
ਅਮ੍ਰਿਤਸਰ, 6 ਅਗਸਤ (ਪੰਜਾਬ ਪੋਸਟ ਬਿਊਰੋ)- ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਮਨਿੰਦਰਪਾਲ ਸਿੰਘ ਪਲਾਸੋਰ ਤੇ ਸਾਂਝੀ ਸੰਘਰਸ ਕਮੇਟੀ ਦੇ ਮੈਂਬਰਾਂ ਨੇ ਸਾਝੇ ਤੌਰ ਤੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ 14 ਤਰੀਕ ਨੂੰ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪਲਾਂਟ ਦਾ ਰਸਮੀ ਉਦਘਾਟਨ ਕਰਕੇ ਗੁਰੁ ਨਗਰੀ ਦੇ ਵਾਸੀਆਂ ਦੀ ਮੌਤ ਨਾਲ ਨਾ ਖੇਡਣ।ਉਨ੍ਹਾ ਕਿਹਾ ਕਿ ਪਲਾਂਟ ਦਾ ਇਸ ਜਗ੍ਹਾ ਤੇ ਲੱਗਣਾ ਜਿੱਥੇ ਆਸ ਪਾਸ ਦੀਆਂ 7 ਵਾਰਡਾਂ ਦੇ ਲੱਖਾ ਲੋਕਾਂ ਦੀਆਂ ਜਿੰਦਗੀਆਂ ਨਾਲ ਖਿਲਵਾੜ ਹੋਵੇਗਾ।ਉਥੇ ਨਾਲ ਹੀ ਗੁਰੁ ਰਾਮਦਾਸ ਦੀ ਪਵਿੱਤਰ ਨਗਰੀ ਦੇ ਮੱਥੇ ਤੇ ਕਲੰਕ ਵੀ ਹੋਵੇਗਾ। ਅੱਜ ਕੋਟ ਮੰਗਲ ਸਿੰਘ ਧਰਨੇ ਵਿੱਚ ਪੁੱਜੇ ਪਲਾਸੋਰ ਨੇ ਯਾਦ ਦੁਆਇਆ ਕਿ ਪੰਜਾਬ ਸਰਕਾਰ ਅਧੀਨ ਕੰਮ ਕਰਦੇ ਵੱਖ ਵੱਖ ਮਹਿਕਮਿਆਂ ਵੱਲੋ ਦਿੱਤੀਆਂ ਗਈਆਂ ਰਿਪੋਰਟਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਡੰਪ ਦੇ ਆਸ ਪਾਸ ਦੀਆਂ ਅਬਾਦੀਆਂ ਦੇ 70 % ਲੋਕ ਸਾਹ ਰੋਗਾਂ ਦੀਆਂ ਬਿਮਾਰੀਆਂ ਤੋਂ ਪੀੜਤ ਹਨ।ਪਰ ਫਿਰ ਵੀ ਸੁਖਬੀਰ ਬਾਦਲ ਵੱਲੋ 14 ਅਗਸਤ ਨੂੰ ਪਲਾਂਟ ਦਾ ਦਿੱਤਾ ਜਾ ਰਿਹਾ ਤੋਹਫਾ ਜਿਥੇ ਇੰਨ੍ਹਾ ਲੋਕਾਂ ਨੂੰ ਮੌਤ ਦੀ ਕਗਾਰ ਵਿੱਚ ਪਹੁੰਚਾ ਦੇਵੇਗਾ।ਉਥੇ ਨਾਲ ਹੀ ਪਲਾਂਟ ਦੀਆਂ 200-200 ਫੁੱਟ ਚਿਮਨੀਆਂ ਵਿੱਚੋ ਨਿਕਲਣ ਵਾਲਾ ਧੂਆਂ ਤੇ ਰਾਖ ਨਾਲ ਸ੍ਰੀ ਹਰਿਮੰਦਰ ਸਾਹਿਬ, ਗੁਰਦੁਆਰਾ ਬਾਬਾ ਦੀਪ ਸਿੰਘ ਤੇ ਸ੍ਰੀ ਦੁਰਗਿਆਨਾ ਮੰਦਰ ਦੇ ਪਵਿੱਤਰ ਸਰੋਵਰ ਨੂੰ ਪਲੀਤ ਕਰੇਗਾ।
ਪਲਾਸੋਰ ਨੇ ਕਿਹਾ ਕਿ ਉਹ ਇਸ ਮਾਮਲੇ ਸਬੰਧੀ ਪ੍ਰਧਾਨ ਮੰਤਰੀ ਦਫਤਰ ਦਿੱਲੀ, ਮਾਣਯੋਗ ਸੁਰਪਰੀਮ ਕੋਰਟ ਤੇ ਨੈਸ਼ਨਲ ਗ੍ਰੀਨ ਟ੍ਰਿਉਬਨਿਲ ਕੋਲ ਪਹੁੰਚ ਕਰ ਚੁੱਕੇ ਹਨ, ਜਿੰਨਾਂ ਵੱਲੋ ਦਿੱਤੀਆਂ ਗਈਆਂ ਦਲੀਲਾਂ ਅਨੁਸਾਰ ਪੰਜਾਬ ਸਰਕਾਰ ਨੂੰ ਕੂੜੇ ਦੇ ਡੰਪ ਬਾਰੇ ਕੇਸ ਦੁਬਾਰਾ ਵਿਚਾਰਣ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ।ਜੇਕਰ ਫਿਰ ਵੀ ਸੁਖਬੀਰ ਬਾਦਲ ਨੇ ਸਾਲਿਡ ਵੇਸਟ ਪਲਾਂਟ ਦਾ ਨੀਹ ਪੱਥਰ ਰੱਖ ਕੇ ਇਸ ਇਲਾਕੇ ਨਾਲ ਕੋਈ ਗਿਣੀ ਮਿਥੀ ਰੰਜਿਸ਼ ਕੱਢਣੀ ਹੈ ਤੇ ਮਾਨਵਤਾ ਦੇ ਧਰਮਾਂ ਨੂੰ ਪਲੀਤ ਕਰਨਾ ਹੈ ਤਾਂ ਉਹ ਨੀਂਹ ਪੱਥਰ ਰੱਖਣ ਵਾਲੇ ਦਿਨ ਇਲਾਕੇ ਦੇ ਲੋਕਾਂ ਨਾਲ ਮਿਲ ਕੇ ਜਬਰਦਸ਼ਤ ਰੋਸ ਪ੍ਰਦਰਸ਼ਨ ਕਰਨਗੇ।ਇਸ ਮੋਕੇ ਸਵਰਨ ਸਿੰਘ ਕੋਟ ਮੰਗਲ ਸਿੰਘ, ਨਿਰਮਲ ਸਿੰਘ ਪ੍ਰਧਾਨ ਸੰਘਰਸ ਕਮੇਟੀ, ਗੁਰਮੀਤ ਸਿੰਘ ਢਿੱਲੋ ਸੀਨੀਅਰ ਮੀਤ ਪ੍ਰਧਾਨ, ਸਰੰਗ, ਜੱਸਾ, ਜੈ ਇੰਦਰ ਸਿੰਘ, ਅਮਰਜੀਤ ਸਿੰਘ ਜੱਜੀ, ਕੰਵਲਜੀਤ ਸਿੰਘ, ਜਸਬੀਰ ਸਿੰਘ, ਪ੍ਰਗਟ ਸਿੰਘ, ਨਵਲ ਚਾਵਲਾ, ਜੀਤ ਪਹਿਲਵਾਨ, ਅਮਰਜੀਤ ਸਿੰਘ, ਲੱਕੀ, ਸਤਨਾਮ ਸਿੰਘ, ਜਸਬੀਰ ਸਿੰਘ, ਡਿੰਪਾ, ਜਸਵਿੰਦਰ ਸਿੰਘ, ਦਲਜੀਤ ਸਿੰਘ ਢਿੱਲੋ ਆਦਿ ਮਜੂਦ ਸਨ।
Punjab Post Daily Online Newspaper & Print Media