Tuesday, August 11, 2026

ਪਿੰਡ ਦਾਦੂ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ, ਕਾਫਲੇ ‘ਤੇ ਮਾਰੇ ਟਮਾਟਰ

PPN2008201606ਬਠਿੰਡਾ, 20 ਅਗਸਤ (ਜਸਵਿੰਦਰ ਸਿੰਘ ਜੱਸ, ਅਵਤਾਰ ਸਿੰਘ ਕੈਂਥ)- ਪੰਜਾਬ ਹਰਿਆਣਾ ਦੀ ਹੱਦੀ ਪਿੰਡ ਦਾਦੂ ਵਿਖੇ ਇੱਕ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕਰਨ ਆਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਪਿੰਡ ਦੀਆਂ ਸਿੱਖ ਸੰਗਤਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਤੇ ਲੋਕਾਂ ਨੇ ਕਾਲੀਆਂ ਝੰਡੀਆਂ ਦਿਖਾਉਣ ਦੇ ਨਾਲ ਨਾਲ ਉਨ੍ਹਾਂ ਦੇ ਕਾਫਲ਼ੇ ਤੇ ਟਮਾਟਰਾਂ ਦੀ ਵਰਖਾ ਵੀ ਕੀਤੀ।ਜਦੋਂਕਿ ਬਰਸੀ ਸਮਾਗਮਾਂ ਵਿੱਚ ਜਥੇਦਾਰ ਦਾ ਵਿਰੋਧ ਕਰ ਰਹੇ ਸਿੰਘਾਂ ਨੂੰ ਉੱਥੇ ਤੈਨਾਤ ਟਾਸਕ ਫੋਰਸ ਅਤੇ ਕੁੱਝ ਲੋਕਾਂ ਨੇ ਕੁਟਾਪਾ ਚਾੜ ਦਿੱਤਾ ਜਿਸ ਨਾਲ ਅੱਧਾ ਦਰਜਨ ਪ੍ਰਦਰਸ਼ਨਕਾਰੀਆਂ ਦੇ ਜਖਮੀ ਹੋਣ ਦੀ ਖਬਰ ਵੀ ਹੈ।ਉਧਰ ਪਹਿਲਾਂ ਤੋਂ ਹੀ ਵਿਰੋਧ ਕੀਤੇ ਜਾਣ ਦੇ ਐਲਾਨ ਦੇ ਬਾਵਜੂਦ ਹਰਿਆਣਾ ਪੁਲਿਸ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਾ ਲੈਣ ਦੇ ਚਲਦਿਆਂ ਹੀ ਉਕਤ ਘਟਨਾਕ੍ਰਮ ਵਾਪਰਿਆ ਦੱਸਿਆ ਜਾ ਰਿਹਾ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਹਰਿਆਣਾ ਪੰਜਾਬ ਦੀ ਹੱਦ ਤੇ ਵਸੇ ਪਿੰਡ ਦਾਦੂ ਵਿਖੇ ਗੁਰਦੁਆਰਾ ਦਸਮੇਸ਼ ਸਰ ਸਾਹਿਬ ਵਿਖੇ ਲੰਬਾ ਸਮਾਂ ਸੇਵਾ ਕਰਨ ਤੋਂ ਬਾਅਦ ਅਕਾਲ ਚਲਾਣਾ ਕਰ ਚੁੱਕੇ ਬਾਬਾ ਗੁਰਦੇਵ ਸਿੰਘ ਦੀ ਬਰ੍ਹਸੀ ਹਰ ਸਾਲ ਦੀ ਤਰਾਂ ਇਸ ਵਾਰ ਵੀ ਗੁਰਦੁਆਰਾ ਸਾਹਿਬ ਦੇ ਮੌਜੂਦਾ ਸੇਵਾਦਾਰ ਬਾਬਾ ਦਰਸ਼ਨ ਸਿੰਘ ਜੀ ਦੀ ਦੇਖ ਰੇਖ ਵਿੱਚ ਮਨਾਈ ਜਾ ਰਹੀ ਸੀ ਤੇ ਬਰ੍ਹਸੀ ਸਮਾਗਮਾਂ ਦਾ ਅੱਜ ਮੁੱਖ ਦਿਨ ਸੀ ਜਿਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਮੇਤ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਅਤੇ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਨੇ ਸ਼ਮੂਲੀਅਤ ਕਰਨੀ ਸੀ ਜਿਸ ਕਰਕੇ ਪਿੰਡ ਦੀਆਂ ਕੁੱਝ ਸਿੱਖ ਸੰਗਤਾਂ ਨੇ ਪਹਿਲਾਂ ਹੀ ਡੇਰਾ ਸਿਰਸਾ ਮੁਖੀ ਨੂੰ ਮਾਫੀ ਦੇਣ ਦੇ ਰੋਸ ਵਜੋਂ ਜਥੇਦਾਰਾਂ ਦੇ ਸਮਾਗਮ ਵਿੱਚ ਪੁੱਜਣ ਤੇ ਕਾਲੀਆਂ ਝੰਡੀਆਂ ਦਿਖਾ ਕੇ ਅਤੇ ਟਮਾਟਰ ਮਾਰ ਕੇ ਵਿਰੋਧ ਕਰਨ ਦਾ ਐਲਾਨ ਕੀਤਾ ਸੀ।ਵਿਰੋਧ ਦੇ ਐਲਾਨ ਦੇ ਬਾਵਜੂਦ ਹਰਿਆਣਾ ਪੁਲਿਸ ਵੱਲੋਂ ਇਸ ਮਾਮਲੇ ਨੂੰ ਬਿੱਲਕੁਲ ਵੀ ਗੰਭੀਰਤਾ ਨਾਲ ਨਾ ਲੈਣ ਦੇ ਚਲਦਿਆਂ ਹੀ ਅੱਜ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਰੱਜ ਕੇ ਵਿਰੋਧ ਹੋਇਆ ਤੇ ਟਮਾਟਰ ਮਾਰੇ ਗਏ ਉੱਥੇ ਹੀ ਟਾਸਕ ਫੋਰਸ ਅਤੇ ਪ੍ਰਦਰਸ਼ਨਕਾਰੀਆਂ ਵਿੱਚ ਝਪਟ ਵੀ ਹੋਈ ਤੇ ਜੇ ਪੁਲਿਸ ਸੁਚੇਤ ਰਹਿੰਦੀ ਤਾਂ ਅਜਿਹੀ ਘਟਨਾ ਤੋਂ ਬਚਿਆ ਜਾ ਸਕਦਾ ਸੀ।
ਅੱਜ ਜਿਵੇ ਹੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਵੱਡੇ ਲਾਮ ਲਸ਼ਕਰ ਸਮੇਤ ਤਲਵੰਡੀ ਸਾਬੋ ਵਾਲੇ ਪਾਸਿਉਂ ਪਿੰਡ ਦਾਦੂ ਵਿੱਚ ਦਾਖਲ ਹੋਏ ਤਾਂ ਪਿੰਡ ਦੇ ਰਸਤੇ ‘ਤੇ ਖੜੇ ਲੋਕਾਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਜਥੇਦਾਰ ਦਾ ਵਿਰੋਧ ਕੀਤਾ ਤੇ ਪਿੰਡ ਵਿੱਚ ਦਾਖਲ ਹੋਣ ‘ਤੇ ਕੋਠੇ ਤੇ ਬੈਠੇ ਲੋਕਾਂ ਨੇ ਟਮਾਟਰਾਂ ਉਨ੍ਹਾਂ ਦੇ ਕਾਫਲੇ ਤੇ ਟਮਾਟਰਾਂ ਦੀ ਵਰਖਾ ਕਰ ਦਿੱਤੀ।ਇਥੇ ਹੀ ਬੱਸ ਨਹੀ ਜਿਸ ਜਗ੍ਹਾ ਤੇ ਸਮਾਗਮ ਚੱਲ ਰਿਹਾ ਸੀ ਉੱਥੇ ਵੀ ਸਮਾਗਮ ਦੇ  ਦੌਰਾਨ ਹੀ ਜਦੋਂ ਜਥੇਦਾਰ ਅਕਾਲ ਤਖਤ ਸੰਬੋਧਨ ਕਰਨ ਲਈ ਉੱਠੇ ਤਾਂ ਪੰਡਾਲ ਵਿੱਚ ਬੈਠੇ ਕੁੱਝ ਲੋਕਾਂ ਨੇ ਕਾਲੀਆਂ ਝੰਡੀਆਂ ਨਾਲ ਉਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਰਕੇ ਸੰਗਤ ਵਿੱਚੋ ਭੜਕੇ ਕੁੱਝ ਲੋਕਾਂ ਅਤੇ ਸਮਾਗਮ ਵਿੱਚ ਲੱਗੀ ਟਾਸਕ ਫੋਰਸ ਨੇ ਵਿਰੋਧ ਕਰ ਰਹੇੇ ਲੋਕਾਂ ਦਾ ਕੁੱਟਾਪਾ ਚਾੜ ਦਿੱਤਾ।ਝੜਪ ਦੌਰਾਨ ਅੱਧਾ ਦਰਜਨ ਪ੍ਰਦਰਸ਼ਨਕਾਰੀ ਜਖਮੀ ਵੀ ਹੋ ਗਏ, ਜਿੰਨਾ ਨੂੰ ਪੁਲਸ ਇਲਾਜ ਲਈ ਉਥੋਂ ਲੈ ਗਈ ਤੇ ਪਤਾ ਲੱਗਾ ਹੈ ਕਿ ਜਖਮੀਆਂ ਨੂੰ ਸਿਵਲ ਹਸਪਤਾਲ ਕਾਲਾਂਵਾਲੀ ਵਿੱਚ ਇਲਾਜ ਲਈ ਦਾਖਿਲ ਕਰਵਾਇਆ ਗਿਆ ਹੈ।ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਸਿੱਖ ਕੌਮ ਦੇ ਜਥੇਦਾਰ ਤਾਂ ਸਰਬੱਤ ਖਾਲਸਾ ਵੱਲੋਂ ਚੱਬੇ ਦੀ ਧਰਤੀ ‘ਤੇ ਚੁਣ ਲਏ ਗਏ ਹਨ ਇਹ ਜਥੇਦਾਰ ਸਰਕਾਰ ਦੀ ਬੋਲੀ ਬੋਲਦੇ ਹਨ ਤੇ ਜਿੰਨਾ ਸਮਾਂ ਸਰਬੱਤ ਖਾਲਸਾ ਦੇ ਜਥੇਦਾਰ ਸਥਾਪਿਤ ਨਹੀ ਹੁੰਦੇ ਉਹਨਾਂ ਸਮਾਂ ਇਹਨਾਂ ਜਥੇਦਾਰਾਂ ਦਾ ਵਿਰੋਧ ਜਾਰੀ ਰਹੇਗਾ।
ਉਧਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਵਿਰੋਧ ਕਰਨ ਵਾਲਿਆਂ ਨੂੰ ਏਜੰਸੀਆਂ ਦੇ ਬੰਦੇ ਦੱਸਦੇ ਹੋਏ ਵਿਰੋਧ ਪ੍ਰਦਰਸ਼ਨਾਂ ਦੇ ਪਹਿਲਾਂ ਐਲਾਨ ਹੋਣ ਦੇ ਬਾਵਜੂਦ ਹਰਿਆਣਾ ਸਰਕਾਰ ਵੱਲੋਂ ਸੁਰੱਖਿਆ ਦੇ ਕੋਈ ਪ੍ਰਬੰਧ ਨਾ ਕੀਤੇ ਜਾਣ ‘ਤੇ ਨਾਰਾਜਗੀ ਪ੍ਰਗਟ ਕਰਦੇ ਕਿਹਾ ਕਿ ਹਰਿਆਣਾ ਪੁਲਿਸ ਨੂੰ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਸਨ ਪਰ ਉਨ੍ਹਾਂ ਦੀ ਕਾਰਗੁਜਾਰੀ ਢਿੱਲੀ ਰਹੀ।ਦੂਜੇ ਪਾਸੇ ਸਰਬੱਤ ਖਾਲਸਾ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਥਾਪੇ ਜਥੇਦਾਰ ਭਾਈ ਬਲਜੀਤ ਸਿੰਘ ਖਾਲਸਾ ਦਾਦੂਵਾਲ੍ਹ ਜਿਨ੍ਹਾਂ ਦਾ ਹੈਡਕੁਆਟਰ ਵੀ ਇਸੇ ਪਿੰਡ ਵਿੱਚ ਹੈ ਨੇ ਕਿਹਾ ਕਿ ਡੇਰਾ ਸਿਰਸਾ ਮੁਖੀ ਨੂੰ ਮਾਫੀ ਦੇਣ ਕਰਕੇ ਸੰਗਤਾਂ ਵਿੱਚ ਜਥੇਦਾਰਾਂ ਖਿਲਾਫ ਰੋਸ ਸੀ ਤੇ ਉਨ੍ਹਾਂ ਨੇ ਸ਼ਾਂਤਮਈ ਵਿਰੋਧ ਕੀਤਾ ਪ੍ਰੰਤੂ ਜਥੇਦਾਰ ਨਾਲ ਆਏ ਕਰਮਚਾਰੀਆਂ ਤੇ ਲੱਠਮਾਰਾਂ ਨੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਿੰਘਾਂ ਤੇ ਅੰਨਾ ਤਸ਼ੱਦਦ ਕੀਤਾ ਜਿਸ ਨਾਲ ਕਈ ਤਾਂ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਿਲ ਕਰਵਾਏ ਗਏ ਹਨ।ਉਨ੍ਹਾਂ ਦੋਸ਼ ਲਾਇਆ ਕਿ ਜਥੇਦਾਰ ਨੇ ਉਨਾਂ੍ਹ ਦੇ ਪਿੰਡ ਦੇ ਸ਼ਾਂਤ ਮਾਹੌਲ ਵਿੱਚ ਜਹਿਰ ਘੋਲ ਦਿੱਤਾ ਹੈ, ਜਿਸ ਨਾਲ ਪਿੰਡ ਦੀ ਭਾਈਚਾਰਕ ਸਾਂਝ ਨੂੰ ਵੀ ਖਤਰਾ ਪੈਦਾ ਹੋ ਗਿਆ ਹੈ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply