਂ ਦੀ ਗੱਲ ਕਰਦਿਆਂ ਉਨ੍ਹਾਂ ਨੇ ਉੜਤਾ ਪੰਜਾਬ ਫਿਲਮ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਦੀ ਟਿੱਪਣੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਨਸ਼ਾ ਇੱਕ ਸੂਬੇ ਦੀ ਨਹੀਂ ਪੂਰੇ ਦੇਸ਼ ਦੀ ਸਮੱਸਿਆ ਹੈ ਅਤੇ ਚੰਗੀ ਗੱਲ ਇਹ ਹੈ ਕਿ ਉਨ੍ਹਾਂ ਨੇ ਨਸ਼ਿਆਂ, ਭਰੂਣ ਹੱਤਿਆ ਤੇ ਪਾਣੀ ਦੇ ਬਚਾਅ ਲਈ ਗੁਰੂ ਨਗਰ ਤੋਂ ਮਾਰਚ ਅਰੰਭਿਆ ਹੈ।ਉਨ੍ਹਾਂ ਕਿਹਾ ਕਿ ਉਹ ਤੂਫਾਨ ਤੇ ਦੀਵੇ ਦੀ ਲੜਾਈ ਲੜ ਰਹੇ ਹਨ ਅਤੇ ਦੀਵਾ ਹਮੇਸ਼ਾਂ ਜੱਗਦਾ ਰੱਖਣ ਲਈ ਜੱਦੋਜਹਿਦ ਕਰੇ ਰਹਿਣਗੇ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply