
ਅੰਮ੍ਰਿਤਸਰ, 6 ਸਤੰਬਰ (ਗੁਰਪ੍ਰੀਤ ਸਿੰਘ) – ਸੰਤ ਬਾਬਾ ਦਰਸ਼ਨ ਸਿੰਘ ਕੁਲੀਵਾਲੇ ਘਣੂਪੁਰ ਦੀ ਸਲਾਨਾ ਬਰਸੀ ਸੰਗਤਾਂ ਦੇ ਪੂਰਨ ਸਹਿਯੋਗ ਨਾਲ ਉਨ੍ਹਾਂ ਦੀ ਯਾਦ ਵਿਚ ਬਣੇ ਗੁਰਦੁਆਰਾ ਸਾਹਿਬ ਪਿੰਡ ਘਣੂਪੁਰ ਵਿਖੇ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਗਈ। ਇਸ ਮੌਕੇ ਕਰਵਾਏ ਗਏ ਗੁਰਮਤਿ ਸਮਾਗਮ ਸਮੇਂ ਜਿਥੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨਿਹਾਲ ਹੋਈਆਂ ਉਥੇ ਨਿਹੰਗ ਸਿੰਘਾਂ ਦੇ ਢਾਡੀ ਜਥੇ ‘ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ’ ਵੱਲੋਂ ਗੁਰ-ਇਤਿਹਾਸ ਦੀਆਂ ਵਾਰਾਂ ਗਾਇਨ ਕਰ ਕੇ ਬੀਰ ਰਸੀ ਮਾਹੌਲ ਸਿਰਜਿਆ ਗਿਆ। ਸੰਤ ਬਾਬਾ ਗੁਰਦੇਵ ਸਿੰਘ ਕੁਲੀਵਾਲਿਆਂ ਨੇ ਸੰਗਤਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰਬਾਣੀ ਦੇ ਲੜ ਲਗ ਗੁਰੂ-ਆਸ਼ੇ ਅਨੁਸਾਰ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਕੀਤੀ।
ਇਸ ਮੌਕੇ ਪੰਜਾਬ ਸੱਭਿਆਚਾਰ ਮੰਚ ਘਣੂਪੁਰ ਵਲੋਂ ਉਘੇ ਸਿੱਖ ਲੇਖਕ ਸ. ਦਿਲਜੀਤ ਸਿੰਘ ‘ਬੇਦੀ’ ਜੋ ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਛਪਦੇ ਮੈਗਜੀਨ ‘ਗੁਰਦੁਆਰਾ ਗਜ਼ਟ’ ਦੇ ਸੰਪਾਦਕ ਹਨ ਅਤੇ ਕਈ ਵਡਮੁੱਲੀਆਂ ਕਿਤਾਬਾਂ ਸੰਗਤਾਂ ਨੂੰ ਅਰਪਨ ਕਰ ਚੁੱਕੇ ਹਨ ਅਤੇ ਅਜੇ ਵੀ ਲਗਾਤਾਰ ਆਪਣੀ ਕਲਮ ਨਾਲ ਸਮਾਜ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਦੁਆਰਾ ਪੰਥਕ, ਧਾਰਮਿਕ ਅਤੇ ਸਾਹਿਤਕ ਤੌਰ ‘ਤੇ ਨਿਭਾਈਆਂ ਸੇਵਾਵਾਂ ਬਦਲੇ ਪ੍ਰਿੰਸੀਪਲ ਸਤਿਬੀਰ ਸਿੰਘ ਯਾਦਗਾਰੀ ਐਵਾਰਡ ਨਾਲ ਸਨਮਾਨ ਪੱਤਰ, ਚਾਂਦੀ ਦਾ ਤਗਮਾ, ਸ਼ਾਲ ਅਤੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ. ਦਿਲਜੀਤ ਸਿੰਘ ‘ਬੇਦੀ’ ਨੇ ਸੱਭਿਆਚਾਰ ਮੰਚ ਅਤੇ ਸੰਤ ਗੁਰਦੇਵ ਸਿੰਘ ਕੁਲੀਵਾਲਿਆਂ ਦਾ ਵਿਸੇਸ਼ ਤੌਰ ‘ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਸਨਮਾਨ ਲੇਖਕਾਂ ਨੂੰ ਹੋਰ ਵੀ ਜ਼ਿੰਮੇਵਾਰੀ ਨਾਲ ਆਪਣੀ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਕਰਦੇ ਹਨ। ਇਸ ਮੌਕੇ ਜਥੇਦਾਰ ਸੋਹਣ ਸਿੰਘ ਘਣੂਪੁਰ, ਸ. ਗੁਰਪ੍ਰੀਤ ਸਿੰਘ ਪ੍ਰਧਾਨ ਸੱਭਿਆਚਾਰ ਮੰਚ, ਸ. ਮਨਕਰਨ ਸਿੰਘ ਸੀਨੀਅਰ ਮੀਤ ਪ੍ਰਧਾਨ, ਸ. ਰਾਹੁਲਪ੍ਰੀਤ ਸਿੰਘ, ਸ. ਸ਼ਮਸ਼ੇਰ ਸਿੰਘ, ਸ. ਨਿਰਵੈਰ ਸਿੰਘ, ਸ. ਜੋਬਨ ਸਿੰਘ ਕੈਫੇ ਵਾਲੇ, ਸ. ਗੁਰਜੀਤ ਸਿੰਘ, ਸ. ਜਗਜੀਤ ਸਿੰਘ ਭੁੱਲਰ ਅਤੇ ਭਾਰੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
Check Also
ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ
ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …
Punjab Post Daily Online Newspaper & Print Media