ਅੰਮ੍ਰਿਤਸਰ, 1 ਦਸੰਬਰ (ਗੁਰਪ੍ਰੀਤ ਸਿੰਘ) – ਵਾਈਸ ਪ੍ਰੈਜੀਡੈਂਟ ਕਮਿਊਨਿਟੀ ਕੌਂਸਲ ਪੁਲੀਸ ਨਿਊਯਾਰਕ ਰਣਜੀਤ ਸਿੰਘ ਸੰਗੋਜਲਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ।ਉਨ੍ਹਾਂ ਦੇ ਨਾਲ ਮੰਗਲ ਸਿੰਘ ਨਾਗਰਾ ਸਟੇਟ ਪੁਲੀਸ ਨਿਊਯਾਰਕ ਵੀ ਮੌਜੂਦ ਸਨ। ਸੰਗੋਜਲਾ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੜਾਹ ਪ੍ਰਸ਼ਾਦਿ ਦੀ ਦੇਗ ਕਰਵਾਈ ਤੇ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ। ਦਫ਼ਤਰ ਸ਼੍ਰੋਮਣੀ ਕਮੇਟੀ ਆਉਣ ਉਪਰੰਤ ਪ੍ਰੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਨੂੰ ਜੀ ਆਇਆਂ ਕਿਹਾ ਤੇ ਸਿਰੋਪਾਓ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸ. ਰਣਜੀਤ ਸਿੰਘ ਸੰਗੋਜਲਾ ਵਰਗੇ ਸਾਬਤ ਸੂਰਤ ਗੁਰਸਿੱਖ ਦਾ ਨਿਊਯਾਰਕ ਵਰਗੇ ਦੇਸ਼ ਦੇ ਪੁਲਿਸ ਵਿਭਾਗ ਅੰਦਰ ਉਚ ਅਹੁਦੇ ਤੇ ਪਹੁੰਚਣਾ ਸਮੁੱਚੀ ਕੌਮ ਲਈ ਮਾਣਮੱਤੀ ਪ੍ਰਾਪਤੀ ਹੈ, ਖਾਸ ਕਰਕੇ ਸਿੱਖ ਨੌਜਵਾਨ ਪੀੜੀ ਲਈ ਸ. ਸੰਗੋਜਲਾ ਇੱਕ ਰੋਲ ਮਾਡਲ ਸਾਬਤ ਹੋਣਗੇ। ਸੰਗੋਜਲਾ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਸਮੁੱਚੀ ਮਾਨਵਤਾ ਦਾ ਘਰ ਹੈ ਤੇ ਏਥੇ ਆ ਕੇ ਮਨ ਨੂੰ ਸਕੂਨ ਮਿਲਦਾ ਹੈ। ਉਨ੍ਹਾਂ ਕਿਹਾ ਕਿ ਇਸ ਅਸਥਾਨ ਪੁਰ ਪਾਵਨ ਪਵਿੱਤਰ ਬਾਣੀ ਦਾ ਪ੍ਰਵਾਹ ਹਰ ਸਮੇਂ ਚਲਦਾ ਹੈ ਜੋ ਮਨੁੱਖੀ ਹਿਰਦਿਆਂ ਨੂੰ ਠਾਰਦੀ ਹੈ। ਉਨ੍ਹਾਂ ਕਿਹਾ ਮੈਂ ਅੱਜ ਜੋ ਕੁਝ ਵੀ ਹਾਂ ਉਹ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਰਹਿਮਤ ਅਤੇ ਅਪਾਰ ਕਿਰਪਾ ਸਦਕਾ ਹਾਂ। ਉਨ੍ਹਾਂ ਕਿਹਾ ਕਿ ਮੈਂ ਸ੍ਰੀ ਹਰਿਮੰਦਰ ਸਾਹਿਬ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਆਇਆ ਹਾਂ।
ਇਸ ਮੌਕੇ ਹਰਜਾਪ ਸਿੰਘ ਸੁਲਤਾਨਵਿੰਡ ਮੈਂਬਰ ਸ਼੍ਰੋਮਣੀ ਕਮੇਟੀ, ਹਰਚਰਨ ਸਿੰਘ ਮੁੱਖ ਸਕੱਤਰ, ਡਾ: ਰੂਪ ਸਿੰਘ ਸਕੱਤਰ, ਹਰਭਜਨ ਸਿੰਘ ਮਨਾਵਾਂ ਵਧੀਕ ਸਕੱਤਰ, ਸੁਖਦੇਵ ਸਿੰਘ ਭੂਰਾਕੋਹਨਾ ਨਿਜੀ ਸਕੱਤਰ, ਡਾ: ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ, ਦਲਮੇਘ ਸਿੰਘ ਸਾਬਕਾ ਸਕੱਤਰ ਤੇ ਪ੍ਰਿੰ: ਬਲਦੇਵ ਸਿੰਘ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media