
ਅੰਮ੍ਰਿਤਸਰ, 22 ਅਗਸਤ (ਜਗਦੀਪ ਸਿੰਘ ਸੱਗੂ) – ਪਿਛਲੇ ਲੰਬੇ ਸਮੇ ਤੋਂ ਗੁਰੂ ਨਗਰੀ ਅੰਮ੍ਰਿਤਸਰ ਸਥਿਤ ਪ੍ਰਸਿੱਧ ਤੀਰਥ ਸਥਾਨ ਸ਼੍ਰੀ ਦੁਰਗਿਆਨਾ ਤੀਰਥ ਦੇ ਸੁੰਦਰੀਕਰਨ ਦੇ ਲਈ ਤਿਆਰ ਕੀਤੇ ਜਾ ਰਹੇ 60 ਕਰੋੜੀ ਪ੍ਰਾਜੈਕਟ ਦਾ ਸ਼ੁਭਅਰੰਭ 27 ਅਗਸਤ ਦਿਨ ਸ਼ਨੀਵਾਰ ਨੂੰ ਸਵੇਰੇ 10.30 ਵਜੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਕਰਨਗੇ।
ਦੁਰਗਿਆਨਾ ਸੁੰਦਰੀਕਰਨ ਪ੍ਰਾਜੈਕਟ ਦਾ ਡਿਜ਼ਾਈਨ ਤੇ ਨਕਸ਼ਾ ਦੇਸ਼ ਦੀ ਮੰਨੀ ਪ੍ਰਮੰਨੀ ਇੰਜੀਨੀਸ ਸਟੂਡੀਓਜ਼ ਪ੍ਰਾਈਵੇਟ ਲਿਮ: ਕੋਲੋਂ ਤਿਆਰ ਕਰਵਾਇਆ ਗਿਆ ਹੈ।ਇਸ ਪ੍ਰਾਜੈਕਟ ਸਬੰਧੀ ਮੰਤਰੀ ਅਨਿਲ ਜੋਸ਼ੀ ਦੁਰਗਿਆਨਾ ਕਮੇਟੀ ਅਤੇ ਅਧਿਕਾਰੀਆਂ ਨੂੰ ਨਾਲ ਲੈ ਕੇ ਉਪ ਮੁੱਖ ਮੰਤਰੀ ਸੁਖਬੀਰ ਸਿਘ ਬਾਦਲ ਨਾਲ ਸਮੇਂ-ਸਮੇਂ ‘ਤੇ ਕਈ ਬੈਠਕਾਂ ਕਰ ਚੁੱਕੇ ਹਨ ਅਤੇ ਸੁਖਬੀਰ ਬਾਦਲ ਪਿਛਲੇ ਮਹੀਨੇ ਦੁਰਗਿਆਨਾ ਤੀਰਥ ਦਾ ਦੌਰਾ ਵੀ ਕਰ ਚੁਕੇ ਹਨ।ਜਿਸ ਦੌਰਾਨ ਬਾਦਲ ਤੇ ਸ਼੍ਰੀ ਜੋਸ਼ੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਇਸ ਅਗਲੇ ਚਰਨ ਦਾ ਸੁੰਦਰੀਕਰਨ ਦਾ ਕੰਮ ਬਹੁਤ ਜਲਦ ਇਸ ਦਾ ਨਕਸ਼ਾ ਤਿਆਰ ਹੋਣ ਉਪਰੰਤ ਕੀਤਾ ਜਾਵੇਗਾ ਅਤੇ ਇਸ ਪ੍ਰੋਜੇਕਟ ਦਾ ਸਾਰਾ ਖਰਚ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ ਅਤੇ ਇਹ ਸੁੰਦਰੀਕਰਨ ਦਾ ਕੰਮ ਨਗਰ ਸੁਧਾਰ ਟਰੱਸਟ ਦੀ ਦੇਖ ਰੇਖ ਹੇਠ ਹੋਵੇਗਾ।ਇਥੇ ਦੁਨੀਆ ਭਰ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਹਰ ਸਹੂਲਤ ਦਾ ਇੰਤਜ਼ਾਮ ਕੀਤਾ ਜਾਵੇਗਾ ਅਤੇ ਯਾਤਰੂਆਂ ਨੂੰ ਸਾਰੀਆਂ ਸੁਖ-ਸੁਵਿਧਾਵਾਂ ਮੁਹਈਆਂ ਕਰਵਾਈਆਂ ਜਾਣਗੀਆਂ।
Punjab Post Daily Online Newspaper & Print Media