Monday, March 16, 2026

ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੀ ਟੀਮ ਵੱਲੋਂ ਕੇਂਦਰੀ ਜੇਲ੍ਹ ਦਾ ਦੌਰਾ

PPN2706201608ਅੰਮ੍ਰਿਤਸਰ, 27 ਜੂਨ (ਜਗਦੀਪ ਸਿੰਘ ਸੱਗੂ)- ਪੰਜਾਬ ਸਰਕਾਰ ਘੱਟ ਗਿਣਤੀਆਂ ਦੀ ਧਾਰਮਿਕ ਆਜ਼ਾਦੀ ਅਤੇ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਨ੍ਹਾਂ ਦੀ ਭਲਾਈ ਲਈ ਸ਼ਲਾਘਾਯੋਗ ਕੰਮ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਅੱਜ ਸਥਾਨਕ ਸਰਕਟ ਹਾਊਸ ਵਿਖੇ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਬਾਬੂ ਮੁਨੱਵਰ ਮਸੀਹ ਨੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹ ਅੱਜ ਇਥੇ ਕਮਿਸ਼ਨ ਦੀ ਟੀਮ ਵੱਲੋਂ ਕੇਂਦਰੀ ਸੁਧਾਰ ਘਰ ਅੰਮ੍ਰਿਤਸਰ ਦੇ ਕੀਤੇ ਗਏ ਦੌਰੇ ਸਬੰਧੀ ਜਾਣਕਾਰੀ ਦੇ ਰਹੇ ਸਨ।
ਬਾਬੂ ਮੁਨੱਵਰ ਮਸੀਹ ਨੇ ਦੱਸਿਆ ਕਿ ਰਮਜ਼ਾਨ ਦੇ ਮਹੀਨੇ ਮੁਸਲਿਮ ਕੈਦੀਆਂ ਨੂੰ ਮਿਲ ਰਹੀਆਂ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਕਮਿਸ਼ਨ ਦੇ ਮੈਂਬਰਾਂ ਅਬਦੁੱਲ ਸ਼ਕੂਰ ਮਾਂਗਟ, ਯਾਕੂਬ ਮਸੀਹ ਅਤੇ ਗੈਰ-ਸਰਕਾਰੀ ਮੈਂਬਰ ਜੌਹਨ ਕੋਟਲੀ ‘ਤੇ ਆਧਾਰਿਤ ਟੀਮ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਜੇਲ੍ਹਾਂ ਦਾ ਦੌਰਾ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਟੀਮ ਨੇ ਬੀਤੇ ਦਿਨ ਲੁਧਿਆਣਾ ਜੇਲ੍ਹ ਦਾ ਦੌਰਾ ਕੀਤਾ ਸੀ ਅਤੇ ਅੱਜ ਅੰਮ੍ਰਿਤਸਰ ਜੇਲ੍ਹ ਦਾ ਦੌਰਾ ਕਰਕੇ ਉਥੇ ਬੰਦ ਮੁਸਲਿਮ ਕੈਦੀਆਂ ਨੂੰ ਮਿਲ ਰਹੀਆਂ ਸਹੂਲਤਾਂ ਦਾ ਜਾਇਜ਼ਾ ਲਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਦੀਆਂ ਨੂੰ ਆਪਣੀਆਂ ਧਾਰਮਿਕ ਰਹੁ-ਰੀਤਾਂ ਪੂਰੀਆਂ ਕਰਨ ਲਈ ਇਕੋ ਬੈਰਕ ਵਿਚ ਰੱਖਿਆ ਗਿਆ ਹੈ ਅਤੇ ਇਨ੍ਹਾਂ ਦੇ ਖਾਣੇ ਅਤੇ ਡਾਕਟਰੀ ਸਹੂਲਤਾਂ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਜੇਲ੍ਹਾਂ ਵਿਚ ਬੰਦ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਦੀ ਧਾਰਮਿਕ ਆਜ਼ਾਦੀ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ ਜਿਨ੍ਹਾਂ ਨੂੰ ਯਕੀਨੀ ਬਣਾਉਣ ਲਈ ਕਮਿਸ਼ਨ ਦੀ ਟੀਮ ਜੇਲ੍ਹਾਂ ਦਾ ਦੌਰਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁਸਲਿਮ ਕੈਦੀਆਂ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ‘ਤੇ ਟੀਮ ਨੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਇਹ ਟੀਮ ਗੁਰਦਾਸਪੁਰ, ਸੰਗਰੂਰ ਅਤੇ ਬਠਿੰਡਾ ਦੀਆਂ ਜੇਲ੍ਹਾਂ ਦਾ ਦੌਰਾ ਕਰੇਗੀ।
ਸ੍ਰੀ ਮੁਨੱਵਰ ਮਸੀਹ ਨੇ ਕਿਹਾ ਕਿ ਪੰਜਾਬ ਵਿਚ ਘੱਟ ਗਿਣਤੀ ਭਾਈਚਾਰੇ ਦੀ ਭਲਾਈ ਲਈ ਜਿਹੜੇ ਕਦਮ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਚੁੱਕੇ ਹਨ, ਉਹ ਪਹਿਲਾਂ ਕਿਸੇ ਵੀ ਸਰਕਾਰ ਨੇ ਨਹੀਂ ਚੁੱਕੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨਾਲ ਘੱਟ ਗਿਣਤੀ ਭਾਈਚਾਰੇ ਵਿਚ ਬਰਾਬਰੀ ਅਤੇ ਆਤਮ ਵਿਸ਼ਵਾਸ ਦੀ ਭਾਵਨਾ ਪੈਦਾ ਹੋਈ ਹੈ ਜਿਸ ਨਾਲ ਸੂਬਾ ਵਿਕਾਸ ਦੀਆਂ ਲੀਹਾਂ ‘ਤੇ ਚੱਲ ਰਿਹਾ ਹੈ। ਇਸ ਮੌਕੇ ਕਮਿਸ਼ਨ ਦੇ ਮੈਂਬਰਾਂ ਅਬਦੁੱਲ ਸ਼ਕੂਰ ਮਾਂਗਟ ਅਤੇ ਯਾਕੂਬ ਮਸੀਹ ਨੇ ਦੱਸਿਆ ਕਿ ਲੁਧਿਆਣਾ ਜੇਲ੍ਹ ਵਿਚ ਇਸ ਵੇਲੇ 125 ਅਤੇ ਅੰਮ੍ਰਿਤਸਰ ਜੇਲ੍ਹ ਵਿਚ 56 ਮੁਸਲਿਮ ਹਵਾਲਾਤੀ ਹਨ, ਜਿਨ੍ਹਾਂ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਰਮਜ਼ਾਨ ਦੌਰਾਨ ਵਿਸ਼ੇਸ਼ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ ਤਾਂ ਜੋ ਉਨ੍ਹਾਂ ਦੇ ਰੋਜ਼ੇ ਅਤੇ ਪੰਜ ਵਕਤ ਦੀ ਨਮਾਜ਼ ਵਿਚ ਕੋਈ ਵਿਘਨ ਨਾ ਪਵੇ। ਇਸ ਮੌਕੇ ਸ਼ਹਿਰੀ ਇਮਾਮ ਅੰਮ੍ਰਿਤਸਰ ਮੁਜ਼ਾਮਿਲ ਹੁਸੈਨ ਕਾਦਰੀ, ਈਦਗਾਹ ਇੰਤਜ਼ਾਮੀਆ ਦੇ ਜਨਰਲ ਸਕੱਤਰ ਐਨੁਅਲ ਰਾਹੀ, ਮੁਸਲਿਮ ਵੈਲਫੇਅਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਮੁਹੰਮਦ ਯੂਸਫ ਮਲਿਕ, ਯੂਸਫ ਮਸੀਹ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply