
ਪਠਾਨਕੋਟ, 22 ਜੁਲਾਈ (ਪੰਜਾਬ ਪੋਸਟ ਬਿਊਰੋ) – 70ਵੇਂ ਆਜ਼ਾਦੀ ਦਿਵਸ ਦਾ ਜ਼ਿਲ੍ਹਾ ਪੱਧਰ ਦਾ ਸਮਾਗਮ ਆਧੁਨਿਕ ਖੇਡ ਸਟੇਡੀਅਮ, ਲਮੀਣੀ (ਪਠਾਨਕੋਟ) ਵਿਖੇ ਬੜੀ ਧੂਮ-ਧਾਮ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਹ ਪ੍ਰਗਟਾਵਾ ਸ਼੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਨੇ ਆਜ਼ਾਦੀ ਦਿਵਸ ਦੇ ਸਮਾਗਮ ਨੂੰ ਸਫ਼ਲਤਾ ਪੂਰਵਕ ਅਤੇ ਸੁਚਾਰੂ ਢੰਗ ਨਾਲ ਮਨਾਉਣ ਲਈ ਕੀਤੇ ਜਾਣ ਵਾਲੇ ਅਗੇਤੇ ਪ੍ਰਬੰਧਾਂ ਸਬੰਧੀ ਸਥਾਨਕ ਸਵਿਮਿੰਗ ਪੂਲ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਗੁਲਨੀਤ ਸਿੰਘ ਖੁਰਾਨਾ ਐਸ.ਪੀ. ਹੈਡਕੁਆਟਰ, ਸੁਰਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਗੁਰਜੀਤ ਸਿੰਘ ਐਸ.ਡੀ.ਐਮ. ਧਾਰਕਲਾਂ, ਡਾ. ਅਮਿਤ ਮਹਾਜਨ ਐਸ.ਡੀ.ਐਮ ਪਠਾਨਕੋਟ, ਪਾਲ ਸਿੰਘ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਡਾ. ਨਰੇਸ਼ ਕਾਂਸਰਾ ਸਿਵਲ ਸਰਜਨ, ਰਾਜੇਸ਼ ਕੁਮਾਰ ਜ਼ਿਲ੍ਹਾ ਸਿੱਖਿਆ ਅਫ਼ਸਰ(ਸ), ਮੰਗਲ ਦਾਸ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ, ਇੰਦਰਜੀਤ ਸਿੰਘ ਚਾਵਲਾ ਜੀ.ਐਮ. ਪੰਜਾਬ ਰੋਡਵੇਜ਼, ਕੁਲਦੀਪ ਸਿੰਘ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਅਰੁਣ ਕੁਮਾਰ ਅਤੇ ਵੱਖ ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਜ਼ਾਦੀ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਗਮ ਮੌਕੇ ਮੁੱਖ ਮਹਿਮਾਨ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਅਤੇ ਇੱਕ ਪ੍ਰਭਾਵਸ਼ਾਲੀ ਮਾਰਚ ਪਾਸਟ ਤੋਂ ਸਲਾਮੀ ਲੈਣਗੇ। ਮਾਰਚ ਪਾਸਟ ਵਿੱਚ ਪੰਜਾਬ ਪੁਲੀਸ, ਪੰਜਾਬ ਮਹਿਲਾ ਪੁਲੀਸ, ਪੰਜਾਬ ਹੋਮਗਾਰਡ, ਐਨ.ਸੀ.ਸੀ. ਸੀਨੀਅਰ ਤੇ ਜੂਨੀਅਰ ਵਿੰਗ, ਸਕਾਊਂਟ ਅਤੇ ਗਰਲਜ਼ ਗਾਈਡ ਦੀਆਂ ਟੁੱਕੜੀਆਂ ਹਿੱਸਾ ਲੈਣਗੀਆਂ ਅਤੇ ਵੱਖ ਵੱਖ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪੀ.ਟੀ. ਸ਼ੋਅ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ‘ਤੇ ਆਜ਼ਾਦੀ ਘੁਲਾਟੀਆਂ ਅਤੇ ਰਾਸ਼ਟਰੀ ਤੇ ਰਾਜ ਪੱਧਰ ‘ਤੇ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਆਜ਼ਾਦੀ ਦਿਵਸ ਦੇ ਸਮਾਗਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਵੱਖ ਵੱਖ ਅਧਿਕਾਰੀਆਂ ਦੀਆਂ ਕਮੇਟੀਆਂ ਗਠਿਤ ਕਰਕੇ ਉਨ੍ਹਾਂ ਦੀਆਂ ਡਿਊਟੀਆਂ ਲੱਗਾ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਆਜ਼ਾਦੀ ਦਿਵਸ ਸਬੰਧੀ ਰਿਹਰਸਲਾਂ 9, 10 ਅਗਸਤ ਨੂੰ ਅਤੇ ਫੁਲ ਡਰੈਸ ਰਿਹਰਸਲ 13 ਅਗਸਤ ਨੂੰ ਹੋਵੇਗੀ।ਉਨ੍ਹਾਂ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ-ਆਪਣੇ ਦਫ਼ਤਰ ਵਿੱਚ 14 ਅਤੇ 15 ਅਗਸਤ ਦੀ ਰਾਤ ਨੂੰ ਰੋਸ਼ਨੀ ਦਾ ਪ੍ਰਬੰਧ ਕਰਨਗੇ।ਉਨ੍ਹਾਂ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਜ਼ਿਲ੍ਹਾ ਪੱਧਰ ਦੇ ਸਮਾਗਮ ਨੂੰ ਸੁਚਾਰੂ ਢੰਗ ਨਾਲ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਆਪਣੀ ਡਿਊਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਅਤੇ ਆਜ਼ਾਦੀ ਦਿਵਸ ਦੇ ਸਮਾਗਮ ਵਿੱਚ ਆਪਣੀ ਅਤੇ ਆਪਣੇ ਸਟਾਫ਼ ਦੀ ਹਾਜ਼ਰੀ ਯਕੀਨੀ ਬਣਾਉਣ। ਉਨ੍ਹਾਂ ਦੱਸਿਆ ਕਿ ਆਜ਼ਾਦੀ ਦਿਵਸ ਸਬੰਧੀ ਕੀਤੇ ਗਏ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਰੀਵਿਊ ਮੀਟਿੰਗ ਅਗਸਤ ਦੇ ਪਹਿਲੇ ਹਫ਼ਤੇ ਸਵੀਮਿੰਗ ਪੂਲ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਹੋਵੇਗੀ।
Punjab Post Daily Online Newspaper & Print Media