
ਅੰਮ੍ਰਿਤਸਰ, 17 ਅਕਤੂਬਰ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ‘ਰਾਗ ਦਰਬਾਰ’ ਸਮਾਗਮ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਗੁਰਮੇਜ ਸਿੰਘ ਵੱਲੋਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਕੀਤੇ ਗਏ ‘ਬਰੇਲ ਲਿਪੀਅੰਤਰਣ’ ਦੇ ਤਿੰਨ ਭਾਗਾਂ ਨੂੰ ਰਿਲੀਜ਼ ਕੀਤਾ।
ਉਨ੍ਹਾਂ ਕਿਹਾ ਕਿ ਭਾਈ ਸਾਹਿਬ ਵੱਲੋਂ ਬਰੇਲ ਲਿਪੀ ਵਿੱਚ ਲਿਪੀਅੰਤਰਣ ਕੀਤੀ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਕਹੀ ਜਾਣ ਵਾਲੀ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਸੂਰਮਾ ਸਿੰਘ (ਅੱਖਾਂ ਤੋਂ ਵਿਹੂਣੇ ਲੋਕ) ਭਰਪੂਰ ਜਾਣਕਾਰੀ ਲੈ ਸਕਣਗੇ।ਉਨ੍ਹਾਂ ਕਿਹਾ ਕਿ ਭਾਈ ਗੁਰਮੇਜ ਸਿੰਘ ਨੇ ਇਸ ਤੋਂ ਪਹਿਲਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਸਰੂਪ ਬਰੇਲ ਲਿਪੀ ਵਿੱਚ ਲਿਪੀਅੰਤਰਣ ਕੀਤਾ ਹੈ।ਉਨ੍ਹਾਂ ਕਿਹਾ ਕਿ ਭਾਈ ਸਾਹਿਬ ਵੱਲੋਂ ਬਰੇਲ ਲਿਪੀਅੰਤਰਣ ਕੀਤੇ ਗਏ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਤਿੰਨੇ ਭਾਗ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ੧੩ ਨੰਬਰ ਕਮਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੁਸ਼ੋਭਿਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਨਾਮ ਬਾਣੀ ਦੇ ਰਸੀਏ ਭਾਈ ਗੁਰਮੇਜ ਸਿੰਘ ਨੇ ਜਿਸ ਤਰ੍ਹਾਂ ਗੁਰਮਤਿ ਸੰਗੀਤ ਰਹਿਣੀ, ਨਵੇਕਲੀ ਸ਼ੈਲੀ ਅਤੇ ਸ੍ਰੀ ਦਰਬਾਰ ਸਾਹਿਬ ਪ੍ਰਤੀ ਅਟੁੱਟ ਸ਼ਰਧਾ ਨਾਲ ਕੀਰਤਨ ਕਰਦਿਆਂ ਆਪਣੀ ਵੱਖਰੀ ਪਹਿਚਾਣ ਬਣਾਈ ਉਸੇ ਤਰ੍ਹਾਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਹੁਣ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਬਰੇਲ ਲਿਪੀ ਵਿੱਚ ਲਿਪੀਅੰਤਰਣ ਕਰਕੇ ਅੱਖਾਂ ਤੋਂ ਵਿਹੂਣੇ ਲੋਕਾਂ ਲਈ ਚਾਨਣ ਮਨਾਰੇ ਦਾ ਕੰਮ ਕੀਤਾ ਹੈ।ਉਨ੍ਹਾਂ ਕਿਹਾ ਕਿ ਭਾਈ ਸਾਹਿਬ ਦੀ ਨਿਵੇਕਲੀ ਪ੍ਰਤਿਭਾ ਨੂੰ ਮੁੱਖ ਰੱਖਦਿਆਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਨ੍ਹਾਂ ਨੂੰ ‘ਸਿੱਖ ਰਤਨ’ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।ਉਨ੍ਹਾਂ ਭਾਈ ਗੁਰਮੇਜ ਸਿੰਘ ਵੱਲੋਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਬਰੇਲ ਲਿਪੀ ਵਿਚ ਲਿਪੀਅੰਤਰਣ ਕੀਤੇ ਗਏ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਗਰ ਭਾਈ ਸਾਹਿਬ ਨੂੰ ਇਸ ਨੂੰ ਛਪਵਾਉਣ ਲਈ ਪ੍ਰੈਸ ਲਗਵਾਉਣ ਦੀ ਜ਼ਰੂਰਤ ਪਈ ਤਾਂ ਸ਼ੋ੍ਰਮਣੀ ਕਮੇਟੀ ਇਸ ਨੂੰ ਆਪਣੇ ਖਰਚੇ ‘ਤੇ ਲਗਵਾਏਗੀ।
ਇਸ ਮੌਕੇ ਡਾ. ਰੂਪ ਸਿੰਘ ਤੇ ਮਨਜੀਤ ਸਿੰਘ ਸਕੱਤਰ ਸ਼ੋ੍ਰਮਣੀ ਕਮੇਟੀ, ਦਿਲਜੀਤ ਸਿੰਘ ਤੇ ਸੁਖਦੇਵ ਸਿੰਘ ਭੂਰਾਕੋਹਨਾ ਵਧੀਕ ਸਕੱਤਰ, ਪਰਮਜੀਤ ਸਿੰਘ ਮੁੰਡਾਪਿੰਡ ਨਿਜੀ ਸਹਾਇਕ, ਕੁਲਵਿੰਦਰ ਸਿੰਘ ‘ਰਮਦਾਸ’, ਹਰਜਿੰਦਰ ਸਿੰਘ, ਬਲਵਿੰਦਰ ਸਿੰਘ, ਗੁਰਮੀਤ ਸਿੰਘ ਮੀਤ ਸਕੱਤਰ, ਸੁਲੱਖਣ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਲਖਬੀਰ ਸਿੰਘ ਵਧੀਕ ਮੈਨੇਜਰ, ਗੁਰਵਿੰਦਰ ਸਿੰਘ ਨਿਜੀ ਸਹਾਇਕ ਸ਼ੋ੍ਰਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸਮੁੱਚਾ ਸਟਾਫ਼ ਦੇ ਇਲਾਵਾ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
Punjab Post Daily Online Newspaper & Print Media