
ਅੰਮ੍ਰਿਤਸਰ, 3 ਅਕਤੂਬਰ (ਜਗਦੀਪ ਸਿੰਘ ਸੱਗੂ)- ‘ਕੁਸ਼ਟ ਰੋਗ ਪੂਰਨ ਤੌਰ ‘ਤੇ ਠੀਕ ਹੋਣ ਵਾਲਾ ਰੋਗ ਹੈ ਪਰੰਤੂ ਸ਼ਰਤ ਇਹ ਹੈ ਕਿ ਇਸ ਬਿਮਾਰੀ ਬਾਰੇ ਸਮੇਂ ਸਿਰ ਪਤਾ ਲੱਗ ਜਾਵੇ। ਇਸ ਦੀ ਜਿੰਨੀ ਜਲਦੀ ਪਛਾਣ ਹੋ ਜਾਵੇ, ਓਨੀ ਜਲਦੀ ਹੀ ਇਲਾਜ ਸੰਭਵ ਹੈ। ਉਕਤ ਸਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਅੰਮ੍ਰਿਤਸਰ ਡਾ. ਪ੍ਰਦੀਪ ਚਾਵਲਾ ਨੇ ਕੁਸ਼ਟ ਰੋਗ ਬਾਰੇ ਲੋਕਾਂ ਦੇ ਭਰਮ-ਭੁਲੇਖੇ ਦੂਰ ਕਰਨ ਲਈ ਮੀਡੀਏ ਜ਼ਰੀਏ ਲੋਕਾਂ ਤੱਕ ਇਸ ਸਬੰਧੀ ਪੈਦਾ ਹੋਏ ਭਰਮ ਨੂੰ ਦੂਰ ਕਰਨ ਵਾਸਤੇ ਕੀਤੀ ਪ੍ਰੈਸ ਕਾਨਫਰੰਸ ਵਿਚ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਇਸ ਰੋਗ ਦਾ ਪਤਾ ਪਹਿਲੀ ਸਟੇਜ ‘ਤੇ ਹੀ ਲੱਗ ਜਾਵੇ ਤਾਂ ਮਰੀਜ਼ ਸਾਰੀ ਉਮਰ ਦੀ ਅਪੰਗਤਾ ਤੋਂ ਬਚ ਸਕਦਾ ਹੈ। ਉਨਾਂ ਕਿਹਾ ਕਿ ਕੁਸ਼ਟ ਰੋਗ ਪਰਮਾਤਮਾ ਵੱਲੋਂ ਦਿੱਤੀ ਸਜ਼ਾ ਨਹੀਂ ਹੈ, ਬਲਕਿ ਇਹ ਇਕ ਬਿਮਾਰੀ ਹੈ, ਜੋ ਕਿ ਮਾਈਕੋਬੈਕਟੀਰੀਆ ਲੈਪਰੀ ਜੀਵਾਣੂ ਕਾਰਨ ਹੁੰਦੀ ਹੈ।
ਇਸ ਮੌਕੇ ਜ਼ਿਲ੍ਹਾ ਲੈਪਰੋਸੀ ਅਫ਼ਸਰ ਡਾ. ਜੋਤਿਕਾ ਕਲਸੀ ਨੇ ਦੱਸਿਆ ਕਿ ਵਿਸ਼ਵ ਭਰ ਵਿਚੋਂ ਭਾਰਤ ਵਿਚ ਕੁਸ਼ਟ ਰੋਗ ਦੇ ਹਰ ਸਾਲ 50 ਫੀਸਦੀ ਕੇਸ ਨਿਕਲਦੇ ਹਨ। ਉਨ੍ਹਾਂ ਦੱਸਿਆ ਕਿ ਇਸ ਰੋਗ ਨਾਲ ਬਹੁਤ ਸਾਰੇ ਵਹਿਮ-ਭਰਮ ਜੁੜੇ ਹੋਏ ਹਨ ਪਰੰਤੂ ਹਕੀਕਤ ਕੁਝ ਹੋਰ ਹੀ ਹੈ, ਜਿਸ ਬਾਰੇ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੁਸ਼ਟ ਰੋਗ ਇਕ ਬਹੁਤ ਹੀ ਘੱਟ ਛੂਤ ਵਾਲੀ ਬਿਮਾਰੀ ਹੈ ਅਤੇ ਇਸ ਦੇ ਕੀਟਾਣੂ ਕੁਸ਼ਟ ਰੋਗ ਦੇ ਮਰੀਜ਼ ਦੇ ਛਿੱਕਣ ਨਾਲ ਜਾਂ ਗੱਲਬਾਤ ਕਰਨ ਨਾਲ ਹਵਾ ਵਿਚ ਫ਼ੈਲਦੇ ਹਨ ਅਤੇ ਸਾਹ ਦੇ ਰਸਤੇ ਤੰਦਰੁਸਤ ਇਨਸਾਨ ਦੇ ਸਰੀਰ ਵਿਚ ਦਾਖ਼ਲ ਹੋ ਕੇ ਹੌਲੀ-ਹੌਲੀ ਉਸ ਨੂੰ ਕੁਸ਼ਟ ਰੋਗੀ ਬਣਾ ਦਿੰਦੇ ਹਨ। ਇਸ ਵਿਚ ਔਸਤਨ 5 ਤੋਂ 7 ਸਾਲ ਦਾ ਸਮਾਂ ਲੱਗ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਰੀਰ ਦੀ ਚਮੜੀ ਦੇ ਕਿਸੇ ਵੀ ਹਿੱਸੇ ‘ਤੇ ਸੁੰਨ ਚਿਟਾਕ ਜਾਂ ਤਾਂਬੇ ਰੰਗ ਦੇ ਦਾਗ ਜਾਂ ਧੱਬੇ, ਗਰਮ-ਠੰਡਾ ਜਾਂ ਛੂਹਣ ਤੇ ਸੁੰਨ ਮਹਿਸੂਸ ਹੋਵੇ ਤਾਂ ਇਹ ਕੁਸ਼ਟ ਰੋਗ ਦੀ ਨਿਸ਼ਾਨੀ ਹੈ।
ਉਨਾਂ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਵਿਚ ਸਿਵਲ ਸਰਜਨ ਡਾ. ਪਰਦੀਪ ਚਾਵਲਾ ਦੀ ਯੋਗ ਅਗਵਾਈ ਅਤੇ ਉਨ੍ਹਾਂ ਦੀ ਦੇਖ-ਰੇਖ ਹੇਠ ਪਿਛਲੇ ਦੋ ਸਾਲਾਂ ਤੋਂ ਆਰ. ਸੀ. ਐਸ ਰੀਕੰਨਸਟ੍ਰੱਕਟਿਵ ਸਰਜਰੀ ਦੇ ਕੈਂਪ ਸਿਵਲ ਹਸਪਤਾਲ ਅੰਮ੍ਰਿਤਸਰ ਵਿਚ ਹਰ ਸਾਲ ਲਗਾਏ ਜਾਂਦੇ ਹਨ, ਜਿਨ੍ਹਾਂ ਵਿਚ ਉਹ ਆਪਣਾ ਇਲਾਜ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਵੀ ਨਵੰਬਰ ਦੇ ਮਹੀਨੇ ਸਿਵਲ ਹਸਪਤਾਲ ਵਿਚ ਕੁਸ਼ਟ ਰੋਗੀਆਂ ਦੀ ਅਪੰਗਤਾ ਨੂੰ ਠੀਕ ਕਰਨ ਤੇ ਉਨ੍ਹਾਂ ਦੇ ਮੁੜ ਵਸੇਬੇ ਦੇ ਯਤਨਾਂ ਤਹਿਤ ਇਹ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਖਾਸ ਗੱਲ ਇਹ ਹੈ ਕਿ ਇਸ ਸਰਜਰੀ ‘ਤੇ ਮਰੀਜ਼ ਦਾ ਆਪਣਾ ਕੋਈ ਖ਼ਰਚਾ ਨਹੀਂ ਹੁੰਦਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸੰਪਰਕ ਵਿਚ ਰਹਿੰਦੇ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਕਰਨ ਤਾਂ ਜੋ ਦਿਨੋ-ਦਿਨ ਇਸ ਦੇ ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਘਟਾਇਆ ਜਾ ਸਕੇ ਅਤੇ ਇਕ ਸੁਚੱਜੇ ਤੇ ਅਰੋਗ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media