
ਨਵੀਂ ਦਿੱਲੀ, 2 ਨਵੰਬਰ (ਪੰਜਾਬ ਪੋਸਟ ਬਿਊਰੋ)- 1984 ਸਿੱਖ ਕਤਲੇਆਮ ਤੋਂ ਸਬਕ ਲੈਂਦੇ ਹੋਏ ਸਿੱਖਾਂ ਨੂੰ ਆਤਮ ਰੱਖਿਆ ਵੱਲ ਧਿਆਨ ਦੇਣ ਲਈ ਸੁਚੇਤ ਹੋਣਾਂ ਚਾਹੀਦਾ ਹੈ। ਕਤਲੇਆਮ ਦੌਰਾਨ ਮਾਰੇ ਗਏ ਸਿੱਖਾਂ ਦੀ ਯਾਦ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਦੀ ਸਮਾਪਤੀ ਮੌਕੇ ਕਰਵਾਏ ਗਏ ਅਰਦਾਸ ਸਮਾਗਮ ਦੌਰਾਨ ਬੁਲਾਰਿਆਂ ਨੇ ਉਕਤ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਕਮੇਟੀ ਦੇ ਮੁਖ ਸਲਾਹਕਾਰ ਕੁਲਮੋਹਨ ਸਿੰਘ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਅਤੇ ਕਮੇਟੀ ਦੇ ਸਾਬਕਾ ਮੀਤ ਪ੍ਰਧਾਨ ਤਨਵੰਤ ਸਿੰਘ ਨੇ ਕਤਲੇਆਮ ਦੇ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਮੌਜੂਦਾ ਸਮੇਂ ਵਿਚ ਕੌਮ ਵੱਲੋਂ ਵਰਤੀ ਜਾ ਰਹੀ ਅਨਗਹਿਲੀ ਤੋਂ ਵੀ ਚੌਂਕਸ ਹੋਣ ਦੀ ਸਿੱਖਾਂ ਨੂੰ ਸਲਾਹ ਦਿੱਤੀ।
ਕੁਲਮੋਹਨ ਸਿੰਘ ਨੇ ਕਿਹਾ ਕਿ ਕਤਲੇਆਮ ਦੇ ਕਾਰਨਾਂ ਦੀ ਜੇਕਰ ਅਸੀਂ ਪੜਚੋਲ ਕਰੀਏ ਤਾਂ ਸਾਫ਼ ਪਤਾ ਚਲਦਾ ਹੈ ਕਿ ਇਸ ਕਤਲੇਆਮ ਦੇ ਸ਼ਿਕਾਰ ਜਿਆਦਾਤਰ ਕੀਰਤੀ ਸਿੰਘ ਹੋਏ ਸਨ ਕਿਉਂਕਿ ਉਨ੍ਹਾਂ ਨੇ ਆਪਣੀ ਆਤਮ ਰੱਖਿਆ ਨੂੰ ਮੁਖ ਚਿੰਤਾਂ ਬਣਾਉਣ ਦੀ ਬਜਾਏ ਆਪਣੇ ਪਰਿਵਾਰ ਦਾ ਪੇਟ ਭਰਨ ਨੂੰ ਮੁਖ ਕਾਰਜ ਬਣਾਇਆ ਹੋਇਆ ਸੀ। ਸਿੱਖ ਕਤਲੇਆਮ ਤੋਂ ਸਬਕ ਲੈਣ ਦੀ ਨਸੀਹਤ ਦਿੰਦੇ ਹੋਏ ਕੁਲਮੋਹਨ ਸਿੰਘ ਨੇ ਮਾਰੇ ਗਏ ਲੋਕਾਂ, ਬੇਪੱਤੀ ਹੋਈਆਂ ਬੀਬੀਆਂ, ਸਾੜੀ ਗਈ ਜਾਇਦਾਦਾਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਨੂੰ ਕਦੇ ਵੀ ਕੌਮ ਵੱਲੋਂ ਨਾ ਭੁਲਣ ਦਾ ਵੀ ਅਹਿਦ ਲਿਆ। ਕੁਲਮੋਹਨ ਸਿੰਘ ਨੇ ਕੈਨੇਡਾ ਸਰਕਾਰ ਵੱਲੋਂ ਕਾਮਾਗਾਟਾ ਮਾਰੂ ਸਾਕੇ ਦੀ 102 ਬਰਸੀ ਮੌਕੇ ਮੰਗੀ ਗਈ ਮੁਆਫ਼ੀ ਦਾ ਹਵਾਲਾ ਦਿੰਦੇ ਹੋਏ ਮੁਲਕ ਦੀਆਂ ਸਰਕਾਰਾਂ ਵੱਲੋਂ ਸਿੱਖ ਕਤਲੇਆਮ ਤੇ ਸੰਜ਼ੀਦਗੀ ਨਾ ਦਿਖਾਉਣ ਦਾ ਵੀ ਦੋਸ਼ ਲਗਾਇਆ।
ਰਾਣਾ ਨੇ ਆਪਣੇ ਘਰ ਵਿਚ ਆਤਮ ਰੱਖਿਆ ਲਈ ਡੰਡਾ ਅਤੇ ਕਿਰਪਾਨ ਰੱਖਣ ਦੀ ਕੌਮ ਨੂੰ ਸਲਾਹ ਦਿੰਦੇ ਹੋਏ ਸਮੂਹ ਸਿੱਖਾਂ ਨੂੰ ਅੰਮ੍ਰਿਤ ਛੱਕ ਕੇ ਤਿਆਰ ਬਰ ਤਿਆਰ ਸਿੰਘ ਸਜਣ ਦਾ ਸੱਦਾ ਦਿੱਤਾ। ਰਾਣਾ ਨੇ ਕਿਹਾ ਕਿ ਅਸੀਂ ਆਪਣੇ ਅੰਦਰ ਦੀ ਬੁਰਾਈਆਂ ਦਾ ਖਾਤਮਾ ਕਰਨ ਦੀ ਬਜਾਏ ਦੂਜੇ ਦੀਆਂ ਗਲਤੀਆਂ ਲਭਣ ਵਿਚ ਜਿਆਦਾ ਸਮਾਂ ਖਰਾਬ ਕਰਦੇ ਹਾਂ ਜੇਕਰ ਅਸੀਂ ਨਿੰਦਾ-ਚੁੱਗਲੀ ਤੇ ਖਰਚਣ ਵਾਲੇ ਸਮੇਂ ਨੂੰ ਗੁਰੂ ਦੀ ਬੰਦਗੀ ਲਈ ਵਰਤਾਂਗੇ ਤਾਂ ਸ਼ਾਇਦ ਗੁਰੂ ਸਾਹਿਬ ਦੀ ਖੁਸ਼ੀ ਦੇ ਪਾਤਰ ਬਣਾਂਗੇ।
ਤਨਵੰਤ ਨੇ ਕਿਹਾ ਕਿ ਇਸ ਕਤਲੇਆਮ ਦੌਰਾਨ ਜੋ ਸਿੰਘ ਮਾਰੇ ਗਏ ਸੀ, ਉਨ੍ਹਾਂ ਦਾ ਸਿਰਫ਼ ਇੱਕੋਂ ਕਸੂਰ ਸੀ ਕਿ ਉਹ ਸਿੱਖ ਸਨ ਤੇ ਉਨ੍ਹਾਂ ਦੇ ਸਿਰਾਂ ਤੇ ਦਸਤਾਰਾਂ ਅਤੇ ਮੁੂੰਹ ਤੇ ਦਾੜੀ ਨੂੰ ਕਾਤਿਲਾਂ ਨੇ ”ਡੇਥ ਵਾਰੰਟ”ਬਣਾ ਦਿੱਤਾ ਸੀ। ਮਾਰੇ ਗਏ ਲੋਕਾਂ ਦੀ ਯਾਦ ਵਿਚ ਕਮੇਟੀ ਵੱਲੋਂ ਬਣਾਈ ਜਾ ਰਹੀ ਯਾਦਗਾਰ ਦੀ ਵੀ ਤਨਵੰਤ ਨੇ ਜਾਣਕਾਰੀ ਦਿੱਤੀ। ਇਸ ਮੌਕੇ ਕਮੇਟੀ ਮੈਂਬਰ ਹਰਦੇਵ ਸਿੰਘ ਧਨੋਆ, ਪਰਮਜੀਤ ਸਿੰਘ ਚੰਢੋਕ ਅਤੇ ਅਕਾਲੀ ਆਗੂ ਗੁਰਮੀਤ ਸਿੰਘ ਫੈਡਰੇਸ਼ਨ ਮੌਜੂਦ ਸਨ।
Punjab Post Daily Online Newspaper & Print Media