Thursday, November 5, 2026

ਪੁਲਿਸ ਅਤੇ ਲੋਕਾਂ ਵਿਚਾਲੇ ਸਾਂਝ ਹੋਈ ਹੋਰ ਗੂੜ੍ਹੀ – ਪਰਵਿੰਦਰ ਕੌਰ

PPN3008201614ਅੰਮ੍ਰਿਤਸਰ, 30 ਅਗਸਤ (ਜਗਦੀਪ ਸਿੰਘ ਸੱਗੂ)- ਪੰਜਾਬ ਸਰਕਾਰ ਵੱਲੋਂ ਸੇਵਾ ਅਧਿਕਾਰ ਕਾਨੂੰਨ ਅਧੀਨ ਪੁਲਿਸ ਸਾਂਝ ਕੇਂਦਰਾਂ ਰਾਹੀਂ ਲੋਕਾਂ ਨੂੰ 41 ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਸਮਾਂਬੱਧ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਜਿਸ ਨਾਲ ਪੁਲਿਸ ਅਤੇ ਲੋਕਾਂ ਵਿਚਾਲੇ ਸਾਂਝ ਹੋਰ ਗੂੜ੍ਹੀ ਹੋਈ ਹੈ। ਪੁਲਿਸ ਸਾਂਝ ਕੇਂਦਰ ਪ੍ਰਸ਼ਾਸਨਿਕ ਸੁਧਾਰ ਮੁਹਿੰਮ ਤਹਿਤ ਇਕ ਵਿਲੱਖਣ ਪਹਿਲ ਹੈ ਇਸ ਦਾ ਮਨੋਰਥ ਇਕ ਖਿੜਕੀ ਰਾਹੀਂ ਲੋਕਾਂ ਨੂੰ ਬੁਨਿਆਦੀ ਪੁਲਿਸ ਸੇਵਾਵਾਂ ਪ੍ਰਦਾਨ ਕਰਨਾ ਹੈ। ਇਹ ਪ੍ਰਗਟਾਵਾ ਪੁਲਿਸ ਲਾਈਨ ਵਿਖੇ ਜ਼ਿਲ੍ਹਾ ਸਾਂਝ ਕੇਂਦਰ ਦੀ ਮਾਸਿਕ ਮੀਟਿੰਗ ਦੌਰਾਨ ਜ਼ਿਲ੍ਹਾ ਕਮਿਊਨਿਟੀ ਪੁਲਿਸ ਅਫ਼ਸਰ ਮੈਡਮ ਪਰਵਿੰਦਰ ਕੌਰ ਨੇ ਕੀਤਾ। ਉਨ੍ਹਾਂ ਦੱਸਿਆ ਕਿ ਸਾਲ 2016 ਦੌਰਾਨ ਕਮਿਸ਼ਨਰੇਟ ਅੰਮ੍ਰਿਤਸਰ ਦੇ ਸਾਂਝ ਕੇਂਦਰਾਂ ਵੱਲੋਂ ਸੇਵਾ ਦਾ ਅਧਿਕਾਰ ਕਾਨੂੰਨ ਤਹਿਤ ਕੁਲ 44,335 ਸੇਵਾਵਾਂ ਅੰਮ੍ਰਿਤਸਰ ਵਾਸੀਆਂ ਨੂੰ ਪ੍ਰਦਾਨ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਔਰਤਾਂ, ਬੱਚਿਆਂ, ਆਰਥਿਕ ਮਸਲੇ ਅਤੇ ਸਮਾਜਿਕ ਮਸਲਿਆਂ ਸਬੰਧੀ ਕੁਲ 809 ਦਰਖ਼ਾਸਤਾਂ ਮੌਸੂਲ ਹੋਈਆਂ, ਜਿਨ੍ਹਾਂ ਵਿਚੋਂ 237 ਰਾਜੀਨਾਮੇ, 456 ਦਾਖਿਲ ਦਫ਼ਤਰ, 12 ਦਰਖ਼ਾਸਤਾਂ ‘ਤੇ ਮੁਕੱਦਮੇ ਦਰਜ ਕਰਨ ਦੀ ਸਿਫਾਰਸ਼ ਕਰਕੇ ਭੇਜੀਆਂ ਗਈਆਂ।
ਉਨ੍ਹਾਂ ਕਿਹਾ ਕਿ ਸਾਂਝ ਕੇਂਦਰਾਂ ਵਿਚ ਵਿਵਾਹਿਕ ਝਗੜਿਆਂ ਨਾਲ ਸਬੰਧਤ ਦਰਖ਼ਾਸਤਾਂ ਦੀ ਕਾਊਂਸਲਿੰਗ ਸਮੇਂ ਰਾਜੀਨਾਮੇ ਕਰਵਾ ਕੇ ਪਰਿਵਾਰਾਂ ਦੇ ਮੁੜ ਵਸੇਬੇ ਨੂੰ ਤਰਜੀਹ ਦਿੱਤੀ ਜਾਂਦੀ ਹੈ ਅਤੇ ਸਾਂਝ ਕੇਂਦਰਾਂ ਦੀ ਇਸ ਕੋਸ਼ਿਸ਼ ਨੂੰ ਕਾਫੀ ਸਫਲਤਾ ਵੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਸਾਂਝ ਕੇਂਦਰਾਂ ਦੇ ਆਰਾਮਦਾਇਕ ਮਾਹੌਲ ਕਾਰਨ ਜਿਹੜੀਆਂ ਔਰਤਾਂ ਪਹਿਲਾਂ ਪੁਲਿਸ ਕੋਲ ਜਾ ਕੇ ਆਪਣੀ ਸਮੱਸਿਆ ਦੱਸਣ ਤੋਂ ਡਰ ਮਹਿਸੂਸ ਕਰਦੀਆਂ ਸਨ, ਹੁਣ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਬੇਝਿਜਕ ਸਾਂਝ ਕੇਂਦਰਾਂ ਵਿਚ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਸਾਂਝ ਕੇਂਦਰਾਂ ਦੇ ਕੰਮਕਾਜ਼ ਨੂੰ ਹੋਰ ਸੁਚਾਰੂ ਰੂਪ ਨਾਲ ਚਲਾਉਣ ਲਈ ਸੋਸਾਇਟੀ ਦੇ ਮੈਂਬਰਾਂ ਨੂੰ ਵਧੀਆ ਭੂਮਿਕਾ ਅਦਾ ਕਰਨੀ ਚਾਹੀਦੀ ਹੈ ਅਤੇ ਚੰਗੇ ਸੁਝਾਅ ਦੇਣੇ ਚਾਹੀਦੇ ਹਨ।
ਇਸ ਮੌਕੇ ਵਾਤਾਵਰਨ ਮਾਹਿਰ ਸ. ਪ੍ਰਕਾਸ਼ ਸਿੰਘ ਭੱਟੀ ਵੱਲੋਂ ਕੁਦਰਤੀ ਆਫ਼ਤਾਂ ਵਿਚ ਵਾਧਾ ਹੋਣ ਲਈ ਵਾਤਾਵਰਨ ਵਿਚ ਆ ਰਹੇ ਬਦਲਾਵਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਉਨ੍ਹਾਂ ਕਿਹਾ ਕਿ ਵਾਤਾਵਰਨ ਵਿਚ ਵਿਗਾੜ ਪੈਦਾ ਕਰ ਕੇ ਸੰਸਾਰ ਸਮੂਹਿਕ ਵਿਨਾਸ਼ ਵੱਲ ਵੱਧ ਰਿਹਾ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀ ਸ੍ਰੀ ਮਦਨ ਮੋਹਨ ਵੱਲੋਂ ਡੇਂਗੂ ਵਰਗੀ ਬਿਮਾਰੀ ਤੋਂ ਬਚਾਅ ਦੇ ਢੰਗਾਂ, ਆਪਣੇ ਘਰਾਂ ਵਿਚ ਖੜ੍ਹੇ ਗੰਦੇ ਪਾਣੀ ਕਾਰਨ ਮੱਛਰਾਂ ਦੇ ਪਨਪਣ ਅਤੇ ਡੇਂਗੂ ਬਿਮਾਰੀ ਹੋਣ ‘ਤੇ ਇਲਾਜ ਦੇ ਤਰੀਕਿਆਂ ਬਾਰੇ ਦੱਸਿਆ। ਇਸ ਮੌਕੇ ਸਾਂਝ ਕੇਂਦਰ ਦੇ ਸਕੱਤਰ ਸੁਰਜੀਤ ਸ਼ਰਮਾ, ਰਮਨ ਮਲਹੋਤਰਾ ਰਾਜੇਸ਼ ਅਰੋੜਾ, ਕੇ. ਆਰ ਬਾਵਾ, ਐਸ. ਕੇ ਲੂਥਰਾ, ਜਸਮਿੰਦਰ ਕੌਰ, ਪ੍ਰਬੋਧ ਚੰਦਰ ਬਾਲੀ, ਮੈਡਮ ਨੀਰਾ ਸ਼ਰਮਾ ਤੋਂ ਇਲਾਵਾ ਸਬ-ਡਵੀਜ਼ਨ ਸਾਂਝ ਕੇਂਦਰਾਂ ਦੇ ਇੰਚਾਰਜ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …

Leave a Reply