
ਅੰਮ੍ਰਿਤਸਰ, 30 ਸਤੰਬਰ (ਜਗਦੀਪ ਸਿੰਘ ਸੱਗੂ) – ਡਿਪਟੀ ਕਮਿਸਨਰ ਅੰਮ੍ਰਿਤਸਰ ਸ੍ਰੀ ਵਰੁਣ ਰੂਜਮ ਅਤੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਤੇਜਿੰਦਰਪਾਲ ਸਿੰਘ ਸੰਧੂ ਨੇ ਅੱਜ ਸਰਹੱਦੀ ਖੇਤਰ ਵਿੱਚੋਂ ਹੋ ਹਿਜਰਤ ਅਤੇ ਲੋਕਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਦਾ ਹੱਲ ਕਰਨ ਲਈ ਆਪਣੀ ਟੀਮ ਸਮੇਤ ਸਰਹੱਦੀ ਪਿੰਡਾਂ ਦਾ ਦੌਰਾ ਕੀਤਾ। ਉਹ ਲੋਕਾਂ ਨੂੰ ਮਿਲੇ ਅਤੇ ਆਰਜੀ ਤੌਰ ਤੇ ਕਾਇਮ ਕੀਤੇ ਗਏ ਰਾਹਤ ਕੈਂਪਾਂ ਵਿੱਚ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੋਈ ਵੀ ਲੋੜਵੰਦ ਇਨ੍ਹਾਂ ਕੈਂਪਾਂ ਵਿੱਚ ਆ ਸਕਦਾ ਹੈ ਜਿਥੇ ਉਸ ਨੂੰ ਰੋਟੀ ਪਾਣੀ, ਮੈਡੀਕਲ ਸਹੂਲਤਾਂ ਬਿਜਲੀ ਆਦਿ ਦਾ ਪ੍ਰਬੰਧ ਸਰਕਾਰ ਵੱਲੋਂ ਕਰ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਅੱਜ ਪਿੰਡ ਜਸਤਰਵਾਲ, ਕੜਿਆਲ, ਡੱਗਤੂਤ, ਸ਼ਾਹਪੁਰ, ਮੋਲੋਕੇ, ਭਿੰਡੀ ਸੈਦਾਂ, ਭਿੰਠੀ ਔਲਖ ਅਤੇ ਅਜਨਾਲਾ ਸੈਕਟਰ ਦੇ ਹੋਰ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਲੋਕਾਂ ਵਿੱਚ ਜੰਗ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਦਹਿਸ਼ਤ ਨਹੀਂ ਹੈ ਅਤੇ ਲੋਕ ਚੜ੍ਹਦੀ ਕਲਾ ਵਿੱਚ ਹਨ। ਬਹੁਤੇ ਲੋਕ ਆਪਣੇ ਘਰ ਬਾਹਰ ਨਹੀਂ ਛੱਡ ਰਹੇ ਪਰ ਜੇ ਕੋਈ ਬਿਲਕੁਲ ਸਰਹੱਦ ‘ਤੇ ਵੱਸਿਆ ਘਰ ਹਿਜਰਤ ਕਰਦਾ ਹੈ ਤਾਂ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਲਈ ਜਿਲ੍ਹੇ ਦੇ ਸਾਰੇ ਅਧਿਕਾਰੀਆਂ ਦੀ ਡਿਊਟੀਆਂ ਲਗਾ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰਸਾਸ਼ਨ ਨੇ ਕੰਟਰੋਲ ਸਥਾਪਤ ਕਰ ਦਿੱਤਾ ਹੈ ਜੋ 24 ਘੰਟੇ ਕੰਮ ਕਰੇਗਾ ਅਤੇ ਸਰਕਾਰੀ ਦਫਤਰ ਸ਼ਨੀਵਾਰ ਅਤੇ ਐਤਵਾਰ ਰੋਜਾਨਾਂ ਦੀ ਤਰ੍ਹਾਂ ਖੁਲੇ ਰਹਿਣਗੇ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media