Wednesday, March 18, 2026

ਡੀ. ਏ. ਵੀ ਇਟਰਨੈਸ਼ਨਲ ਸਕੂਲ ਵਿੱਚ ਸਹੋਦਯਾ ਸਕੂਲ ਕਪਲੈਕਸ ਵਲੋਂ ਵਿਦਵਾਨਾਂ ਦਾ ਸਨਮਾਨ

ppn1209201607

ਅੰਮ੍ਰਿਤਸਰ, 12 ਸਤੰਬਰ (ਜਗਦੀਪ ਸਿੰਘ ਸੱਗੂ) – ਡੀ.ਏ. ਵੀ ਇਟਰਨੈਸ਼ਨਲ ਸਕੂਲ ਵਿੱਚ ਅੱਜ ‘ਅਧਿਆਪਕ ਦਿਵਸ’ ਦੇ ਮੌਕੇ ‘ਤੇ ਵਿਸ਼ਾਲ ਸਮਾਗਮ ਦਾ ਆਯੋਜਨ ਕੀਤਾ ਗਿਆ ।ਸਹੋਦਯਾ ਸਕੂਲ ਕੰਪਲੈਕਸ, ਅੰਮ੍ਰਿਤਸਰ ਦੇ ਅੰਤਰਗਤ ਕਰਵਾਏ ਗਏ ਇਸ ਸਮਾਗਮ ਵਿੱਚ 5 ਪਿ੍ਰੰਸੀਪਲ ਅਤੇ 96 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ।
ਡਾ. ਬਿਸਵਾਜੀਤ ਸਾਹਾ, ਸਹਾਇਕ ਨਿਰਦੇਸ਼ਕ (ਵੋਕੇਸ਼ਨਲ ਸਿੱਖਿਆ) ਸੀ.ਬੀ.ਐਸ.ਈ., ਨਵੀਂ ਦਿੱਲੀ ਇਸ ਮੌਕੇ ‘ਤੇ ਮੁੱਖ-ਮਹਿਮਾਨ ਵਜੋਂ ਮੌਜੂਦ ਸਨ । ਸਮਾਰੋਹ ਦਾ ਸ਼ੁੱਭ ਆਰੰਭ ਗਿਆਨ ਦੀ ਪ੍ਰਤੀਕ ‘ਜੋਤ’ ਜਗਾ ਕੇ ਕੀਤਾ ਗਿਆ । ਸਹੋਦਯਾ ਦੇ ਪ੍ਰਧਾਨ ਡਾ. ਧਰਮਵੀਰ ਸਿੰਘ, ਡਾ. ਨੀਲਮ ਕਾਮਰਾ, ਡਾ. ਰਾਜੇਸ਼ ਕੁਮਾਰ, ਪਿ੍ਰੰਸੀਪਲ ਅੰਜਨਾ ਗੁਪਤਾ ਅਤੇ ਪਿ੍ਰੰਸੀਪਲ ਅਨੀਤਾ ਭੱਲਾ, ਜ਼ਿਲ੍ਹਾ ਸਿੱਖਿਆ ਅਧਿਕਾਰੀ ਸ੍ਰ. ਸਤਿੰਦਰਬੀਰ ਸਿੰਘ, ਜ਼ਿਲ੍ਹਾ ਖੇਡ ਅਧਿਕਾਰੀ ਸ੍ਰ. ਕੁਲਜਿੰਦਰ ਸਿੰਘ ਮੱਲ੍ਹੀ ਅਤੇ ਸਹੋਦਯਾ ਸਕੂਲ ਕੰਪਲੈਕਸ ਦੇ ਅਹੁਦੇਦਾਰਾਂ ਨੇ ਮੁੱਖ-ਮਹਿਮਾਨ ਦਾ ਸੁਆਗਤ ਗੁਲਦਸਤਾ ਭੇਂਟ ਕਰਕੇ ਕੀਤਾ । ਸਹੋਦਯਾ ਦੁਆਰਾ ਇਨ੍ਹਾਂ ਮਹਾਨ ਵਿਦਵਾਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ।
ਪ੍ਰਿੰਸੀਪਲ ਅੰਜਨਾ ਗੁਪਤਾ ਨੇ ਮੌਜੂਦ ਮਹਿਮਾਨਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਅਧਿਆਪਕ ਹੋਣਾ ਬਹੁਤ ਹੀ ਮਾਣ ਵਾਲੀ ਗੱਲ ਹੈ ਕਿਉਂਕਿ ਸਾਡੇ ਦੇਸ ਵਿੱਚ ਅਧਿਆਪਕ ਨੂੰ ਰੱਬ ਤੋਂ ਵੀ ਉੱਚਾ ਦਰਜਾ ਦਿੱਤਾ ਜਾਂਦਾ ਹੈ।ਇਸ ਤੋਂ ਇਲਾਵਾ ਉਹਨਾਂ ਨੇ ਅਧਿਆਪਕ ਦੀ ਤੁਲਨਾ ਜਗਦੇ ਹੋਏ ਦੀਵੇ ਨਾਲ ਕੀਤੀ ਜੋ ਆਪ ਜਗ ਕੇ ਦੂਜਿਆਂ ਨੂੰ ਚਾਨਣ ਦਿੰਦਾ ਹੈ।ਅਧਿਆਪਕ ਆਪਣੇ ਗਿਆਨ ਨਾਲ ਵਿਦਿਆਰਥੀਆਂ ਦਾ ਮਾਰਗ-ਦਰਸ਼ਨ ਕਰਦਾ ਹੈ ਅਤੇ ਉਹਨਾਂ ਦੇ ਜੀਵਨ ਨੂੰ ਸਫਲ ਬਣਾਉਣ ਵਿੱਚ ਭਰਪੂਰ ਯੋਗਦਾਨ ਦਿੰਦਾ ਹੈ ।

ਮੁੱਖ ਮਹਿਮਾਨ ਡਾ. ਬਿਸਵਾਜੀਤ ਸਾਹਾ ਨੇ ਮੌਜੂਦ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ‘ਅਧਿਆਪਕ ਦਿਵਸ’ ਦੇ ਮੌਕੇ ‘ਤੇ ਵਧਾਈ ਦਿੰਦਿਆਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਸਹੀ ਦਿਸ਼ਾ ਵਿਖਾਉਣਾ ਅਧਿਆਪਕਾਂ ਦੀ ਹੀ ਜਿੰਮੇਵਾਰੀ ਹੈ ਕਿਉਂਕਿ ਅਜੋਕੇ ਸਮੇਂ ਵਿੱਚ ਵਿਦਿਆਰਥੀਆਂ ਵਿੱਚ ਦਿਨੋ-ਦਿਨ ਨੈਤਿਕ ਮੁੱਲ ਘਟਦੇ ਜਾ ਰਹੇ ਹਨ।ਉਨ੍ਹਾਂ ਨੇ ਕਿੱਤਾ ਪ੍ਰਧਾਨ ਸਿੱਖਿਆ ਉੱਤੇ ਜੋਰ ਦਿੰਦਿਆਂ ਆਖਿਆ ਕਿ ਵਿਦਿਆਰਥੀਆਂ ਨੂੰ ਅਜਿਹੀ ਸਿੱਖਿਆ ਮੁਹੱਈਆ ਕਰਵਾਉਣੀ ਚਾਹੀਦੀ ਹੈ ਤਾਂ ਜੋ ਉਹ ਪੜ੍ਹ-ਲਿਖ ਕੇ ਆਪਣੀ ਰੋਜੀ-ਰੋਟੀ ਕਮਾਉਣ ਦੇ ਕਾਬਲ ਬਣ ਸਕਣ ।
ਇਸ ਮੌਕੇ ‘ਤੇ ਡਾ. ਰਾਜੀਵ ਨਿਰਯਾਲ(ਪ੍ਰਿੰਸੀਪਲ ਐਸ.ਐਸ.ਬਾਜਵਾ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਕਾਦੀਆਂ), ਸ੍ਰੀਮਤੀ ਹਰਜਿੰਦਰਪਾਲ ਕੌਰ (ਪ੍ਰਿੰਸੀਪਲ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਬੁਰਜ ਮਰਹਾਨਾ, ਤਰਨਤਾਰਨ), ਸ੍ਰੀਮਤੀ ਪਰਮਿੰਦਰ ਕੌਰ (ਪ੍ਰਿੰਸੀਪਲ ਸ੍ਰੀ ਗੁਰੂ ਹਰਿਕ੍ਰਿਸ਼ਨ ਇੰਟਰਨੈਸ਼ਨਲ ਸਕੂਲ, ਗੁਰਦਾਸਪੁਰ), ਸ੍ਰੀਮਾਨ ਸੁਜੀਤ ਸ਼ਰਮਾ (ਪ੍ਰਿੰਸੀਪਲ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਸਕੂਲ, ਵਰਪਾਲ) ਅਤੇ ਸ੍ਰੀਮਤੀ ਰਜਨੀ ਕਾਲਰਾ (ਪ੍ਰਿੰਸੀਪਲ ਰਾਯਨ ਇੰਟਰਨੈਸ਼ਨਲ ਸਕੂਲ, ਅੰਮ੍ਰਿਤਸਰ) ਨੂੰ ਉਨ੍ਹਾਂ ਦੀਆਂ ਵਿਸ਼ੇਸ਼ ਪ੍ਰਾਪਤੀਆਂ ਲਈ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ।
ਸਹੋਦਯਾ ਕੰਪਲੈਕਸ, ਅੰਮ੍ਰਿਤਸਰ ਦੇ ਸਕੂਲਾਂ ਦੇ 96 ਯੋਗ ਅਧਿਆਪਕਾਂ ਨੂੰ ਅਧਿਆਪਨ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਅਤੇ ਇਸ ਤੋਂ ਇਲਾਵਾ ਮੌਕੇ ‘ਤੇ ਮੌਜੂਦ ਪਿ੍ਰੰਸੀਪਲਾਂ ਅਤੇ ਸਹੋਦਯਾ ਸਕੂਲ ਕੰਪਲੈਕਸ ਦੇ ਅਹੁਦੇਦਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ । ਇਸ ਮੌਕੇ ‘ਤੇ ਸਕੂਲ ਦੇ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ।ਵੱਖ-ਵੱਖ ਸ਼ੈਲੀਆਂ ਵਿੱਚ ਕੀਤੇ ਗਏ ਨਾਚ ਨੇ ਦਰਸ਼ਕਾਂ ਦੀ ਵਾਹ-ਵਾਹ ਖੱਟੀ । ਇਸ ਤੋਂ ਇਲਾਵਾ ਦੇਸ ਭਗਤੀ ਦੇ ਗੀਤ ਅਤੇ ਗਨੇਸ਼ ਵੰਦਨਾ ਨੇ ਦਰਸ਼ਕਾਂ ਦਾ ਮਨ ਮੋਹ ਲਿਆ । ਸ. ਸਤਿੰਦਰਬੀਰ ਸਿੰਘ (ਜ਼ਿਲ੍ਹਾ ਸਿੱਖਿਆ ਅਧਿਕਾਰੀ) ਨੇ ਅਧਿਆਪਕ ਦਿਵਸ ‘ਤੇ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਆਖਿਆ ਕਿ ਮਨੁੱਖ ਦਾ ਸਭ ਤੋਂ ਵੱਡਾ ਗੁਰੂ ਉਸ ਦੀ ਮਾਂ ਹੈ ਜੋ ਆਪਣੇ ਬੱਚਿਆਂ ਨੂੰ ਹਰ ਸਮੇਂ ਸਹੀ ਰਾਹ ‘ਤੇ ਚੱਲਣ ਦੀ ਪ੍ਰੇਰਨਾ ਦਿੰਦੀ ਹੈ । ਇਸ ਤੋਂ ਇਲਾਵਾ ਉਹਨਾਂ ਨੇ ਆਖਿਆ ਕਿ ਅਧਿਆਪਨ ਕਿੱਤਾ ਕੇਵਲ ਪੈਸਾ ਕਮਾਉਣ ਦਾ ਸਾਧਨ ਹੀ ਨਹੀਂ ਸਗੋਂ ਇੱਕ ਜਨੂੰਨ ਹੋਣਾ ਚਾਹੀਦਾ ਹੈ ਜੋ ਵਿਦਿਆਰਥੀਆਂ ਦੇ ਜੀਵਨ ਨੂੰ ਸਫਲ ਬਣਾਉਣ ਲਈ ਪੜ੍ਹਾਈ ਦੇ ਨਾਲ-ਨਾਲ ਜਿਊਣ-ਜਾਂਚ ਵੀ ਸਿਖਾਏ ਤਾਂ ਜੋ ਉਹ ਖੁਸ਼ਹਾਲ ਜੀਵਨ ਬਤੀਤ ਕਰ ਸਕਣ ।ਡਾ. ਧਰਮਵੀਰ ਸਿੰਘ ਨੇ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਸਨਮਾਨ ਪ੍ਰਾਪਤ ਕਰਨ ਵਾਲਿਆਂ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਉਹਨਾਂ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਗਈ, ਉਹਨਾਂ ਨੂੰ ਹੋਰ ਵੀ ਮਿਹਨਤ ਤੇ ਲਗਨ ਨਾਲ ਕੰਮ ਕਰਨਾ ਚਾਹੀਦਾ ਹੈ । ਉਹਨਾਂ ਇਹ ਵੀ ਆਖਿਆ ਕਿ ਗੁਰੂ ਤੋਂ ਬਿਨਾਂ ਗਿਆਨ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਅਤੇ ਗੁਰੂ ਨੂੰ ਚਾਹੀਦਾ ਹੈ ਕਿ ਹਰੇਕ ਵਿਦਿਆਰਥੀ ਵਿਚਲੀ ਪ੍ਰਤਿਭਾ ਨੂੰ ਪਛਾਣੇ ਤਾਂ ਜੋ ਵਿਦਿਆਰਥੀ ਉਸੇ ਖੇਤਰ ਵਿੱਚ ਹੋਰ ਮਿਹਨਤ ਕਰਕੇ ਨਾਂ ਕਮਾ ਸਕਣ । ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਮਿਹਨਤੀ ਅਧਿਆਪਕਾਂ ਦੀ ਅੱਜ ਵੀ ਵਿਦਿਆਰਥੀ ਗੁਰੂ ਵਾਂਗ ਇੱਜ਼ਤ-ਮਾਣ ਕਰਦੇ ਹਨ । ਅੰਤ ਉਹਨਾਂ ਨੇ ਮੁੱਖ ਮਹਿਮਾਨ ਡਾ. ਬਿਸਵਾਜੀਤ ਜੀ ਦਾ ਤਹਿ-ਦਿਲੋਂ ਧੰਨਵਾਦ ਕੀਤਾ ਜੋ ਉਹ ਆਪਣਾ ਕੀਮਤੀ ਸਮਾਂ ਕੱਢ ਕੇ ਸਮਾਗਮ ਵਿੱਚ ਸ਼ਾਮਲ ਹੋਏ । ਇਸ ਤੋਂ ਇਲਾਵਾ ਉਹਨਾਂ ਨੇ ਵੱਖ-ਵੱਖ ਸਕੂਲਾਂ ਤੋਂ ਆਏ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਦਾ ਵੀ ਧੰਨਵਾਦ ਕੀਤਾ ।ਇਸ ਸ਼ੁੱਭ ਮੌਕੇ ‘ਤੇ ਸ੍ਰੀਮਤੀ ਸਰਵਜੀਤ ਕੌਰ ਬਰਾੜ, ਸ੍ਰੀਮਾਨ ਵਿਜੈ ਮਹਿਰਾ, ਸ੍ਰੀਮਤੀ ਵਿਨੋਦਿਤਾ ਸੰਖਿਯਾਨ, ਸ੍ਰੀਮਤੀ ਉਰਮਿੰਦਰ ਕੌਰ ਅਤੇ ਸ੍ਰੀਮਾਨ ਪਰਮਜੀਤ ਕੁਮਾਰ ਵੀ ਮੌਜੂਦ ਸਨ।ਸਮਾਗਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply