Friday, March 20, 2026

ਵਾਤਾਵਰਣ ਤੇ ਜਾਨਵਰਾਂ ਪ੍ਰਤੀ ਮੋਹ ਦੀ ਤੰਦ ਨੂੰ ਗੂੜੀ ਕਰ ਰਿਹਾ ਪਿੰਡ ਆਵਾ

ppn1410201612
ਵਾਤਾਵਰਣ ਤੇ ਜਾਨਵਰਾਂ ਪ੍ਰਤੀ ਮੋਹ ਦੀ ਤੰਦ ਨੂੰ ਗੂੜੀ ਕਰ ਰਿਹਾ ਪਿੰਡ ਆਵਾਫਾਜ਼ਿਲਕਾ, 14 ਅਕਤੂਬਰ (ਵਨੀਤ ਅਰੋੜਾ)-  ਜਿੱਥੇ ਪੰਜਾਬ ਸਰਕਾਰ ਵੱਲੋਂ ਵਾਤਾਵਰਣ ਅਤੇ ਜੀਵ ਰੱਖਿਆ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉੱਥੇ ਹੀ ਜ਼ਿਲ੍ਹੇ ਦੇ ਪਿੰਡ ਆਵਾ ਦੀ ਪੰਚਾਇਤ ਵੱਲੋਂ ਪਿੰਡ ਵਿਚ ਪੰਚਾਇਤ ਅਤੇ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਇਸ ਕੰਮ ਪ੍ਰਤੀ ਆਪਣੇ ਮੋਹ ਦੀ ਤੰਦ ਨੂੰ ਹੋਰ ਡੂੰਘਾ ਕੀਤਾ ਜਾ ਰਿਹਾ ਹੈ। ਇਸ ਕੰਮ ਲਈ ਪਿੰਡ ਦੀ ਪੰਚਾਇਤ ਵਧਾਈ ਦੀ ਪਾਤਰ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਪਿੰਡ ਦੀ ਆਵਾ ਦੀ ਪੰਚਾਇਤ ਵੱਲੋਂ ਚਿੜੀਆਂ ਲਈ ਬਣਾਏ ਗਏ ਰੈਣ ਬਸੇਰਿਆਂ ਦੀ ਸ਼ੁਰੂਆਤ ਕਰਨ ਮੌਕੇ ਕੀਤਾ।
ਸ਼੍ਰੀ ਜਿਆਣੀ ਨੇ ਕਿਹਾ ਕਿ ਅੱਜ ਸਾਡੇ ਵਾਤਾਵਰਣ ਵਿਚ ਬਹੁਤ ਸਾਰੇ ਵਿਗਾੜ ਆ ਗਏ ਹਨ ਜਿਸ ਕਾਰਨ ਅਸੀਂ ਦਿਨੋਂ ਦਿਨ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਾਂ। ਉਨ੍ਹਾਂ ਕਿਹਾ ਕਿ ਇਸ ਕੰਮ ਪ੍ਰਤੀ ਲੋਕਾਂ ਵਿਚ ਲੋਕ ਲਹਿਰ ਉਸਾਰਨ ਦਾ ਕੰਮ ਪਿੰਡ ਆਵਾ ਦੀ ਪੰਚਾਇਤ ਨੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੀ ਪੰਚਾਇਤ ਵੱਲੋਂ ਕੀਤੇ ਜਾ ਰਹੇ ਕੰਮ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਇੰਨ੍ਹਾਂ ਉਪਰਾਲਿਆਂ ਨੂੰ ਜ਼ਿਲ੍ਹੇ ਦੇ ਹੋ
ਰਨਾਂ ਲੋਕਾਂ ਨੂੰ ਵੀ ਅੱਗੇ ਲਿਜਾਣ ਦੀ ਲੋੜ ਹੈ ਤਾਂ ਕਿ ਵਾਤਾਵਰਣ ਪ੍ਰਤੀ ਅਤੇ ਜੀਵ ਰੱਖਿਆ ਪ੍ਰਤੀ ਅਸੀਂ ਆਪਣੀ ਬਣਦੀ ਭੂਮਿਕਾ ਨਿਭਾਅ ਸਕੀਏ।
ਇਸ ਮੌਕੇ ਪਿੰਡ ਦੇ ਸਰਪੰਚ ਸ. ਸ਼ਵਿੰਦਰ ਸਿੰਘ ਨੇ ਕਿਹਾ ਕਿ ਅੱਜ ਚਿੜੀਆਂ ਦੀ ਗਿਣਤੀ ਘੱਟ ਰਹੀ ਹੈ। ਇਹ ਹੀ ਨਹੀਂ ਚਿੜੀਆਂ ਦਾ ਅਲੋਪ ਹੋਣਾ ਕਾਫ਼ੀ ਗੁੰਝਲਦਾਰ ਸਥਿਤੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਜਿਵੇਂ ਰੁੱਖਾਂ ਦੀ ਗਿਣਤੀ ਘੱਟ ਹੋ ਰਹੀ ਹੈ ਉਸ ਤਰ੍ਹਾਂ ਹੀ ਜੰਗਲੀ ਜਾਨਵਰਾਂ ਅਤੇ ਜੀਵਾਂ ਦੀ ਗਿਣਤੀ ਵੀ ਘੱਟ ਰਹੀ ਹੈ। ਉਨ੍ਹਾਂ ਕਿਹਾ ਕਿ ਜਾਨਵਰ ਵੀ ਇਸ ਧਰਤੀ ਦਾ ਅੰਗ ਹਨ। ਇਸ ਲਈ ਉਨ੍ਹਾਂ ਵੱਲੋਂ ਇੰਨ੍ਹਾਂ ਨੂੰ ਬਚਾਉਣ ਲਈ ਰੈਣ ਬਸੇਰਿਆਂ ਦਾ ਇੰਤਜਾਮ ਕੀਤਾ ਗਿਆ ਅਤੇ ਇੰਨ੍ਹਾਂ ਨੂੰ ਦਰਖੱਤਾਂ ਦੇ ਨਾਲ ਨਾਲ ਘਰਾਂ ਵਿਚ ਵੀ ਰੱਖਿਆ ਗਿਆ ਹੈ ਤਾਂ ਕਿ ਇਹ ਜੀਵ ਵੀ ਧਰਤੀ ਤੇ ਆਪਣਾ ਨਿਰਬਾਹ ਕਰ ਸਕਣ। ਉਨ੍ਹਾਂ ਦੱਸਿਆ ਕਿ ਵਾਤਾਵਰਣ ਪ੍ਰਤੀ ਮੋਹ ਭਰੀ ਪਹੁੰਚ ਅਪਣਾਉਦਿਆਂ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਵਿਚ 2 ਹਜ਼ਾਰ ਦੇ ਕਰੀਬ ਰੁੱਖ ਲਾ ਕੇ ਵਾਤਾਵਰਣ ਨੂੰ ਹਰਾ ਭਰਾ ਰੱਖਣ ਦਾ ਉਪਰਾਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਿਹਤ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਪਾਰਕਾਂ ਦਾ ਨਿਰਮਾਣ ਕਰਵਾਇਆ ਗਿਆ ਹੈ ਅਤੇ ਨੌਜਵਾਨਾਂ ਦੇ ਖੇਡਣ ਲਈ ਟਰੈਕ ਵੀ ਬਣਾ ਕੇ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੀ ਪੰਚਾਇਤ ਨੂੰ ਇਹ ਮਾਣ ਹੈ ਕਿ ਪਿੰਡ ਦੇ 6 ਖਿਡਾਰੀ ਨੈਸ਼ਨਲ ਪੱਧਰ ਤੇ ਮੈਡਲ ਹਾਸਲ ਕਰ ਚੁੱਕੇ ਹਨ। ਪਿੰਡ ਦੇ ਖਿਡਾਰੀਆਂ ਨੇ ਅਥੈਲੇਟਿਕਸ ਅਤੇ ਵੇਟਲਿਫ਼ਟਿੰਗ ਵਿਚ ਮੈਡਲ ਪ੍ਰਾਪਤ ਕੀਤੇ ਹਨ।
ਪਿੰਡ ਦੇ ਸਰਪੰਚ ਸ. ਸ਼ਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਪਿੰਡ ਦਾ ਮਾਰਗਦਰਸ਼ਨਂ ਕਰਨਾ ਚਾਹੀਦਾ ਹੈ ਤਾਂ ਕਿ ਇਹ ਪਿੰਡ ਜ਼ਿਲ੍ਹੇ ਦੇ ਹੋਰ ਪਿੰਡਾਂ ਲਈ ਰਾਹ ਦਸੇਰਾ ਹੋ ਨਿੱਬੜੇ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply