Wednesday, February 11, 2026

ਮੌਜੂਦਾ ਦੌਰ ‘ਚ ਸਿੱਖ ਪੰਥ ਵਿੱਚ ਏਕਤਾ ਦਾ ਆਧਾਰ ਕੇਵਲ ਸਿੱਖ ਰਹਿਤ ਮਰਿਆਦਾ ਹੋਵੇ – ਭਾਈ ਪੰਥਪ੍ਰੀਤ ਸਿੰਘ

ਗੁਰਮਤਿ ਸੇਵਾ ਲਹਿਰ ਦੀ ਛਿਮਾਹੀ ਮੀਟਿੰਗ ਵਿੱਚ ਲੱਖ ਤੋਂ ਵੱਧ ਸੰਗਤ ਨੇ ਭਰੀ ਹਾਜਰੀ
ppn2811201604

ਬਠਿੰਡਾ, 28 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਗੁਰੂ ਕੀ ਗੋਲਕ ਨੂੰ ਕੇਵਲ ਗਰੀਬਾਂ ਦੇ ਮੂੰਹ ਲਈ ਵਰਤ ਕੇ ਅਤੇ ਕੌਮ ਨੂੰ ਆਪਸੀ ਲੜਾਈ ਝਗੜੇ ਤੋਂ ਬਚਾ ਕੇ ਜਹੂਦੀਆਂ ਦੀ ਤਰ੍ਹਾਂ ਸਮੁੱਚੀ ਸਿੱਖ ਕੌਮ ਨੂੰ ਵਿਦਵਾਨ ਤੇ ਗਿਆਨਵਾਨ ਬਣਾ ਕੇ ਬੁਲੰਦੀਆਂ ‘ਤੇ ਪਹੁੰਚਾਣਾ ਸਾਡਾ ਮੁੱਖ ਟੀਚਾ ਹੈ ਪਰ ਇਸ ਟੀਚੇ ਨੂੰ ਸਰ ਕਰਨ ਲਈ ਸਮੁੱਚੀ ਕੌਮ ਵਿੱਚ ਏਕਤਾ ਦੀ ਭਾਰੀ ਲੋੜ ਹੈ ਜੋ ਕਿ ਮੌਜੂਦਾ ਦੌਰ ਵਿੱਚ ਕੇਵਲ ਤੇ ਕੇਵਲ ਸਿੱਖ ਰਹਿਤ ਮਰਿਆਦਾ ਨੂੰ ਆਧਾਰ ਮੰਨ ਕੇ ਹੀ ਸੰਭਵ ਹੋ ਸਕਦੀ ਹੈ। ਇਹ ਸ਼ਬਦ ਗੁਰਮਤਿ ਸੇਵਾ ਲਹਿਰ ਦੇ ਮੁਖੀ ਭਾਈ ਪੰਥਪ੍ਰੀਤ ਸਿੰਘ ਨੇ ਅੱਜ ਇੱਥੇ ਸੰਸਥਾ ਦੀ ਛਿਮਾਹੀ ਮੀਟਿੰਗ ਅਤੇ ਗੁਰਮਤਿ ਸਮਾਗਮ ਵਿੱਚ ਸੰਗਤਾਂ ਦੇ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਹੇ। ਉਨ੍ਹਾਂ ਕਿਹਾ ਬਿਨਾਂ ਅਸੂਲਾਂ ਤੋਂ ਏਕਤਾ ਵਕਤੀ ਤੌਰ ‘ਤੇ ਅਹੁੱਦੇ ਪ੍ਰਾਪਤ ਕਰਨ ਲਈ ਸਹਾਈ ਤਾਂ ਹੋ ਸਕਦੀ ਪਰ ਐਸੀ ਏਕਤਾ ਨਾ ਤਾਂ ਚਿਰ ਸਥਾਈ ਹੋ ਸਕਦੀ ਹੈ ਅਤੇ ਨਾ ਹੀ ਕੌਮ ਦਾ ਕੁਝ ਸੰਵਾਰ ਸਕਦੀ ਹੈ। ਇਸ ਲਈ ਕੌਮ ਦੀ ਵਿਗੜੀ ਸੰਵਾਰਨ ਲਈ ਸਿਧਾਂਤਕ ਤੌਰ ‘ਤੇ ਏਕਤਾ ਕਰਨ ਵਾਸਤੇ ਅਸੀਂ ਹਰ ਵਿਅਕਤੀ ਅਤੇ ਸੰਸਥਾ ਨਾਲ ਮਿਲ ਕੇ ਚੱਲਣ ਲਈ ਤਿਆਰ ਹਾਂ ਪਰ ਸਿੱਖ ਰਹਿਤ ਮਰਿਆਦਾ ਤੋਂ ਆਕੀ ਅਤੇ ਗੱਦੀਆਂ ਲਾ ਕੇ ਮੱਥੇ ਟਿਕਾਉਣ ਦਾ ਸ਼ੌਂਕ ਪੂਰਾ ਕਰਨ ਹਿੱਤ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਮੌਰਤਾ ਨੂੰ ਵੰਗਾਰਣ ਦੇ ਰਾਹ ਪਏ ਹੋਏ ਕਿਸੇ ਬਾਬੇ ਨਾਲ ਸਾਡੀ ਕੋਈ ਸਾਂਝ ਨਹੀਂ ਹੋ ਸਕਦੀ।
ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਸਾਡਾ ਮੁੱਖ ਟੀਚਾ ਧਰਮ ਨੂੰ ਸਿਆਸਤ ਲਈ ਵਰਤਣ ਵਾਲੇ ਰਾਜਨੀਤਕਾਂ ਨੂੰ ਗੁਰਦੁਆਰਿਆਂ ਤੋਂ ਦੂਰ ਰੱਖ ਕੇ ਗੁਰੂ ਕੀ ਗੋਲਕ ਨੂੰ ਗਰੀਬਾਂ ਲਈ ਵਰਤਣਾ ਤੇ ਗੁਰਬਾਣੀ ਅਤੇ ਉੱਚ ਪਾਏ ਦੀ ਦੁਨਿਆਵੀ ਵਿਦਿਆ ਦੇਣ ਲਈ ਗੁਰਦੁਆਰਿਆਂ ਵਿੱਚ ਗੁਰਮਤਿ ਕਲਾਸਾਂ ਤੋਂ ਇਲਾਵਾ ਆਈਏਐੱਸ ਤੇ ਮੈਡੀਕਲ ਕਾਲਜਾਂ ਵਿੱਚ ਸਿੱਖ ਨੌਜਵਾਨਾਂ ਨੂੰ ਦਾਖ਼ਲੇ ਦਿਵਾਉਣ ਲਈ ਕੋਚਿੰਗ ਸੈਂਟਰ ਖੋਲ੍ਹੇ ਜਾਣਾ ਹੈ ਤਾਂ ਕਿ ਵੱਧ ਤੋਂ ਵੱਧ ਸਿੱਖ ਨੌਜਵਾਨ ਸਿਰਦਾਰ ਕਪੂਰ ਸਿੰਘ, ਭਾਈ ਕਾਨ੍ਹ ਸਿੰਘ ਨਾਭਾ ਤੇ ਪ੍ਰੋ: ਸਾਹਿਬ ਸਿੰਘ ਵਰਗੇ ਸਿੱਖ ਵਿਦਵਾਨ, ਚੰਗੇ ਗੁਰਸਿੱਖ ਅਫਸਰ, ਉਚ ਕੋਟੀ ਦੇ ਡਾਕਟਰ, ਵਕੀਲ ਤੇ ਜੱਜ ਬਣ ਕੇ ਮਾਨਵਤਾ ਅਤੇ ਸਿੱਖ ਕੌਮ ਦੀ ਭਲਾਈ ਲਈ ਕੰਮ ਕਰਨ ਦੇ ਯੋਗ ਹੋ ਸਕਣ। ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਵਾਉਣਾ ਵੀ ਤਰਜੀਹੀ ਸੂਚੀ ਵਿੱਚ ਦਸਦਿਆਂ ਉਨ੍ਹਾਂ ਕਿਹਾ ਰਾਜ ਕਿਸੇ ਵੀ ਪਾਰਟੀ ਦਾ ਹੋਵੇ ਪਰ ਅਸਲੀ ਮਾਹਨਿਆਂ ਵਿੱਚ ਲੋਕਤੰਤਰ ਹੋਵੇ ਭਾਵ ਉਹ ਲੋਕਾਂ ਦਾ, ਲੋਕਾਂ ਦੁਆਰਾ ਅਤੇ ਲੋਕਾਂ ਲਈ ਹੋਵੇ ਨਾ ਕਿ ਨਸ਼ੇ ਵੰਡਣ ਵਾਲੇ ਤੇ ਲੱਚਰਤਾ ਫੈਲਾਉਣ ਵਾਲਿਆਂ ਦਾ ਗੁੰਡਾ ਮਾਫ਼ੀਆ ਰਾਜ ਹੋਵੇ। ਐਸਾ ਲੋਕਤੰਤਰ ਤਾਂ ਹੀ ਸੰਭਵ ਹੋ ਸਕਦਾ ਜੇ ਲੋਕ ਆਪਣੇ ਫਰਜ ਸਮਝ ਕੇ ਜ਼ਮੀਰ ਦੇ ਆਧਾਰ ‘ਤੇ ਵੋਟ ਪਾਉਣ ਦੇ ਸਮਰੱਥ ਹੋਣਗੇ। ਜੇਕਰ ਨਸ਼ਿਆਂ ਅਤੇ ਪੈਸਿਆਂ ਪਿੱਛੇ ਵੋਟ ਪਾਉਣ ਦਾ ਰੁਝਾਨ ਹੁਣ ਦੀ ਤਰ੍ਹਾਂ ਜਾਰੀ ਰਿਹਾ ਤਾਂ ਸਹੀ ਅਰਥਾਂ ਵਿੱਚ ਲੋਕਤੰਤਰ ਕਦੀ ਵੀ ਸੰਭਵ ਨਹੀਂ ਹੋ ਸਕਦਾ। ਭਾਈ ਪੰਥਪ੍ਰੀਤ ਸਿੰਘ ਨੇ ਸਮੁੱਚੀ ਲੋਕਾਈ ਨੂੰ ਸੱਦਾ ਦਿੱਤਾ ਕਿ ਕੁਝ ਕੁ ਪੈਸਿਆਂ ਅਤੇ ਨਸ਼ਿਆਂ ਪਿੱਛੇ ਵੋਟ ਪਾ ਕੇ ਆਪਣਾ ਅਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਦਾਅ ‘ਤੇ ਲਾਉਣ ਤੋਂ ਗੁਰੇਜ਼ ਕਰਨ ਤੇ ਲੰਬੀ ਸੋਚ ਵੀਚਾਰ ਕਰ ਕੇ ਹੀ ਫੈਸਲਾ ਕਰਨ ਕਿ ਕਿਹੜੀ ਪਾਰਟੀ ਤੇ ਉਮੀਦਵਾਰ ਕੌਮ ਤੇ ਸਮਾਜ ਦੇ ਭਲੇ ਲਈ ਕੰਮ ਕਰਨ ਲਈ ਕੀਤੇ ਵਾਅਦਿਆਂ ‘ਤੇ ਖਰਾ ਉੱਤਰ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਚੋਣਾਂ ਜਿੱਤਣ ਦੇ ਮਕਸਿਦ ਨਾਲ ਪੈਸੇ ਵੰਡ ਰਿਹਾ ਹੋਵੇ ਤਾਂ ਲੁੱਟ ਦਾ ਮਾਲ ਲੁੱਟਣ ਵਿੱਚ ਕੋਈ ਹਰਜ਼ ਨਹੀਂ ਹੈ ਪਰ ਵੋਟ ਸੋਚ ਸਮਝ ਕੇ ਆਪਣੀ ਜ਼ਮੀਰ ਦੀ ਅਵਾਜ਼ ਦੇ ਅਧਾਰ ‘ਤੇ ਹੀ ਪਾਉਣੀ ਚਾਹੀਦੀ ਹੈ।
ਭਾਈ ਪੰਥਪ੍ਰੀਤ ਸਿੰਘ ਤੋਂ ਇਲਾਵਾ ਗੁਰਮਤਿ ਸੇਵਾ ਲਹਿਰ ਨਾਲ ਜੁੜੇ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਂਝੀ, ਭਾਈ ਹਰਜੀਤ ਸਿੰਘ ਢਪਾਲੀ, ਭਾਈ ਸਤਿਨਾਮ ਸਿੰਘ ਚੰਦੜ, ਬੀਬੀ ਗਗਨਦੀਪ ਕੌਰ, ਭਾਈ ਹਰਪ੍ਰੀਤ ਸਿੰਘ ਜਗਰਾਉਂ, ਭਾਈ ਹਰਦੀਪ ਸਿੰਘ ਚੀਮਾ ਆਦਿਕ ਨੇ ਵੀ ਸੰਬੋਧਨ ਕੀਤਾ।ਉਕਤ ਸਾਰੇ ਪ੍ਰਚਾਰਕਾਂ ਤੇ ਸਮੁੱਚੀ ਸੰਗਤਾਂ ਨੇ ਭਾਈ ਪੰਥਪ੍ਰੀਤ ਸਿੰਘ ਦੇ ਵੀਚਾਰਾਂ ਦੀ ਪ੍ਰੋੜਤਾ ਕਰਦੇ ਹੋਏ ਜੈਕਾਰੇ ਛੱਡ ਕੇ ਇੱਕ-ਮੁਠਤਾ ਦਾ ਪ੍ਰਗਟਾਵਾ ਕੀਤਾ। ਭਾਈ ਕੁਲਦੀਪ ਸਿੰਘ ਲਾਈਵ ਸਿੱਖ ਵਰਲਡ ਅਤੇ ਭਾਈ ਕਮਲਦੀਪ ਸਿੰਘ ਗੁਰ ਕੀ ਬਾਣੀ ਵਾਲਿਆਂ ਨੇ ਸਮਾਗਮ ਦੀ ਸਮੁੱਚੀ ਕਾਰਵਾਈ ਨੂੰ ਆਪਣੀਆਂ ਵੈੱਬਸਾਈਟਾਂ ਰਾਹੀਂ ਲਾਈਵ ਟੈਲੀਕਾਸਟ ਕੀਤਾ।
ਇਸੇ ਦੌਰਾਨ ਪਹਿਲੀ ਤੋਂ ਬਾਰਵੀਂ ਕਲਾਸ ਤੱਕ ਦੇ ਸਾਢੇ ਤਿੰਨ ਸੌ ਬੱਚਿਆਂ ਦੇ ਪ੍ਰਾਈਮਰੀ, ਮਿਡਲ ਤੇ ਸੀਨੀਅਰ ਸੈਕੰਡਰੀ ਤਿੰਨ ਗੁਰੱਪ ਬਣਾ ਕੇ ਗੁਰਬਾਣੀ, ਸਿੱਖ ਇਤਿਹਾਸ ਅਤੇ ਸਿੱਖ ਰਹਿਤ ਮਰਿਆਦਾ ਦੇ ਲਿਖਤੀ ਟੈਸਟ ਲੈ ਕੇ ਮੈਰਿਟ ਵਿੱਚ ਆਉਣ ਵਾਲਿਆਂ ਨੂੰ ਨਕਦੀ ਇਨਾਮ ਤੇ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸ਼ੀਲਡਾਂ ਨਾਲ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਹੋਰਨਾਂ ਬੱਚਿਆਂ ਦੇ ਦਸਤਾਰ ਸਜਾਉਣ ਦੇ ਮੁਕਾਬਲੇ, ਕਵੀਸ਼ਰੀ ਤੇ ਕਵਿਤਾਵਾਂ ਪੜ੍ਹਨ ਦੇ ਮੁਕਾਬਲੇ ਕਰਵਾ ਕੇ ਉਨ੍ਹਾਂ ਨੂੰ ਅਲਗ ਇਨਾਮ ਦਿੱਤੇ ਗਏ ਤੇ ਸਨਮਾਨਿਤ ਕੀਤੇ ਗਏ।

Check Also

ਪੰਜਾਬ ਦੇ ਰਾਜਪਾਲ ਸ਼੍ਰੀ ਕਟਾਰੀਆ ਨੇ ਸ੍ਰੀ ਦਰਬਾਰ ਸਾਹਿਬ ਅਤੇ ਜੈਨ ਮੰਦਰ ਵਿਖੇ ਮੱਥਾ ਟੇਕਿਆ

ਗੁਰੂ ਸਾਹਿਬ ਦਾ ਅਸ਼ੀਰਵਾਦ ਲੈ ਕੇ ਸ਼ੁਰੂ ਕੀਤੀ ਸਰਹੱਦੀ ਜ਼ਿਲ੍ਹਿਆਂ ‘ਚ ਨਸ਼ਿਆਂ ਵਿਰੁੱਧ 4-ਰੋਜ਼ਾ ਪੈਦਲ …

Leave a Reply