
ਨਵੀ ਦਿੱਲੀ, 27 ਸਤੰਬਰ (ਪੰਜਾਬ ਪੋਸਟ ਬਿਊਰੋ) – ਦਸਤਾਰ ਪਹਿਨ ਕੇ ਕੰਮ ਕਰਨ ਦੀ ਅਦਾਲਤ ਵੱਲੋਂ ਪਾਬੰਦੀ ਲਾਉਣ ਦੇ ਫੈਸਲੇ ਨੂੰ ਕੈਨੇਡਾ ਸਰਕਾਰ ਮੁੜ ਤੋਂ ਵਿਚਾਰੇ।ਦਸਤਾਰ ਧਾਰਮਿਕ ਚਿੰਨਾਂ ਵਿੱਚ ਸ਼ਾਮਲ ਹੈ, ਜੋ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ।ਉਪ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਸ੍ਰੀ ਜਸਟਿਨ ਟਰੁਡੋ ਨੂੰ ਅਤੇ ਭਾਰਤੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਉਹ ਕੈਨੇਡਾ ਵਿਚ ਸਿੱਖਾਂ ਨਾਲ ਕੰਮ ਦੌਰਾਨ ਹੋ ਰਹੇ ਧਾਰਮਿਕ ਤੇ ਨਸਲੀ ਵਿਤਕਰੇ ਨੂੰ ਦੂਰ ਕਰਨ ਲਈ ਤੁਰੰਤ ਜ਼ਰੂਰੀ ਕਦਮ ਚੁੱਕਣ। ਉਨਾਂ ਕਿਹਾ ਕਿ ਮਾਂਟ੍ਰੀਅਲ ਅਦਾਲਤ ਦਾ ਤਾਜ਼ਾ ਫੈਸਲਾ ਕੈਨੇਡਾ ਚਾਰਟਰ ਦੇ ਨਿਯਮਾਂ ਅਤੇ ਮਨੁੱਖੀ ਅਧਿਕਾਰਾਂ ਦੀ ਸਿੱਧੀ ਉਲੰਘਣਾ ਹੈ। ਅਦਾਲਤ ਨੇ ਜੋ ਇਹ ਫੈਸਲਾ ਤਿੰਨ ਸਿੱਖ ਕਨਟੇਨਰ ਡਰਾਈਵਰਾਂ ਦੇ ਕੇਸ ਦੀ ਸੁਣਵਾਈ ਦੌਰਾਨ ਦਿੱਤਾ ਹੈ ਕੈਨੇਡਾ ਸਰਕਾਰ ਨੂੰ ਮੁੜ ਵਿਚਾਰਨਾ ਚਾਹੀਦਾ ਹੈ ਕਿਉਂਕਿ ਵੱਡੀ ਗਿਣਤੀ ਵਿੱਚ ਸਿੱਖ ਉਥੇ ਰਹਿ ਰਹੇ ਹਨ। ਸਿਰਸਾ ਨੇ ਕਿਹਾ ਹੈ ਕਿ ਸਿੱਖਾਂ ਨੂੰ ਭਾਰਤ ਸਮੇਤ ਅਮਰੀਕਾ, ਬਰਤਾਨੀਆ ਅਤੇ ਆਸਟ੍ਰੇਲੀਆ ਵਰਗੇ ਵੱਖ ਵੱਖ ਦੇਸ਼ਾਂ ਦੀ ਫੌਜ, ਪੁਲਿਸ ਅਤੇ ਹੋਰ ਵਿਭਾਗਾਂ ਵਿਚ ਡਿਊਟੀ ਦੇ ਦੌਰਾਨ ਦਸਤਾਰ ਪਹਿਨਣ ਦੀ ਇਜ਼ਾਜਤ ਹੈ ਤਾਂ ਫਿਰ ਕੈਨੇਡਾ ਵਰਗੇ ਵਿਕਸਿਤ ਦੇਸ਼ ਵਿਚ ਅਜਿਹਾ ਫੈਸਲਾ ਆਉਣਾ ਮੰਦਭਾਗਾ ਹੈ ਜਿਸ ਦੇ ਵਿਕਾਸ ਵਿਚ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਨਾਂ ਦੇਸ਼ਾਂ ਵਿਚ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸਮਝਦੇ ਹੋਏ ਡਿਊਟੀ ਦੌਰਾਨ ਦਸਤਾਰ ਪਹਿਨਣ ਦੀ ਇਜਾਜ਼ਤ ਦੇਣ ਲਈ ਕਾਨੂੰਨਾਂ ਵਿਚ ਸੋਧ ਵੀ ਕੀਤੀ ਗਈ ਹੈ।
ਸਿਰਸਾ ਨੇ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਅਪੀਲ ਕੀਤੀ ਹੈ ਕਿ ਉਹ ਦਸਤਾਰ ਦੇ ਮੁੱਦੇ ‘ਤੇ ਨਿੱਜੀ ਦਿਲਚਸਪੀ ਲੈ ਕੇ ਕੈਨੇਡਾ ਸਰਕਾਰ ਕੋਲ ਇਹ ਕੇਸ ਉਠਾਵੇ ਕਿਉਂਕਿ ਇਸ ਫੈਸਲੇ ਨਾਲ ਵਿਸ਼ਵ ਭਰ ਦੇ ਸਿੱਖਾਂ ਵਿਚ ਰੋਸ ਦੀ ਭਾਵਨਾ ਵੱਧਣ ਲੱਗੀ ਹੈ।ਉਨਾਂ ਕਿਹਾ ਕਿ ਮਾਂਟ੍ਰੀਅਲ ਅਦਾਲਤ ਦੇ ਹਾਲ ਹੀ ਵਿਚ ਦਿੱਤੇ ਗਏ ਫੈਸਲੇ ਸਬੰਧੀ ਉੱਚ ਕੋਟੀ ਦੇ ਅੰਤਰਰਾਸ਼ਟਰੀ ਵਕੀਲਾਂ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ ਤਾਂ ਜੋ ਕੈਨੇਡਾ ਵਿੱਚ ਸਿੱਖ ਕਾਮਿਆਂ ਨੂੰ ਰਾਹਤ ਦਿਵਾਈ ਜਾ ਸਕੇ।
Punjab Post Daily Online Newspaper & Print Media