
ਪਠਾਨਕੋਟ, 23 ਅਗਸਤ (ਪੰਜਾਬ ਪੋਸਟ ਬਿਊਰੋ) – ਝੋਨੇ/ਬਾਸਮਤੀ ਦੀ ਫਸਲ ਉਪਰ ਕੀੜਿਆਂ ਦੀ ਰੋਕਥਾਮ ਲਈ ਸਿੰਥੈਟਿਕ ਪੈਰਿਥਰਾਈਡ ਕੀਟ ਨਾਸ਼ਕਾਂ ਦੀ ਵਰਤੋਂ ਕਰਨ ਨਾਲ ਚਿੱਟੀ ਅਤੇ ਭੂਰੀ ਪਿੱਠ ਵਾਲੇ ਟਿੱਡਿਆਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਹੈ,ਇਸ ਲਈ ਇਨਾਂ ਕੀਟਨਾਸ਼ਕਾਂ ਦੀ ਵਰਤੋਂ ਝੋਨੇ/ਬਾਸਮਤੀ ਦੀ ਫਸਲ ਉਪਰ ਨਹੀਂ ਕਰਨੀ ਚਾਹੀਦੀ। ਇਹ ਵਿਚਾਰ ਡਾ.ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਪਠਾਨਕੋਟ ਨੇ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਤੀਬਾੜੀ ਵਿਭਾਗ ਵੱਲੋਂ ਦੀ ਪਿੰਡ ਲਾਹੜੀ ਗੁਜਰਾਂ ਵਿੱਚ ਲਗਾਏ ਪਿੰਡ ਪੱਧਰੀ ਕਿਸਾਨ ਜਾਗਰੁਕਤਾ ਕੈਂਪ ਵਿੱਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਬੀ.ਟੀ.ਐਮ. ਡਾ.ਅਮਿਤ ਕੁਮਾਰ ਅਤੇ ਮਿਸ ਮਨਜੀਤ ਕੌਰ ਖੇਤੀਬਾੜੀ ਉਪ ਨਿਰੀਖਕ ਦੇ ਪ੍ਰਬੰਧਾਂ ਹੇਠ ਲਗਾਏ ਇਸ ਕੈਂਪ ਵਿੱਚ ਡਾ. ਸੰਦੀਪ ਸਿੰਘ ਢਿਲੋਂ ਖੇਤੀਬਾੜੀ ਵਿਕਾਸ ਅਫਸਰ, ਬਲਵਿੰਦਰ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਝੋਨੇ/ਬਾਸਮਤੀ ਫਸਲ ਨੂੰ ਲੱਗਣ ਵਾਲੇ ਕੀੜਿਆਂ ਬਾਰੇ ਜਾਣਕਾਰੀ ਦਿੰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਝੋਨੇ ਦੀ ਫਸਲ ਨੂੰ ਕੀੜਿਆਂ ਤੋਂ ਬਚਾਉਣ ਲਈ ਯੂਰੀਆ ਦੀ ਸਿਫਾਰਸ਼ ਕੀਤੀ ਮਾਤਰਾ ਤੋਂ ਵੱਧ ਵਰਤੋਂ ਨਹੀਂ ਕਰਨੀ ਚਾਹੀਦੀ। ਉਨਾਂ ਕਿਹਾ ਕਿ ਜ਼ਰੂਰਤ ਤੋਂ ਜ਼ਿਆਦਾ ਯੂਰੀਆ ਪਾਉਣ ਨਾਲ ਫਸਲ ਉਪਰ ਕੀੜੇ ਵਧੇਰੇ ਹਮਲਾ ਕਰਦੇ ਹਨ ਅਤੇ ਫਸਲ ਤੇਜ਼ ਹਵਾਵਾਂ ਨਾਲ ਛੇਤੀ ਡਿੱਗ ਪੈਂਦੀ ਹੈ। ਉਨਾਂ ਕਿਹਾ ਕਿ ਯੂਰੀਆ ਖਾਦ ਦੀ ਸੁਚੱਜੀ ਵਰਤੋਂ ਲਈ ਰੰਗਦਾਰ ਪੱਤਾ ਚਾਰਟ ਵਰਤਣਾ ਲਾਹੇਵੰਦ ਸਾਬਤ ਹੋ ਸਕਦਾ ਹੈ। ਉਨਾਂ ਕਿਹਾ ਕਿ ਫਸਲ ਉਪਰ ਆਈ ਸਮੱਸਿਆ ਦੇ ਹੱਲ ਲਈ ਖੇਤੀ ਮਾਹਿਰਾਂ ਦੀਆ ਸਿਫਾਰਸ਼ਾਂ ਅਨੁਸਾਰ ਕੲਰਵਾਈ ਕਰਨੀ ਚਾਹੀਦੀ ਹੈ। ਡਾ. ਸੰਦੀਪ ਸਿੰਘ ਢਿਲੋਂ ਨੇ ਕਿਹਾ ਕਿ ਕਦੇ ਵੀ ਖਾਲੀ ਪੇਟ ਕੀਟਨਾਸ਼ਕ ਰਸਾਇਣਾਂ ਦਾ ਛਿੜਕਾੳ ਨਾਂ ਕਰੋ,ਅਤੇ ਛਿੜਕਾਅ ਕਰਨ ਤੋਂ ਬਾਅਦ ਗਿੱਲੇ ਕੱਪੜੇ ਉਤਾਰ ਦੇਣੇ ਚਾਹੀਦੇ ਹਨ ਅਤੇ ਚੰਗੀ ਤਰਾਂ ਸਾਬਣ ਲਗਾ ਕੇ ਨਹਾ ਲੈਣਾ ਚਾਹੀਦਾ ਹੈ। ਉਨਾਂ ਕਿਹਾ ਕਿ ਹਵਾ ਦੇ ਰੁੱਖ ਦੇ ਉਲਟ ਕਦੇ ਛਿੜਕਾਅ ਨਾਂ ਕਰੋ ਅਤੇ ਜੇਕਰ ਕੋਈ ਕੀਟ ਨਾਸ਼ਕ ਬਾਕੀ ਬਚ ਜਾਵੇ ਤਾਂ ਉਸ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਸਟੋਰ ਕਰਕੇ ਰੱਖੋ। ਉਨ੍ਹਾਂ ਨੇ ਦੇਸੀ ਖਾਦ ਬਨਾਉਣ ਦੇ ਨਾਡੇਪ ਤਰੀਕੇ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਅਗਾਂਹਵਧੂ ਕਿਸਾਨ ਅਤੇ ਸਰਪੰਚ ਸ੍ਰੀ ਨੇ ਆਏ ਕਿਸਾਨਾਂ ਅਤੇ ਖੇਤੀ ਮਾਹਿਰਾਂ ਦਾ ਧੰਨਵਾਦ ਕੀਤਾ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media