ਅੰਮ੍ਰਿਤਸਰ, 30 ਅਗਸਤ (ਜਗਦੀਪ ਸਿੰਘ ਸੱਗੂ)- ਵਧੀਕ ਡਿਪਟੀ ਕਮਿਸ਼ਨਰ (ਜ) ਸ. ਤਜਿੰਦਰ ਪਾਲ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰੀਸ਼ਦ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਪੁਲਿਸ ਸਲਾਕਾਰ ਕਮੇਟੀ ਦੀ ਮੀਟਿੰਗ ਹੋਈ। ਇਸ ਦੌਰਾਨ ਜਿਥੇ ਮੈਂਬਰਾਂ ਨੇ ਪੁਲਿਸ ਵਿਭਾਗ ਦੇ ਕੰਮਕਾਜ਼ ਨੂੰ ਬਿਹਤਰ ਅਤੇ ਸੁਚਾਰੂ ਬਣਾਉਣ ਲਈ ਆਪਣੇ ਵਡਮੁੱਲੇ ਸੁਝਾਅ ਦਿੱਤੇ ਉਥੇ ਲੋਕਾਂ ਦੀਆਂ ਮੁਸ਼ਕਿਲਾਂ ਵੀ ਅਧਿਕਾਰੀਆਂ ਅੱਗੇ ਰੱਖੀਆਂ। ਇਸ ਦੌਰਾਨ ਟ੍ਰੈਫਿਕ, ਨਾਜਾਇਜ਼ ਕਬਜ਼ਿਆਂ ਅਤੇ ਲੜਕੀਆਂ ਨਾਲ ਹੋ ਰਹੀ ਛੇੜਛਾੜ ਦੇ ਮੁੱਦੇ ਭਾਰੂ ਰਹੇ।
ਇਸ ਮੌਕੇ ਮੈਂਬਰਾਂ ਨੇ ਕਿਹਾ ਕਿ ਸ਼ਹਿਰ ਵਿਚ ਨਾਜਾਇਜ਼ ਕਬਜ਼ਿਆਂ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਕੁਝ ਮੈਂਬਰਾਂ ਨੇ ਮੁੱਦਾ ਉਠਾਇਆ ਕਿ ਸ਼ਹਿਰ ਵਿਚ ਟ੍ਰੈਫਿਕ ਵਿਵਸਥਾ ਦਾ ਬੁਰਾ ਹਾਲ ਹੈ, ਜਿਸ ਕਾਰਨ ਵੱਡੇ-ਵੱਡੇ ਜਾਮ ਲੱਗਣ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਚਾਲਾਨ ਕੱਟਣ ਲਈ ਤਾਂ ਬਹੁਤ ਸਾਰੇ ਪੁਲਿਸ ਕਰਮੀ ਇਕੱਠੇ ਹੋ ਜਾਂਦੇ ਹਨ ਪਰੰਤੂ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਲਾ ਇਕ ਵੀ ਨਹੀਂ ਲੱਭਦਾ।ਮੈਂਬਰਾਂ ਨੇ ਰਾਣੀ ਕਾ ਬਾਗ ਅਤੇ ਹੋਰਨਾਂ ਇਲਾਕਿਆਂ ਵਿਚ ਲੜਕੀਆਂ ਨਾਲ ਹੁੰਦੀ ਛੇੜਛਾੜ ਦਾ ਮੁੱਦਾ ਵੀ ਉਠਾਇਆ।ਇਸ ਮੌਕੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਮਿਲੇ ਸਾਰੇ ਸੁਝਾਵਾਂ ‘ਤੇ ਅਮਲ ਕੀਤਾ ਜਾਵੇਗਾ ਅਤੇ ਪੇਸ਼ ਆ ਰਹੀਆਂ ਮੁਸ਼ਕਿਲਾਂ ਵੀ ਜਲਦ ਹੱਲ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਪੁਲਿਸ ਸਹਾਇਤਾ ਲਈ ਪੁਲਿਸ ਕੰਟਰੋਲ ਰੂਮ ਦੇ ਨੰਬਰ 100 ‘ਤੇ ਰਾਬਤਾ ਕੀਤਾ ਜਾ ਸਕਦਾ ਹੈ।
ਵਧੀਕ ਡਿਪਟੀ ਕਮਿਸ਼ਨਰ ਸ. ਤਜਿੰਦਰ ਪਾਲ ਸਿੰਘ ਸੰਧੂ ਨੇ ਇਸ ਮੌਕੇ ਕਿਹਾ ਕਿ ਸਿਸਟਮ ਵਿਚ ਵੀ ਤਾਂ ਹੀ ਸੁਧਾਰ ਹੋ ਸਕਦਾ ਹੈ ਜੇਕਰ ਅਸੀਂ ਸਾਰੇ ਰਲ-ਮਿਲ ਕੇ ਹੰਭਲਾ ਮਾਰੀਏ। ਉਨ੍ਹਾਂ ਕਿਹਾ ਕਿ ਇਸ ਵੇਲੇ ਸਾਨੂੰ ਕੇਵਲ ਜਾਗਰੂਕਤਾ ਪੈਦਾ ਕਰਨ ਦੀ ਹੀ ਲੋੜ ਨਹੀਂ ਹੈ ਬਲਕਿ ਆਪਣੀ ਜ਼ਿੰਮੇਵਾਰੀ ਸਮਝਣ ਦੀ ਵੀ ਲੋੜ ਹੈ। ਇਸ ਮੌਕੇ ਏ. ਸੀ. ਪੀ ਡਾ. ਬੀ. ਕੇ ਸਿੰਗਲਾ, ਪ੍ਰਤਾਪ ਸਿੰਘ ਮੱਲ੍ਹੀ, ਸਾਬਕਾ ਏ. ਡੀ. ਸੀ. ਪੀ ਕ੍ਰਾਈਮ ਸ਼ਮਸ਼ੇਰ ਜੰਗ ਬਹਾਦਰ, ਗਿੰਨੀ ਭਾਟੀਆ, ਰਾਕੇਸ਼ ਭਾਟੀਆ ਅਤੇ ਹੋਰ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ
ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …
Punjab Post Daily Online Newspaper & Print Media