
ਅੰਮ੍ਰਿਤਸਰ, 26 ਦਸੰਬਰ (ਗੁਰਪ੍ਰੀਤ ਸਿੰਘ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ-ਕੀਰਤਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਆਪਣੇ 7ਵੇਂ ਦਿਨ ਲਈ ਗੁਰਦੁਆਰਾ ਦਮਦਮਾ ਸਾਹਿਬ, ਗੋਮਤੀ ਪੁਲ, ਪੂਰਨਪੁਰ, ਜ਼ਿਲ੍ਹਾ ਪੀਲੀਭੀਤ (ਉੱਤਰ ਪ੍ਰਦੇਸ਼) ਤੋਂ ਸ੍ਰੀ ਪਟਨਾ ਸਾਹਿਬ ਲਈ ਰਵਾਨਾ ਹੋਇਆ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ‘ਚ ਵਿਸ਼ਾਲ ਨਗਰ ਕੀਰਤਨ ਦੀ ਅਰੰਭਤਾ ਦੀ ਅਰਦਾਸ ਗੁਰਦੁਆਰਾ ਦਮਦਮਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਹਰਪਾਲ ਸਿੰਘ ਨੇ ਕੀਤੀ ਉਪਰੰਤ ਪਵਿੱਤਰ ਹੁਕਮਨਾਮਾ ਲਿਆ। ਸਤਿਨਾਮੁ ਵਾਹਿਗਰੂ ਦਾ ਜਾਪੁ ਕਰਨ ਉਪਰੰਤ ਪੰਜ ਪਿਆਰੇ ਸਾਹਿਬਾਨ ਤੇ ਨਿਸ਼ਾਨਚੀ ਸਿੰਘਾਂ ਨੂੰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਸਕੱਤਰ ਚਾਨਣ ਸਿੰਘ ਨੇ ਸਿਰੋਪਾਓ ਦੇ ਕੇ ਦਸਮੇਸ਼ ਪਿਤਾ ਦੇ ਜਨਮ ਅਸਥਾਨ ਸ੍ਰੀ ਪਟਨਾ ਸਾਹਿਬ ਲਈ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਕੀਤਾ।
ਇਸ ਮੌਕੇ ‘ਤੇ ਚਾਨਣ ਸਿੰਘ ਮੀਤ ਸਕੱਤਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਹਿਬ-ਏ-ਕਮਾਲ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸੰਗਤਾਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਸ਼ਾਹਿ ਸ਼ਾਹਨਸ਼ਾਹ, ਮਰਦ ਅਗੰਮੜਾ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਹੁਪੱਖੀ ਸਖ਼ਸ਼ੀਅਤ ਦੇ ਮਾਲਕ ਸਨ।
ਫੁੱਲਾਂ ਨਾਲ ਸਜ਼ੀ ਪਾਲਕੀ ਸਾਹਿਬ ਵਾਲੀ ਗੱਡੀ ਵਿੱਚ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਸਨ ਤੇ ਪਿੱਛੇ-ਪਿੱਛੇ ਗੁਰੂ ਸਾਹਿਬ ਜੀ ਦੇ ਸ਼ਸਤਰਾਂ-ਬਸਤਰਾਂ ਵਾਲੀ ਗੱਡੀ ਜਾ ਰਹੀ ਸੀ। ਜਿਸ ਵਿੱਚ ਮੀਰੀ-ਪੀਰੀ ਦੇ ਮਾਲਿਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ-ਬਸਤਰ ਅਤੇ ਹੱਥ ਲਿਖਤ ਪੋਥੀ ਸੁਸ਼ੋਭਿਤ ਸੀ। ਦੂਰ ਦੁਰਾਡੇ ਤੋਂ ਆਈਆਂ ਸੰਗਤਾਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਿਕ ਹੋ ਕੇ ਅਤੇ ਸ਼ਸਤਰਾਂ-ਬਸਤਰਾਂ ਦੇ ਦਰਸ਼ਨ-ਦੀਦਾਰੇ ਕਰਕੇ ਨਿਹਾਲ ਹੋ ਰਹੀਆਂ ਸਨ। ਨਗਰ ਕੀਰਤਨ ਦੇ ਅੱਗੇ-ਅੱਗੇ ਨਗਾਰਚੀ ਸਿੰਘ ਚੜ੍ਹਦੀ ਕਲਾ ਦਾ ਪ੍ਰਤੀਕ ਨਗਾਰਾ ਵਜਾ ਰਹੇ ਸਨ। ਨਗਰ ਕੀਰਤਨ ‘ਚ ਧਾਰਮਿਕ ਸਭਾ ਸੁਸਾਇਟੀਆਂ, ਗੱਤਕਾ ਪਾਰਟੀਆਂ, ਅਕਾਲ ਅਕੈਡਮੀ ਬੜੂ ਸਾਹਿਬ, ਗੋਮਤੀ, ਖਾਲਸਾ ਇੰਟਰ ਕਾਲਜ ਅਤੇ ਵੀ ਕੇ ਪਬਲਿਕ ਸਕੂਲ (ਪੀਲੀਭੀਤ), ਸ੍ਰੀ ਗੁਰੂ ਨਾਨਕ ਦੇਵ ਐਜ਼ੂਕੇਸ਼ਨਲ ਅਕੈਡਮੀ, ਮੋਹਣਾਪੁਰ ਦੇ ਵਿਦਿਆਰਥੀ ਤੇ ਵਿਦਿਆਰਥਣਾ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤ ਨੇ ਸਤਿਨਾਮੁ ਵਾਹਿਗੁਰੂ ਦਾ ਜਾਪੁ ਕਰਦਿਆਂ ਹੋਇਆਂ ਸ਼ਮੂਲੀਅਤ ਕੀਤੀ।
ਰਸਤੇ ਵਿੱਚ ਜਗ੍ਹਾ-ਜਗ੍ਹਾ ਸੰਗਤਾਂ ਵੱਲੋਂ ਬੜੀ ਸ਼ਰਧਾ-ਭਾਵਨਾ ਤੇ ਸਤਿਕਾਰ ਸਹਿਤ ਜੁਗੋ-ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਸਾਹਿਬ ਦੇ ਪਵਿੱਤਰ ਸ਼ਸਤਰਾਂ ਦੇ ਦਰਸ਼ਨ ਦੀਦਾਰੇ ਕੀਤੇ ਗਏ। ਵੱਖ-ਵੱਖ ਪੜਾਵਾਂ ਤੇ ਸੰਗਤਾਂ ਨੇ ਪ੍ਰਸ਼ਾਦੇ ਦੇ ਲੰਗਰ, ਫਲਾਂ ਦੇ ਲੰਗਰ, ਮਠਿਆਈਆਂ ਅਤੇ ਚਾਹ ਦੇ ਲੰਗਰ ਲਗਾ ਕੇ ਨਗਰ-ਕੀਰਤਨ ਵਿੱਚ ਸ਼ਾਮਿਲ ਸੰਗਤਾਂ ਦੀ ਸੇਵਾ ਕੀਤੀ।
ਗੁਰਦੁਆਰਾ ਦਮਦਮਾ ਸਾਹਿਬ ਦਾ ਪ੍ਰਬੰਧ ਚਲਾ ਰਹੇ ਬਾਬਾ ਇਕਬਾਲ ਸਿੰਘ ਨੇ ਪੰਜ ਪਿਆਰੇ ਸਾਹਿਬਾਨ, ਨਿਸ਼ਾਨਚੀ ਸਾਹਿਬਾਨ ਅਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਸਕੱਤਰ ਚਾਨਣ ਸਿੰਘ ਨੇ ਬਾਬਾ ਹਰਪਾਲ ਸਿੰਘ ਤੇ ਸਮੁੱਚੀ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਤੇ ਸੇਵਾਦਾਰਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਦੇ ਇਲਾਵਾ ਉਨ੍ਹਾਂ ਪੀਲੀਭੀਤ ਦੇ ਐਸ.ਪੀ ਨਿਰਮਲਜੀਤ ਸਿੰਘ, ਸਰਬਜੀਤ ਸਿੰਘ ਆਈ ਪੀ ਐਸ, ਜੈ ਪਾਲ ਸਿੰਘ ਰੀਡਰ ਅਤੇ ਸ੍ਰੀ ਰੂਪ ਪ੍ਰਕਾਸ਼ ਸੀਨੀਅਰ ਕਾਂਸਟੇਬਲ ਜੋ ਸਾਰਾ ਰਸਤਾ ਸਕਿਉਰਿਟੀ ਅਤੇ ਟਰੈਫਿਕ ਕੰਟਰੋਲ ਦਾ ਪ੍ਰਬੰਧ ਸੰਭਾਲ ਰਹੇ ਹਨ ਨੂੰ ਵੀ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਹ ਨਗਰ ਕੀਰਤਨ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ 31 ਦਸੰਬਰ ਨੂੰ ਪਹੁੰਚਕੇ ਦਸਮ ਪਿਤਾ ਦੇ ਪ੍ਰਕਾਸ਼ ਦਿਹਾੜੇ ਸਬੰਧੀ ਸਮਾਗਮਾਂ ਵਿੱਚ ਸ਼ਮੂਲੀਅਤ ਕਰੇਗਾ। ਨਗਰ-ਕੀਰਤਨ ਗੁਰਦੁਆਰਾ ਦਮਦਮਾ ਸਾਹਿਬ ਗੋਮਤੀਪੁਲ ਤੋਂ ਰਵਾਨਾ ਹੋ ਕੇ ਪੂਰਨਪੁਰ, ਨਿਰੰਜਨਪੁਰ, ਕਠਾਰ, ਗੋਲਾ, ਲਖੀਮਪੁਰ ਖੀਰੀ ਤੇ ਸੀਤਾਪੁਰ ਤੋਂ ਹੁੰਦਾ ਹੋਇਆ ਰਾਤ ਦਾ ਵਿਸ਼ਰਾਮ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਲਖਨਊ, ਉੱਤਰ ਪ੍ਰਦੇਸ਼ ਵਿਖੇ ਕਰੇਗਾ।ਅੱਜ ਲਖਨਊ ਤੋਂ ਰਵਾਨਾ ਹੋ ਕੇ ਬਾਰਾਬੰਕੀ, ਫੈਜ਼ਾਬਾਦ ਤੋਂ ਹੁੰਦਾ ਹੋਇਆ ਰਾਤ ਦਾ ਵਿਸ਼ਰਾਮ ਸ੍ਰੀ ਗੁਰੂ ਨਾਨਕ ਗੋਬਿੰਦ ਧਾਮ ਅਯੁੱਧਿਆ ਜ਼ਿਲ੍ਹਾ ਫੈਜ਼ਾਬਾਦ (ਉੱਤਰ ਪ੍ਰਦੇਸ਼) ਵਿਖੇ ਕਰੇਗਾ।
ਇਸ ਮੌਕੇ ਲਖਬੀਰ ਸਿੰਘ ਵਧੀਕ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਤੇਜਿੰਦਰ ਸਿੰਘ ਪੱਡਾ ਸਤਨਾਮ ਸਿੰਘ ਇੰਚਾਰਜ, ਗੁਲਜ਼ਾਰ ਸਿੰਘ ਸੁਪਰਵਾਈਜ਼ਰ, ਬਾਬਾ ਜਸਵੰਤ ਸਿੰਘ ਤੇ ਬਾਬਾ ਇਕਬਾਲ ਸਿੰਘ, ਬਾਬਾ ਅਜਾਇਬ ਸਿੰਘ ਜੀ ਹਜ਼ੂਰ ਸਾਹਿਬ ਵਾਲੇ, ਬਾਬਾ ਅਰਜਨ ਸਿੰਘ, ਬਾਪੂ ਬਲਦੇਵ ਸਿੰਘ, ਅਜਮੇਰ ਸਿੰਘ ਛੀਨਾ, ਬਲਰਾਜ ਸਿੰਘ, ਰਣਜੀਤ ਸਿੰਘ ਹੁੰਦਲ, ਜਸਬੀਰ ਸਿੰਘ ਖਹਿਰਾ, ਮਹਿੰਦਰ ਸਿੰਘ ਹੁੰਦਲ ਮਨਾਲਾ, ਬੀਬੀ ਇੰਦਰਜੀਤ ਕੌਰ ਖਾਲਸਾ ਮੁਖ ਪ੍ਰਬੰਧਕ ਗੁਰਦੁਆਰਾ ਖਾਲਸਾ ਨਿਵਾਸ, ਭਾਈ ਅਮਰੀਕ ਸਿੰਘ, ਭੂਪਿੰਦਰ ਸਿੰਘ, ਬਲਵੀਰ ਸਿੰਘ, ਮੰਗਲ ਸਿੰਘ, ਲਖਬੀਰ ਸਿੰਘ ਮੈਂਬਰ, ਸਰਦਾਰ ਕੰਵਲਜੀਤ ਸਿੰਘ ਤੇ ਸਰਦਾਰਨੀ ਪ੍ਰਕਾਸ਼ ਕੌਰ, ਯਾਦਵਿੰਦਰ ਸਿੰਘ ਤੇ ਅਰਸ਼ਦੀਪ ਸਿੰਘ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦਾ ਸਟਾਫ ਤੇ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media