ਫਰੀਦਕੋਟ, 31 ਅਗਸਤ (ਪੰਜਾਬ ਪੋਸਟ ਬਿਊਰੋ) – ਬਾਬਾ ਫਰੀਦ ਆਗਮਨ ਪੁਰਬ ਦੇ ਸਮਾਗਮਾਂ ਨੂੰ ਸੁਚਾਰੂ ਢੰਗ ਨਾਲ ਨੇਪੇਰ ਚਾੜ੍ਹਣ ਲਈ ਜਿੰਨੀਆਂ ਵੀ ਕਮੇਟੀਆਂ ਗਠਿਤ ਕੀਤੀਆ ਗਈ ਹਨ ਲਈ ਵੱਖਰੇ ਵੱਖਰੇ ਨੋਡਲ ਅਫਸਰ ਅਫ਼ਸਰ ਲਗਾਏ ਜਾਣ ਇਹ ਸੁਝਾਅ ਕਮਿਸ਼ਨਰ ਫਰੀਦਕੋਟ ਡਵੀਜਨ ਸ੍ਰੀ ਵੀ.ਕੇ.ਮੀਨਾ ਨੇ ਬਾਬਾ ਸ਼ੇਖ ਫਰੀਦ ਜੀ ਦੇ ਪ੍ਰਬੰਧਾਂ ਨੂੰ ਲੈ ਕੇ ਕੀਤੀ ਇੱਕ ਵਿਸ਼ੇਸ਼ ਮੀਟਿੰਗ ਵਿੱਚ ਦਿੱਤੇ। ਉਨ੍ਹਾਂ ਕਿਹਾ ਕਿ ਜਿੰਨੀਆਂ ਵੀ ਲੜਕੀਆਂ ਕਿਸੇ ਵੀ ਪ੍ਰੋਗਰਾਮ ਜਾਂ ਖੇਡਾਂ ਵਿਚ ਹਿੱਸਾ ਲੈਂਦੀਆਂ ਹਨ, ਦਾ ਰਹਿਣ ਸਹਿਣ, ਖਾਣ-ਪੀਣ ਅਤੇ ਸੁਰੱਖਿਆ ਪੱਖੋਂ ਉਚਿਤ ਪ੍ਰਬੰਧ ਹੋਣਾ ਚਾਹੀਦਾ ਹੈ।
ਕਮਿਸ਼ਨਰ ਸ੍ਰੀ ਮੀਨਾ ਨੇ ਕਿਹਾ ਕਿ 19 ਸਤੰਬਰ ਨੂੰ ਦਰਬਾਰ ਗੰਜ ਕੰਪਲੈਕਸ ਵਿਖੇ ਵਿਰਾਸਤੀ ਪ੍ਰਦਰਸ਼ਨੀ/ਸਭਿਆਚਾਰਕ ਪ੍ਰੋਗਰਾਮ ਦਰਸਾਉਂਦੀ ਇੱਕ ਬਹੁਤ ਹੀ ਆਕਰਸ਼ਕ ਨੁਮਾਇਸ਼ ਲਗਾਈ ਜਾਵੇਗੀ ਜਿਸ ਵਿੱਚ ਵੱਖ-ਵੱਖ ਪੇਂਡੂ ਦ੍ਰਿਸ਼ਾਂ ਦੀਆਂ ਝਾਕੀਆਂ, ਪੁਰਾਣੇ ਸੰਦ, ਪੁਰਾਣੇ ਸਿੱਕੇ ਅਤੇ ਪੁਰਾਤਨ ਵਿਰਸੇ ਨਾਲ ਸਬੰਧਤ ਵਸਤਾਂ ਹੋਣਗੀਆਂ। ਇਸ ਤੋਂ ਇਲਾਵਾ ਦਰਬਾਰ ਗੰਜ ਵਿਖੇ ਸ਼ੇਖ ਫਰੀਦ ਕੌਮੀ ਡਰਾਮਾ ਫੈਸਟੀਵਲ ਅਤੇ ਦਰਗਾਹ ਬਾਬਾ ਮੌਜ਼ ਦਰਿਆ, ਹੁੱਕੀ ਚੌਂਕ ਵਿਖੇ ਕਵਾਲੀਆਂ ਆਯੋਜਿਤ ਕਰਵਾਈਆ ਜਾਣਗੀਆਂ। 20 ਸਤੰਬਰ ਨੂੰ ਅਮਰ ਆਸ਼ਰਮ ਵਿਖੇ ਤਰਕਸ਼ੀਲ ਨਾਟਕ ਮੇਲਾ, ਕਿੱਕ ਬਾਕਸਿੰਗ, ਦਸਤਾਰ ਮੁਕਾਬਲੇ ਅਤੇ ਫੁੱਟਬਾਲ ਟੂਰਨਾਂਮੈਂਟ ਦਾ ਉਦਘਾਟਨੀ ਟੂਰਨਾਂਮੈਂਟ ਕਰਵਾਏ ਜਾਣਗੇ। 21 ਸਤੰਬਰ ਨੂੰ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ ਵਿਖੇ ਕਵੀ ਦਰਬਾਰ ਅਤੇ ਸ਼ਾਮ ਨੂੰ 7 ਵਜੇ ਦਰਬਾਰ ਗੰਗ ਕੰਪਲੈਕਸ ਵਿਖੇ ਸੂਫੀਆਨਾ ਪ੍ਰੋਗਾਮ ਕਰਵਾਇਆ ਜਾਵੇਗਾ। ਜਿਸ ਵਿਚ ਪੰਜਾਬ ਦੇ ਨਾਮੀ ਸੂਫੀ ਗਾਇਕਾਂ ਨੂੰ ਸੱਦਾ ਦਿੱਤਾ ਜਾਵੇਗਾ। 22 ਸਤੰਬਰ ਨੂੰ ਸਵੇਰੇ ਨਹਿਰੂ ਸਟੇਡੀਅਮ ਵਿਖੇ ਪੇਂਡੂ ਖੇਡ ਮੇਲਾ ਅਤੇ ਸਭਿਆਚਾਰਕ ਪ੍ਰੋਗਾਮ ਦਾ ਆਯੋਜਨ ਕੀਤਾ ਜਾਵੇਗਾ। ਜਿਸ ਵਿਚ ਪੰਜਾਬ ਦੇ ਉੱਘੇ ਲੋਕ ਗਾਇਕਾਂ ਨੂੰ ਸੱਦਾ ਦਿੱਤਾ ਜਾਵੇਗਾ। ਇਸੇ ਤਰ੍ਹਾਂ 22 ਸਤੰਬਰ ਨੂੰ ਦਰਬਾਰਗੰਜ ਕੰਪਲੈਕਸ ਵਿਖੇ ਹੀ ਲੋਕ-ਨਾਚ ਪ੍ਰੋਗਰਾਮ ਕਰਵਾਇਆ ਜਾਵੇਗਾ ਜਿਸ ਵਿਚ ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਲੋਕ-ਨਾਚ ਕਰਵਾਏ ਜਾਣਗੇ। ਇਸੇ ਤਰ੍ਹਾਂ 23 ਸਤੰਬਰ ਨੂੰ ਸਮਾਪਤੀ ਵਾਲੇ ਦਿਨ ਨਹਿਰੂ ਸਟੇਡੀਅਮ ਵਿਖੇ ਸ਼ਾਮ ਨੂੰ 7 ਵਜੇ ਪੰਜਾਬੀ ਸਭਿਆਚਾਰਕ ਪ੍ਰੋਗਾਮ ਆਯੋਜਿਤ ਕੀਤਾ ਜਾਵੇਗਾ।
ਸ੍ਰੀ ਮੀਨਾ ਨੇ ਬਾਬਾ ਫਰੀਦ ਆਗਮਨ ਪੁਰਬ ਦੌਰਾਨ ਲੰਗਰ ਲਗਾਉਣ ਵਾਲੀਆਂ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਵਾਤਾਵਰਣ ਅਤੇ ਸਫ਼ਾਈ ਆਦਿ ਦਾ ਖ਼ਾਸ ਖਿਆਲ ਰੱਖਣ ਅਤੇ ਲੰਗਰ ਲਈ ਵਰਤੀਆਂ ਜਾਣ ਵਾਲੀਆਂ ਡਿਸਪੋਜਏਬਲ ਪਲੇਟਾਂ ਅਤੇ ਗਿਲਾਸ ਆਦਿ ਸੜ੍ਹਕਾਂ ਉੱਪਰ ਨਾ ਸੁੱਟਣ ਅਤੇ ਕੂੜੇਦਾਨ ਇਸਤੇਮਾਲ ਕਰਨ ਨੂੰ ਤਰਜੀਹ ਦੇ ਅਤੇ ਲੰਗਰ ਦੌਰਾਨ ਲਗਾਏ ਜਾਣ ਵਾਲੇ ਸਾਉਂਡ ਸਿਸਟਮ ਦੀ ਆਵਾਜ਼ ਵੀ ਘੱਟ ਰੱਖੀ ਜਾਵੇ। ਇਸ ਤੋ ਇਲਾਵਾ ਇਹ ਵੀ ਅਪੀਲ ਕੀਤੀ ਕਿ ਆਗਮਨ ਪੁਰਬ ਦੌਰਾਨ ਆਪਣੇ-ਆਪਣੇ ਘਰਾਂ ਵਿੱਚ ਦੀਪਮਾਲਾ ਕਰਕੇ ਬਾਬਾ ਫਰੀਦ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ।
ਇਸ ਮੌਕੇ ਡਿਪਟੀ ਕਮਿਸ਼ਨਰ ਸ. ਮਾਲਵਿੰਦਰ ੰਿਸੰਘ ਜੱਗੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਕੁਝ ਚੋਣਵੇਂ ਪ੍ਰੋਗਰਾਮ ਜੈਤੋ ਅਤੇ ਕੋਟਕਪੂਰਾ ਵਿਖੇ ਵੀ ਕਰਵਾਏ ਜਾਣਗੇ ਤਾਂਕਿ ਉਹ ਵੀ ਮੇਲੇ ਦੇ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਣ। ਉਨ੍ਹਾਂ ਦੱਸਿਆ ਕਿ 21 ਸਤੰਬਰ ਨੂੰ ਬਾਬਾ ਫਰੀਦ ਕਾਲਜ ਆਫ਼ ਨਰਸਿੰਗ ਕੋਟਕਪੂਰਾ ਵਿਖੇ ਕੌਮੀ ਲੋਕ ਨਾਚ ਕਰਵਾਏ ਜਾਣਗੇ ਜਦਕਿ 22 ਸਤੰਬਰ ਨੂੰ ਸਰਸਵਤੀ ਕੰਨਿਆ ਮਹਾਂਵਿਦਿਆਲਿਆ ਜੈਤੋ ਵਿਖੇ ਵੀ ਲੋਕ ਨਾਚ ਕਰਵਾਏ ਜਾਣਗੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਕੇਸ਼ਵ ਹਿੰਗੋਨੀਆਂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਪਰਵੀਨ ਕੁਮਾਰ, ਐਸ ਡੀ ਐਮ ਸ. ਹਰਦੀਪ ਸਿੰਘ, ਕਾਰਜਕਾਰੀ ਮੈਜਿਸਟਰੇਟ ਸ੍ਰੀ ਵਿਜੇ ਕੁਮਾਰ ਸਿਆਲ, ਸਟੇਟ ਅਵਾਰਡੀ ਪ੍ਰੋ. ਬ੍ਰਹਮ ਜਗਦੀਸ਼ ਸਿੰਘ, ਜ਼ਿਲ੍ਹਾ ਸਿੱਖਿਆ ਅਫਸਰ (ਸੈ:) ਸ. ਪਰਮਿੰਦਰ ਸਿੰਘ ਬਰਾੜ, ਉਪ ਜ਼ਿਲ੍ਹਾ ਸਿੱਖਿਆ ਅਫਸਰ (ਐ:)ਸ.ਧਰਮਵੀਰ ਸਿੰਘ, ਸਕੱਤਰ ਰੈਡ ਕਰਾਸ ਸ੍ਰੀ ਰੋਸ਼ਨ ਲਾਲ ਗੋਇਲ, ਸੇਵਾਦਾਰ ਬਾਬਾ ਫਰੀਦ ਵਿੱਦਿਅਕ ਸੰਸਥਾਵਾਂ ਸ. ਮਹੀਪਇੰਦਰ ਸਿੰਘ ਸੇਖੋਂ, ਸਮਾਜਸੇਵੀ ਸ੍ਰੀ ਪਰਵੀਨ ਕਾਲਾ, ਜ਼ਿਲ੍ਹਾ ਗਾਈਡੈਂਸ ਕਾਉਂਸਲਰ ਸ੍ਰੀ ਜਸਬੀਰ ਸਿੰਘ ਜੱਸੀ ਤੋਂ ਇਲਾਵਾ ਸਬੰਧਤ ਵਿਭਾਗਾਂ ਦੇ ਅਧਿਕਾਰੀ ਸ਼ਾਮਿਲ ਹੋਏ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media