
ਅੰਮ੍ਰਿਤਸਰ, 11 ਸਤੰਬਰ (ਜਗਦੀਪ ਸਿੰਘ ਸੱਗੂ)- ਅਮ੍ਰਿਤਸਰ ਵਿਕਾਸ ਮਚ ਨੇ ਅੰਮ੍ਰਿਤਸਰ ਵਿਚ ਸਥਾਨਕ ਪੁਲੀਸ ਵਲੋਂ ਪੁਰਅਮਨ ਤਰੀਕੇ ਨਾਲ ਲੋਕ ਸੰਪਰਕ ਮੰਤਰੀ ਨੂੰ ਮੰਗ ਪੱਤਰ ਦੇਣ ਜਾ ਰਹੇ ਪੱਤਰਕਾਰਾਂ ‘ਤੇ ਲਾਠੀਚਾਰਜ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ ਤੇ ਮੰਗ ਕੀਤੀ ਹੈ ਕਿ ਦੋਸ਼ੀ ਪੁਲੀਸ ਅਧਿਕਾਰੀਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਪੰਜਾਬ ਪੱਤਰਕਾਰ ਐਸੋਸੀਏਸ਼ਨ ਦੇ ਪ੍ਰਤੀਨਿਧਾਂ ਨੂੰ ਬੁਲਾਅ ਕੇ ਉਨ੍ਹਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਕੇ ਲਾਗੂ ਕੀਤਾ ਜਾਵੇ। ਮਚ ਦੇ ਸਰਪ੍ਰਸਤ ਡਾ.ਚਰਨਜੀਤ ਸਿਘ ਗੁਮਟਾਲਾ ਨੇ ਲੋਕ ਸੰਪਰਕ ਮੰਤਰੀ ਸ.ਬਿਕਰਮ ਸਿੰਘ ਮਜੀਠੀਆ ਨੂੰ ਇਸ ਸਬੰਧੀ ਪੱਤਰ ਲਿੱਖ ਕੇ ਪੱਤਰਕਾਰਾਂ ਦੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ ਹੈ ਤਾਂ ਜੁ ਪੱਤਰਕਾਰਾਂ ਵੱਲੋਂ ਚਲਾਇਆ ਜਾ ਰਿਹਾ ਅੰਦੋਲਨ ਸਮਾਪਤ ਹੋ ਸਕੇ।
ਪ੍ਰੈਸ ਨੂੰ ਜਾਰੀ ਬਿਆਨ ਵਿਚ ਮੰਚ ਆਗੂ ਨੇ ਕਿਹਾ ਕਿ ਇਕ ਪਾਸੇ ਸਰਕਾਰ 2017 ਦੀਆਂ ਚੋਣਾਂ ਨੂੰ ਮੁੱਖ ਰਖਕੇ ਵੱਖ ਵੱਖ ਵਰਗਾਂ ਨੂੰ ਰਾਹਤਾਂ ਦੇ ਰਹੀ ਹੈ ਪਰ ਦੂਜੇ ਪਾਸੇ ਪੱਤਰਕਾਰਾਂ ਦੀ ਆਵਾਜ਼ ਨੂੰ ਡੰਡੇ ਦੇ ਜੋਰ ਨਾਲ ਦਬਾਅ ਰਹੀ ਹੈ।ਪੰਜਾਬ ਸਰਕਾਰ ਨੂੰ ਲੋਕਾਂ ਦਿਆਂ ਮਸਲਿਆਂ ਨੂੰ ਲੋਕਤੰਤਰੀ ਢੰਗ ਨਾਲ ਹੱਲ ਕਰਨਾ ਚਾਹੀਦਾ ਹੈ।ਲੋਕ ਤੰਤਰ ਵਿਚ ਡੰਡਾਤੰਤਰ ਬਹੁਤੀ ਦੇਰ ਨਹੀਂ ਚਲਦਾ ਤੇ ਇਸ ਦੀ ਸਮਾਂ ਆਉਣ ‘ਤੇ ਭਾਰੀ ਕੀਮਤ ਅਦਾ ਕਰਨੀ ਪੈਂਦੀ ਹੈ। ਜਦ ਵਿਦੇਸ਼ਾਂ ਵਿਚ ਕਿਸੇ ਦੀ ਦਸਤਾਰ ਲੱਥਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਸ ਦੀ ਨਿਖੇਧੀ ਕੀਤੀ ਜਾਦੀ ਹੈ ,ਪਰ ਪੱਤਰਕਾਰਾਂ ‘ਤੇ ਹੋਏ ਲਾਠੀਚਾਰਜ ਵਿਚ ਦਸਤਾਰ ਲੱਥੀ ਫੋਟੋ ਜਨਤਕ ਹੋਣ ਦੇ ਬਾਵਜੂਦ ਵੀ ਇਨ੍ਹਾਂ ਜਥੇਬੰਦੀਆਂ ਵੱਲੋਂ ਚੁੱਪ ਧਾਰਨੀ ਕਈ ਸੁਆਲ ਖੜੇ ਕਰਦੀ ਹੈ,ਜਿਸ ਦਾ ਜੁਆਬ ਇਨ੍ਹਾਂ ਦੇ ਆਗੂ ਹੀ ਦੇ ਸਕਦੇ ਹਨ।
Punjab Post Daily Online Newspaper & Print Media