
ਫਾਜ਼ਿਲਕਾ, 6 ਦਸੰਬਰ (ਵਿਨੀਤ ਅਰੋੜਾ) – ਪੰਜਾਬ ਸਟੇਟ ਕਰਮਚਾਰੀ ਦਲ ਫਾਜ਼ਿਲਕਾ ਦੀ ਇੱਕ ਮੀਟਿੰਗ ਜ਼ਿਲ੍ਹਾ ਜਨਰਲ ਸਕੱਤਰ ਅਤੇ ਸੂਬਾਈ ਜੱਥੇਬੰਦਕ ਸਕੱਤਰ ਸਤੀਸ਼ ਵਰਮਾ ਦੀ ਪ੍ਰਧਾਨਗੀ ਵਿਚ ਅੱਜ ਸਥਾਨਕ ਪ੍ਰਤਾਪ ਬਾਗ ਵਿਚ ਹੋਈ। ਜਿਸ ਵਿਚ ਸਬੰਧਤ ਵੱਖ ਵੱਖ ਵਿਭਾਗਾਂ ਦੀਆਂ ਯੂਨੀਅਨਾਂ ਦੇ ਮੈਂਬਰਾਂ ਨੇ ਹਿੱਸਾ ਲਿਆ।ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਸਤੀਸ਼ ਵਰਮਾ ਨੇ ਕਿਹਾ ਕਿ ਪੰਜਾਬ ਮੁਲਾਜ਼ਮ ਸੰਘਰਸ਼ ਕਮੇਟੀ ਦੇ ਸੱਦੇ ਤੇ ਪੰਜਾਬ ਭਰ ਵਿਚ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਸਾਹਮਣੇ ਵਿਸ਼ਾਲ ਧਰਨੇ ਦਿੱਤੇ ਜਾ ਰਹੇ ਹਨ। ਜਿਸਦੇ ਤਹਿਤ 7 ਦਸੰਬਰ ਬੁੱਧਵਾਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਫਾਜ਼ਿਲਕਾ ਦੇ ਸਾਹਮਣੇ ਦਿੱਤੇ ਜਾ ਰਹੇ ਧਰਨੇ ਵਿਚ ਪੰਜਾਬ ਸਟੇਟ ਕਰਮਚਾਰੀ ਦਲ ਤੋਂ ਵੱਡੀ ਗਿਣਤੀ ਵਿਚ ਕਰਮਚਾਰੀ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਕਰਮਚਾਰੀ, ਮਜ਼ਦੂਰ ਅਤੇ ਬੇਰੁਜ਼ਗਾਰਾਂ ਦੀ ਆਵਾਜ਼ ਨੂੰ ਸਰਕਾਰ ਨੇ ਨਾ ਸੁਣਿਆ ਤਾਂ 11 ਦਸੰਬਰ ਐਤਵਾਰ ਨੂੰ ਮੁਹਾਲੀ ਵਿਚ ਸੰਘਰਸ਼ ਕਮੇਟੀ ਵੱਲੋਂ ਸੂਬਾ ਪੱਧਰੀ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਸ਼੍ਰੀ ਵਰਮਾ ਨੇ ਕਿਹਾ ਕਿ ਜਿਸ ਸਰਕਾਰ ਨੇ ਕਰਮਚਾਰੀ, ਬੇਰੁਜ਼ਗਾਰ ਅਤੇ ਮਜ਼ਦੂਰ ਵਰਗ ਨੂੰ ਅਣਵੇਖਿਆ ਕੀਤਾ ਉਸਦਾ ਜਲਦੀ ਪਤਨ ਹੋ ਜਾਂਦਾ ਹੈ। ਮੀਟਿੰਗ ਵਿਚ ਓਮ ਪ੍ਰਕਾਸ਼ ਜਲੰਧਰਾ, ਭੀਮ ਸੈਨ, ਚਿਮਨ ਲਾਲ ਸੱਚੂ, ਮਹਿਲ ਸਿੰਘ, ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਤੋਂ ਬਲਵਿੰਦਰ ਸਿੰਘ, ਪ੍ਰਵੀਨ ਕੁਮਾਰ, ਈਜੀਐਸ ਟੀਚਰ ਯੂਨੀਅਨ ਤੋਂ ਪ੍ਰਿਤਪਾਲ ਸਿੰਘ, ਬੇਰੁਜ਼ਗਾਰ ਆਰਟ ਐਂਡ ਕ੍ਰਾਫਟ ਟੀਚਰ ਯੂਨੀਅਨ ਤੋਂ ਸੰਦੀਪ ਕੁਮਾਰ ਕੰਬੋਜ, ਦਰਜ਼ਾ ਚਾਰ ਕਰਮਚਾਰੀ ਯੂਨੀਅਨ ਦੇ ਟੇਕ ਚੰਦ, ਗੱਬਰ ਸਿੰਘ, ਫਾਇਰਬ੍ਰਿਗੇਡ ਤੋਂ ਰਾਜ ਕੁਮਾਰ ਵਰਮਾ, ਰਮਨ ਡੋਡਾ ਅਤੇ ਹੋਰ ਆਗੂਆਂ ਨੇ ਕਿਹਾ ਕਿ ਧਰਨੇ ਵਿਚ ਸਾਰੀਆਂ ਯੁਨੀਅਨਾਂ ਆਪਣੇ ਵਰਕਰਾਂ ਸਮੇਤ ਵੱਡੀ ਗਿਣਤੀ ਵਿਚ ਸਾਮਲ ਹੋਣਗੀਆਂ।
Check Also
ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ
ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …
Punjab Post Daily Online Newspaper & Print Media