ਸਿੱਖ ਨੌਜਵਾਨਾਂ ਨਾਲ ਕੀਤਾ ਜਾ ਰਿਹਾ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ- ਢੋਟ

ਅੰਮ੍ਰਿਤਸਰ, 27 ਅਗਸਤ (ਜਗਦੀਪ ਸਿੰਘ ਸੱਗੂ) – ਪੁਲਿਸ ਕਮਿਸ਼ਨਰ ਅੰਮ੍ਰਿਤਸਰ ਵਲੋਂ ਮੂੰਹ ਢੱਕ ਕੇ ਵਹੀਕਲ ਚਲਾਉਣ ਵਾਲਿਆਂ ਖਿਲਾਫ ਕੀਤੇ ਜਾ ਰਹੇ ਪਰਚਿਆਂ ਸਬੰਧੀ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਨੇ ਸਖਤ ਸਟੈਂਡ ਲਿਆ ਹੈ।ਅੱਜ ਫੈਡੇਰਸ਼ਨ ਦੇ ਪ੍ਰਧਾਨ ਅਮਰਬੀਰ ਸਿੰਘ ਢੋਟ ਅਤੇ ਗਗਨਦੀਪ ਸਿੰਘ ਵਲੋਂ ਪ੍ਰੈਸ ਨੂੰ ਜਾਰੀ ਇਕ ਬਿਆਨ ਵਿੱਚ ਕਿਹਾ ਕਿ ਪੁਲਿਸ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਗਲਤ ਤਰੀਕੇ ਵਰਤ ਕੇ ਸਿੱਖ ਨੌਜੁਆਨਾਂ ‘ਤੇ ਪਰਚੇ ਦਰਜ਼ ਕਰਕੇ ਉਨਾਂ ਨੁੰ ਪ੍ਰੇਸ਼ਾਨ ਕਰ ਰਹੀ ਹੈ, ਜਦਕਿ ਇਕ ਪਾਸੇ ਪੁਲਿਸ ਵਲੋਂ ਹੈਲਮਟ ਨਾ ਪਾਉਣ ਵਾਲੇ ਦਾ ਚਲਾਨ ਕੱਟਿਆ ਜਾਂਦਾ ਹੈ, ਜਿਸ ਦੀ ਪਛਾਣ ਨਹੀਂ ਹੋ ਸਕਦੀ।ਦੂਸਰੇ ਪਾਸੇ ਸ਼ਹਿਰ ਵਿੱਚ ਫੈਲੇ ਪ੍ਰਦੂਸ਼ਣ ਅਤੇ ਘੱਟੇ-ਮਿੱਟੀ ਦੀ ਅਲਰਜ਼ੀ ਤੋਂ ਬਚਣ ਲਈ ਮੂੰਹ ਢੱਕਣ ਵਾਲੇ ਸਿੱਖਾਂ ਖਿਲਾਫ ਪਰਚਾ ਕੱਟਿਆ ਜਾ ਰਿਹਾ ਹੈ।ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਸਿੱਖਾਂ ਨੂੰ ਇਕ ਸੋਚੀ ਸਮਝੀ ਸਾਜਿਸ਼ ਤਹਿਤ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।ਜਿਸ ਦਾ ਫੈਡਰੇਸ਼ਨ ਮਹਿਤਾ ਡੱਟ ਕੇ ਵਿਰੋਧ ਕਰੇਗੀ।ਉਹਨਾਂ ਕਿਹਾ ਕਿ ਸ਼ਹਿਰ ਵਿੱਚ ਜਿੰਨੀਆਂ ਵੀ ਵਾਰਦਾਤਾਂ ਹੋ ਰਹੀਆਂ ਹਨ ਕੀ ਉਹ ਵਾਰਦਾਤਾਂ ਸਾਰੇ ਮੁਜ਼ਰਿਮ ਮੂੰਹ ਢੱਕ ਕੇ ਕਰ ਰਹੇ ਹਨ? ਪੁਲਿਸ ਆਪਣੇ ਆਪ ਨੂੰ ਸਾਫ ਰੱਖਣ ਲਈ ਅਤੇ ਅਜਿਹੇ ਢੰਗ ਤਰੀਕੇ ਅਪਣਾ ਰਹੀ ਹੈ।ਫੈਡਰੇਸ਼ਨ ਆਗੂਆਂ ਨੇ ਪੁਲਿਸ ਕਮਿਸ਼ਨਰ ਨੂੰ ਸੁਆਲ ਕੀਤਾ ਹੈ, ਜਿਸ ਦਿਨ ਤੋਂ ਇਹ ਹੁਕਮ ਲਾਗੂ ਕੀਤਾ ਗਿਆ ਹੈ, ਕੀ ਉਸ ਦਿਨ ਤੋਂ ਸ਼ਹਿਰ ਵਿੱਚ ਲੁੱਟਾਂ-ਖੋਹਾਂ ਅਤੇ ਹੋਰ ਵਾਰਦਾਤਾਂ ਰੁੱਕ ਗਈਆਂ ਹਨ? ਢੋਟ ਨੇ ਕਿਹਾ ਕਿ ਉਹ ਜਲਦੀ ਹੀ ਪੁਲਿਸ ਕਮਿਸ਼ਨਰ ਅਤੇ ਡੀ. ਸੀ ਅੰਮ੍ਰਿਤਸਰ ਨੂੰ ਮਿਲ ਕੇ ਪੁਲਿਸ ਵਿਭਾਗ ਕੀਤੀ ਜਾ ਰਹੀ ਇਸ ਧੱਕੇਸ਼ਾਹੀ ਤੋਂ ਸਿੱਖ ਨੌਜਵਾਨਾਂ ਨੂੰ ਮੁਕਤ ਕਰਵਾਉਣਗੇ। ਇਸ ਮੌਕੇ ਤੇ ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਮਨਮੋਹਨ ਸਿੰਘ ਲਾਟੀ, ਮਨਜੀਤ ਬੂਟਾ, ਸਿਮਰਨਜੀਤ ਸਿੰਘ ਭੁੱਲਰ, ਸਰਬਜੀਤ ਸਿੰਘ ਸ਼ੱਬਾ, ਬਲਵਿੰਦਰ ਸਿੰਘ ਕੰਬੋਜ਼, ਤਜਿੰਦਰਪਾਲ ਸਿੰਘ ਡਿੰਪੀ, ਗੁਰਪ੍ਰੀਤ ਸਿੰਘ ਲਾਲੀ, ਚਰਨਜੀਤ ਸਿੰਘ, ਕੁਲਵਿੰਦਰ ਸਿੰਘ ਢੋਟ, ਰਾਜਬੀਰ ਸਿੰਘ ਹੈਪੀ, ਜਗਪ੍ਰੀਤ ਸਿੰਘ ਮਨੀ, ਯੁਵਰਾਜ ਸਿੰਘ ਚੌਹਾਨ ਆਦਿ ਫੈਡਰੇਸ਼ਨ ਆਗੂ ਹਾਜ਼ਰ ਸਨ।
Punjab Post Daily Online Newspaper & Print Media