ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ ਸੱਗੂ) – ਪੈਨਸ਼ਨਾਂ ਦੇ ਕੰਮ ਨੂੰ ਪਾਰਦਰਸ਼ੀ ਅਤੇ ਸੁਖ਼ਾਲਾ ਬਣਾਉਣ ਦੇ ਮਕਸਦ ਨਾਲ ਬੁਢਾਪਾ, ਵਿਧਵਾ, ਅਪੰਗ ਅਤੇ ਆਸ਼ਰਿਤ ਪੈਨਸ਼ਨ ਪ੍ਰਾਪਤ ਕਰ ਰਹੇ ਲਾਭਪਾਤਰੀਆਂ ਲਈ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਇਕ ਵਿਸ਼ੇਸ਼ ਪੋਰਟਲ ਬਣਾਇਆ ਗਿਆ ਹੈ, ਜਿਸ ਵਿਚ ਲਾਭਪਾਤਰੀਆਂ ਦੀ ਮੁਢਲੀ ਜਾਣਕਾਰੀ ਤੋਂ ਇਲਾਵਾ ਆਧਾਰ ਕਾਰਡ ਅਤੇ ਉਨ੍ਹਾਂ ਦਾ ਮੋਬਾਈਲ ਨੰਬਰ ਸ਼ਾਮਿਲ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਨੇ ਕਿਹਾ ਕਿ ਜ਼ਿਲ੍ਹੇ ਵਿਚ ਲਾਭਪਾਤਰੀਆਂ ਦੀ ਸੂਚਨਾ ਇਸ ਪੋਰਟਲ ਵਿਚ ਸ਼ਾਮਿਲ ਕਰਨ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪੈਨਸ਼ਨ ਪ੍ਰਾਪਤ ਕਰਨ ਵਾਲੇ ਲਾਭਪਾਤਰੀਆਂ ਨੇ ਆਪਣੇ ਆਧਾਰ ਕਾਰਡ ਅਤੇ ਮੋਬਾਈਲ ਨੰਬਰ ਦੀ ਸੂਚਨਾ ਹਾਲੇ ਤੱਕ ਆਪਣੇ ਬਾਲ ਵਿਕਾਸ ਤੇ ਪ੍ਰਾਜੈਕਟ ਅਫ਼ਸਰ ਨੂੰ ਨਹੀਂ ਦਿੱਤੀ, ਉਹ ਤੁਰੰਤ ਆਪਣੇ ਬਲਾਕ ਨਾਲ ਸਬੰਧਤ ਸੀ. ਡੀ. ਪੀ. ਓ ਦਫ਼ਤਰ ਜਮ੍ਹਾ ਕਰਵਾਉਣ ਤਾਂ ਜੋ ਪੈਨਸ਼ਨ ਦੀ ਅਦਾਇਗੀ ਸਬੰਧੀ ਕਾਰਵਾਈ ਜਲਦ ਤੋਂ ਜਲਦ ਅਮਲ ਵਿਚ ਲਿਆਂਦੀ ਜਾ ਸਕੇ। ਉਨ੍ਹਾਂ ਕਿਹਾ ਕਿ ਲਾਭਪਾਤਰੀ ਇਸ ਸਬੰਧੀ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਦੇ ਦਫ਼ਤਰ ਨਾਲ ਤਾਲਮੇਲ ਕਰ ਸਕਦੇ ਹਨ।
ਸ੍ਰੀ ਰੂਜਮ ਨੇ ਕਿਹਾ ਕਿ ਜੇਕਰ ਕਿਸੇ ਲਾਭਪਾਤਰੀ ਕੋਲ ਆਪਣਾ ਮੋਬਾਈਲ ਨੰਬਰ ਨਾ ਹੋਵੇ ਤਾਂ ਉਹ ਆਪਣੇ ਨਜ਼ਦੀਕੀ/ਪਰਿਵਾਰ ਦੇ ਕਿਸੇ ਮੈਂਬਰ ਦਾ ਨੰਬਰ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਪੈਨਸ਼ਨ ਭੇਜਦੇ ਸਮੇਂ ਇਨ੍ਹਾਂ ਫੋਨ ਨੰਬਰਾਂ ‘ਤੇ ਪੈਨਸ਼ਨ ਸਬੰਧੀ ਜਾਣਕਾਰੀ ਜਾਂ ਸੁਨੇਹੇ ਆਦਿ ਭੇਜਣ ਦੀ ਤਜਵੀਜ਼ ਹੈ। ਇਸ ਤੋਂ ਇਲਾਵਾ ਸਮੇਂ-ਸਮੇਂ ‘ਤੇ ਅਧਿਕਾਰੀਆਂ ਵੱਲੋਂ ਸਿੱਧੇ ਤੌਰ ‘ਤੇ ਲਾਭਪਾਤਰੀ ਨਾਲ ਸੰਪਰਕ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪੈਨਸ਼ਨਾਂ ਦੇ ਕੰਮ ਵਿਚ ਜਿਥੇ ਪਾਰਦਰਸ਼ਤਾ ਆਵੇਗੀ ਉਥੇ ਪੈਨਸ਼ਨ ਸਬੰਧੀ ਸ਼ਿਕਾਇਤਾਂ ਦਾ ਨਿਪਟਾਰਾ ਵੀ ਸਮੇਂ ਸਿਰ ਹੋਵੇਗਾ। ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਨਵੀਂ ਪੈਨਸ਼ਨ ਲਗਾਉਣ ਲਈ ਜਿਹੜੇ ਬਿਨੈਕਾਰ ਸਰਕਾਰ ਵੱਲੋਂ ਨਿਰਧਾਰਤ ਸ਼ਰਤਾਂ ਪੂਰੀਆਂ ਕਰਦੇ ਹਨ, ਉਹ ਆਪਣੀ ਅਰਜ਼ੀ ਸਿੱਧੇ ਤੌਰ ‘ਤੇ ਸਬੰਧਤ ਐਸ. ਡੀ. ਐਮ ਦਫ਼ਤਰ ਨੂੰ ਦੇ ਸਕਦੇ ਹਨ, ਜਿਥੇ ਐਸ. ਡੀ. ਐਮ ਵੱਲੋਂ ਤਿੰਨ ਦਿਨਾਂ ਦੇ ਅੰਦਰ-ਅੰਦਰ ਆਰਜ਼ੀ ਪੈਨਸ਼ਨ ਮਨਜ਼ੂਰ ਕੀਤੀ ਜਾਵੇਗੀ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media