Thursday, November 5, 2026

ਡੇਂਗੂ ਪ੍ਰਤੀ ਜਾਗਰੂਕਤਾ ਲਈ ਕੱਢੀ ਰਿਕਸ਼ਾ ਰੈਲੀ

ppn2709201606

ਅੰਮ੍ਰਿਤਸਰ, 27 ਸਤੰਬਰ (ਜਗਦੀਪ ਸਿੰਘ ਸੱਗੂ) – ਆਮ ਲੋਕਾਂ ਨੂੰ ਡੇਂਗੂ ਵਰਗੀ ਬਿਮਾਰੀ ਪ੍ਰਤੀ ਜਾਗਰੂਕ ਕਰਨ ਲਈ ਅੱਜ ਸਿਵਲ ਸਰਜਨ ਡਾ. ਪ੍ਰਦੀਪ ਚਾਵਲਾ ਵੱਲੋਂ ਦਫ਼ਤਰ ਸਿਵਲ ਸਰਜਨ ਤੋਂ ਇਕ ਰਿਕਸ਼ਾ ਰੈਲੀ ਨੂੰ ਝੰਡੀ ਦੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਡੇਂਗੂ ਤੋਂ ਬਚਣ ਲਈ ਸਭ ਤੋਂ ਜ਼ਰੂਰੀ ਹੈ ਕਿ ਮੱਛਰ ਦੀ ਪੈਦਾਵਾਰ ਨੂੰ ਹੀ ਰੋਕਿਆ ਜਾਵੇ, ਕਿਉਂਕਿ ਇਲਾਜ ਨਾਲੋਂ ਪਰਹੇਜ ਜ਼ਿਆਦਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਨਕਾਰਾ ਸਾਮਾਨ ਛੱਤਾਂ ‘ਤੇ ਸੁੱਟਣ ਦੀ ਬਜਾਏ ਨਸ਼ਟ ਕਰ ਦੇਣਾ ਚਾਹੀਦਾ ਹੈ ਜਾਂ ਕਬਾੜੀਏ ਨੂੰ ਦੇ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਦਿਨ ਵੇਲੇ ਪੂਰੀਆਂ ਬਾਹਵਾਂ ਦੇ ਕੱਪੜੇ ਪਹਿਨੇ ਜਾਣ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਆਦਿ ਦਾ ਇਸਤੇਮਾਲ ਕੀਤਾ ਜਾਵੇ। ਜ਼ਿਲ੍ਹਾ ਐਪੀਡਿਮੋਲੋਜਿਸਟ ਡਾ. ਮਦਨ ਮੋਹਨ ਨੇ ਇਸ ਦੌਰਾਨ ਕਿਹਾ ਕਿ ਡੇਂਗੂ ਇਕ ਵਾਇਰਲ ਬੁਖਾਰ ਹੈ, ਜੋ ਏਡੀਜ਼ ਅਜਿਪਟੀ ਨਾਂਅ ਦੇ ਮੱਛਰ ਦੇ ਕੱਟਣ ਨਾਲ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਲੱਛਣ ਤੇਜ਼ ਸਿਰਦਰਦ ਅਤੇ ਤੇਜ਼ ਬੁਖਾਰ, ਮਾਸਪੇਸ਼ੀਆਂ ਅਤੇ ਜੋੜਾਂ ਦਾ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿਚ ਦਰਦ, ਉਲਟੀਆਂ, ਨੱਕ-ਮੂੰਹ ਅਤੇ ਮਸੂੜਿਆਂ ਵਿਚੋਂ ਖ਼ੂਨ ਵਗਣਾ ਆਦਿ ਹਨ। ਉਨ੍ਹਾਂ ਕਿਹਾ ਕਿ ਡੇਂਗੂ ਬੁਖਾਰ ਦਾ ਸ਼ੱਕ ਹੋਣ ਦੀ ਸੂਰਤ ਵਿਚ ਤੁਰੰਤ ਸਰਕਾਰੀ ਹਸਪਤਾਲ ਤੋਂ ਮੁਫ਼ਤ ਚੈੱਕਅੱਪ ਅਤੇ ਇਲਾਜ ਕਰਵਾਉਣਾ ਚਾਹੀਦਾ ਹੈ।

Check Also

ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …

Leave a Reply