Wednesday, August 12, 2026

ਉਸਾਰੀ ਕਿਰਤੀ’ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈਲਫੇਅਰ ਬੋਰਡ’ ਦੇ ਮੈਂਬਰ ਬਣਨ – ਏ.ਡੀ.ਸੀ

ਬਟਾਲਾ, 7 ਸਤੰਬਰ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵੱਲੋਂ ਉਸਾਰੀ ਕਿਰਤੀ ਅਤੇ ਕਾਮਿਆਂ ਦੀ ਹਾਲਤ ਸੁਧਾਰਨ ਅਤੇ ਸਮਾਜਿਕ ਨਿਆਂ ਦੇਣ ਲਈ ‘ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈਲਫੇਅਰ ਬੋਰਡ’ ਦਾ ਗਠਨ ਕੀਤਾ ਗਿਆ ਹੈ। ਇਹ ਬੋਰਡ, ਉਸਾਰੀ ਦੇ ਖੇਤਰ ਵਿਚ ਲੱਗੇ ਕਿਰਤੀ-ਕਾਮਿਆਂ ਅਤੇ ਪਰਿਵਾਰਾਂ ਦਾ ਸਮਾਜਿਕ ਜੀਵਨ ਉੱਚਾ ਚੁੱਕਣ ਲਈ ਭਲਾਈ ਸਕੀਮਾਂ ਰਾਹੀਂ ਵਿੱਤੀ ਸਹਾਇਤਾ ਉਪਲਬਧ ਕਰਵਾਉਂਦਾ ਹੈ।
ਇਸ ਸਬੰਧੀ ਵਧੇਰੇ ਜਾਣਕਾਈ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਸ. ਜਗਵਿੰਦਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਬੋਰਡ ਦੇ ਰਜਿਸਟਰਡ ਉਸਾਰੀ ਕਿਰਤੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ 1 ਸਾਲ ਵਿਚ 50 ਹਜ਼ਾਰ ਰੁਪਏ ਤੱਕ ਦਾ ਸਰਕਾਰੀ ਅਤੇ ਪੈਨਲ ਹਸਪਤਾਲਾਂ ਵਿਚ ਮੁਫਤ ਇਲਾਜ, ਬੀਮਾ ਸਕੀਮ ਤਹਿਤ ਮੈਂਬਰ ਦੀ ਹਾਦਸੇ ਨਾਲ ਮੌਤ ਹੋਣ ‘ਤੇ 5 ਲੱਖ ਰੁਪਏ, ਦੁਰਘਟਨਾ ਕਾਰਨ ਅਪੰਗ ਹੋਣ ‘ਤੇ 5 ਲੱਖ ਰੁਪਏ ਤੱਕ ਮੁਆਵਜ਼ਾ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਬੋਰਡ ਨਾਲ ਪੰਜੀਕ੍ਰਿਤ ਉਸਾਰੀ ਕਿਰਤੀਆਂ ਦੀਆਂ ਧੀਆਂ ਨੂੰ ਵਿਆਹ ਮੌਕੇ ਸ਼ਗਨ ਸਕੀਮ, ਬੱਚਿਆਂ ਦੀ ਪੜ੍ਹਾਈ ਦੌਰਾਨ ਵਜ਼ੀਫਾ ਯੋਜਨਾ, ਸਕੂਲ ਜਾਣ ਲਈ ਮੁਫਤ ਸਾਈਕਲ ਯੋਜਨਾ ਵੀ ਰਾਜ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ।
ਸ. ਗਰੇਵਾਲ ਨੇ ਦੱਸਿਆ ਕਿ 18 ਤੋਂ 60 ਸਾਲ ਦਾ ਕੋਈ ਵੀ ਔਰਤ ਜਾਂ ਮਰਦ ਜੋ ਕਿ ਉਸਾਰੀ ਦੇ ਕੰਮ ਜਿਵੇਂ ਕਿ ਮਿਸਤਰੀ, ਰਾਜ ਮਿਸਤਰੀ, ਮਜ਼ਦੂਰ, ਪਲੰਬਰ, ਸਰੀਆ ਬੰਨ੍ਹਣ ਵਾਲੇ, ਇਲੈਕਟ੍ਰੀਸ਼ੀਅਨ, ਪੇਂਟਰ ਅਤੇ ਪੱਥਰ ਦਾ ਕੰਮ ਕਰਨ ਵਾਲੇ, ਜਿਸ ਨੇ ਪਿਛਲੇ ਇਕ ਸਾਲ ਵਿਚ 90 ਦਿਨ ਉਸਾਰੀ ਦਾ ਕੰਮ ਕੀਤਾ ਹੋਵੇ ਜਾਂ 50 ਦਿਨ ਨਰੇਗਾ ਅਧੀਨ ਕੰਮ ਕੀਤਾ ਹੋਵੇ, ਬੋਰਡ ਦਾ ਮੈਂਬਰ ਬਣ ਸਕਦਾ ਹੈ। ਉਨ੍ਹਾਂ ਦੱਸਿਆ ਕਿ ਉਸਾਰੀ ਕਿਰਤੀ ਆਪਣੇ ਠੇਕੇਦਾਰ ਜਾਂ ਸਰਪੰਚ ਵੱਲੋਂ ਇਕ ਸਾਲ ਵਿਚ 90 ਦਿਨ ਉਸਾਰੀ ਦਾ ਕੰਮ ਕਰਨ ਜਾਂ 50 ਦਿਨ ਨਰੇਗਾ ਅਧੀਨ ਕੀਤੇ ਹੋਏ ਕੰਮ ਦੀ ਤਸਦੀਕ, 28 ਨੰਬਰ ਫਾਰਮ ਅਤੇ ਸਵੈ-ਘੋਸ਼ਣਾ ਪੱਤਰ, ਜਨਮ ਦਾ ਪ੍ਰਮਾਣ ਪੱਤਰ, ਬੈਂਕ ਖਾਤਾ ਨੰਬਰ, ਰਿਹਾਇਸ਼ ਦਾ ਸਬੂਤ ਅਤੇ 4 ਫੋਟੋ ਲਗਾ ਕੇ 25 ਰੁਪਏ ਰਜਿਸਟ੍ਰੇਸ਼ਨ ਫੀਸ ਅਤੇ 120 ਰੁਪਏ ਇਕ ਸਾਲ ਦਾ ਅੰਸ਼ਦਾਨ ਜਾਂ 360 ਰੁਪਏ ਤਿੰਨ ਸਾਲ ਅੰਸ਼ਦਾਨ, ਸਬੰਧਤ ਜ਼ਿਲ੍ਹਾ ਲੇਬਰ ਕਮਿਸ਼ਨਰ ਜਾਂ ਲੇਬਰ ਇੰਸਪੈਕਟਰ ਕੋਲ ਜਮ੍ਹਾਂ ਕਰਵਾ ਕੇ ਆਪਣਾ ਰਜਿਸਟ੍ਰੇਸ਼ਨ ਕਾਰਡ ਪ੍ਰਾਪਤ ਕਰਕੇ ਬੋਰਡ ਵੱਲੋਂ ਮੈਂਬਰਾਂ ਲਈ ਚਲਾਈਆਂ ਭਲਾਈ ਸਕੀਮਾਂ ਅਧੀਨ ਵਿੱਤੀ ਲਾਭ ਪ੍ਰਾਪਤ ਕਰਨ ਦੇ ਹੱਕਦਾਰ ਬਣ ਸਕਦੇ ਹਨ।
ਵਧੀਕ ਡਿਪਟੀ ਕਮਿਸ਼ਨਰ ਸ. ਗਰੇਵਾਲ ਨੇ ਅੱਗੇ ਦੱਸਿਆ ਕਿ ਬੋਰਡ ਵੱਲੋਂ ਭਲਾਈ ਸਕੀਮਾਂ ਅਧੀਨ ਆਉਂਦੇ ਵਿੱਤੀ ਲਾਭ ਬਹੁਤ ਹੀ ਪਾਰਦਰਸ਼ੀ ਢੰਗ ਨਾਲ ਸਿੱਧੇ ਹੀ ਮੈਂਬਰਾਂ ਦੇ ਬੈਂਕ ਖਾਤਿਆਂ ਵਿਚ ਪਹੁੰਚਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਯੋਜਨਾ ਕਿਰਤੀ-ਕਾਮਿਆਂ ਦੇ ਸਮਾਜਿਕ ਪੱਧਰ ਨੂੰ ਉੱਚਾ ਚੁੱਕਣ ਲਈ ਬਹੁਤ ਸਹਾਇਕ ਸਿੱਧ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਉਸਾਰੀ ਕਿਰਤੀਆਂ ਨੂੰ ਇਹ ਸਾਰੇ ਲਾਭ ਲੈਣ ਲਈ ਆਪਣਾ ਨਾਮ ਬੋਰਡ ਕੋਲ ਪੰਜੀਕ੍ਰਿਤ ਕਰਾਉਣਾ ਅਤੀ ਜ਼ਰੂਰੀ ਹੈ। ਸ. ਗਰੇਵਾਲ ਨੇ ਉਸਾਰੀ ਕਿਰਤੀਆਂ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਲੈਣ ਲਈ ‘ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈਲਫੇਅਰ ਬੋਰਡ’ ਦੇ ਮੈਂਬਰ ਜਰੂਰ ਬਣਨ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply