
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ ਸੱਗੂ) – ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੈਡ ਕਰਾਸ ਸੁਸਾਇਟੀ ਵਿੱਚ ਸ਼ੁਰੂ ਕੀਤੀ ਪੰਘੂੜਾ ਸਕੀਮ ਤਹਿਤ ਅੱਜ ਇਕ ਹੋਰ ਬੱਚੀ ਨੂੰ ਪੰਘੂੜੇ ਚੋਂ ਪ੍ਰਾਪਤ ਕੀਤਾ ਗਿਆ। ਇਸ ਬੱਚੀ ਨੂੰ ਸ੍ਰੀਮਤੀ ਨਰਿੰਦਰ ਕੌਰ (ਸੁਪਤਨੀ ਵਧੀਕ ਡਿਪਟੀ ਕਮਿਸ਼ਨਰ ਸ. ਤਜਿੰਦਰ ਪਾਲ ਸਿੰਘ ਸੰਧੂ) ਨੇ ਪ੍ਰਾਪਤ ਕੀਤਾ ਅਤੇ ‘ਲਾਪਾ’ ਸਕੀਮ ਅਧੀਨ ਸਵਾਮੀ ਗੰਗਾ ਨੰਦ ਭੂਰੀਵਾਲੇ ਫਾਊਂਡੇਸ਼ਨ, ਧਾਮ ਤਲਵੰਡੀ ਖੁਰਦ, ਲੁਧਿਆਣਾ ਭੇਜਣ ਦੀ ਪ੍ਰਕਿਰਿਆ ਪੂਰੀ ਕੀਤੀ। ਪੰਘੂੜਾ ਸਕੀਮ ਤਹਿਤ ਇਸ ਬੱਚੀ ਦੇ ਆਉਣ ਨਾਲ ਕੁੱਲ ਬੱਚਿਆਂ ਦੀ ਗਿਣਤੀ 135 ਹੋ ਗਈ ਹੈ ਜਿਨਾਂ ਵਿਚ 115 ਲੜਕੀਆਂ ਅਤੇ 20 ਲੜਕੇ ਹਨ।
ਸ੍ਰੀਮਤੀ ਨਰਿੰਦਰ ਕੌਰ ਨੇ ਦੱਸਿਆ ਕਿ ਬੀਤੀ 2 ਜੁਲਾਈ ਨੂੰ ਰਾਤ 11.45 ਵਜੇ ਦੇ ਕਰੀਬ ਦੋ-ਢਾਈ ਸਾਲ ਦੀ ਇਸ ਬੱਚੀ ਨੂੰ ਕਿਸੇ ਵੱਲੋਂ ਪੰਘੂੜੇ ਵਿੱਚ ਪਾਇਆ ਗਿਆ ਸੀ ਜਿਸ ਦਾ ਮੈਡੀਕਲ ਪਾਰਵਤੀ ਦੇਵੀ ਹਸਪਤਾਲ, ਰਣਜੀਤ ਐਵੀਨਿਊ ਤੋਂ ਕਰਵਾਇਆ ਗਿਆ ਅਤੇ ਇਸ ਵੇਲੇ ਬੱਚੀ ਬਿਲਕੁਲ ਤੰਦਰੁਸਤ ਹੈ। ਇਸ ਲਈ ਇਸ ਬੱਚੀ ਨੂੰ ਪਾਲਣ-ਪੋਸ਼ਣ ਅਤੇ ਕਾਨੂੰਨੀ ਅਡਾਪਸ਼ਨ ਹਿੱਤ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਸਰਕਾਰ ਵੱਲੋਂ ਨਿਰਧਾਰਿਤ ਸੰਸਥਾ ਵਿਖੇ ਭੇਜਿਆ ਜਾਵੇਗਾ, ਜਿਥੇ ਪਹਿਲਾਂ ਭੇਜੇ ਗਏ ਬੱਚਿਆਂ ਵਾਂਗ ਸਰਕਾਰ ਵੱਲੋਂ ਨਿਰਧਾਰਿਤ ਪ੍ਰਕਿਰਿਆ ਪੂਰੀ ਕਰਨ ਉਪਰੰਤ ਸੰਸਥਾ ਵੱਲੋਂ ਇਸ ਬੱਚੀ ਦੀ ਲੋੜਵੰਦ ਪਰਿਵਾਰ ਨੂੰ ਅਡਾਪਸ਼ਨ ਕਰਵਾ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਨਵਰੀ 2008 ਤੋਂ ਰੈੱਡ ਕਰਾਸ ਦਫ਼ਤਰ ਦੇ ਬਾਹਰ ਇਕ ‘ਪੰਘੂੜਾ’ ਸਥਾਪਿਤ ਕੀਤਾ ਗਿਆ ਹੈ ਅਤੇ ਕੋਈ ਵੀ ਲਾਵਾਰਿਸ ਅਤੇ ਪਾਲਣ-ਪੋਸ਼ਣ ਤੋਂ ਅਸਮਰੱਥ ਰਹਿਣ ਵਾਲੇ ਮਾਪੇ ਅਣਚਾਹੇ ਬੱਚੇ ਨੂੰ ਇਸ ਪੰਘੂੜੇ ਵਿਚ ਰੱਖ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪੰਘੂੜੇ ਵਿਚ ਪ੍ਰਾਪਤ ਹੋਣ ਉਪਰੰਤ ਬੱਚੇ ਨੂੰ ਰੈਡ ਕਰਾਸ ਵੱਲੋਂ ਮੈਡੀਕਲ ਸਹਾਇਤਾ ਦਿਵਾ ਕੇ ਤੰਦਰੁਸਤ ਹਾਲਤ ਵਿਚ ਉਸ ਦੀ ਸੁਰੱਖਿਆ, ਪਾਲਣ-ਪੋਸ਼ਣ ਅਤੇ ਚੰਗੇ ਭੱਵਿਖ ਲਈ ਸਰਕਾਰ ਵੱਲੋਂ ਘੋਸ਼ਿਤ ਕੀਤੀਆਂ ਸੰਸਥਾਵਾਂ (ਲੀਗਲ ਅਡਾਪਸ਼ਨ ਐਂਡ ਪਲੇਸਮੈਂਟ ਏਜੰਸੀੇ) ਵਿਚ ਪ੍ਰਵਰਿਸ਼ ਲਈ ਤਬਦੀਲ ਕਰ ਦਿੱਤਾ ਜਾਂਦਾ ਹੈ। ਇਸ ਮੌਕੇ ਰੈੱਡ ਕਰਾਸ ਦੇ ਵਧੀਕ ਸਕੱਤਰ ਠਾਕੁਰ ਰਣਧੀਰ ਸਿੰਘ, ਸੁਪਰਡੈਂਟ ਸ੍ਰੀ ਦਵਿੰਦਰ ਸ਼ਰਮਾ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।
Check Also
ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ
ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …
Punjab Post Daily Online Newspaper & Print Media