
ਅੰਮ੍ਰਿਤਸਰ, 28 ਦਸੰਬਰ (ਪੰਜਾਬ ਪੋਸਟ ਬਿਊਰੋ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਹੁ-ਖੇਡ ਮੈਦਾਨ ਵਿਖੇ ਲੜਕੀਆਂ ਦੇ 2 ਦਿਨਾਂ ਏ ਤੇ ਬੀ ਡਵੀਜਨ ਕਬੱਡੀ ਨੈਸ਼ਨਲ ਸਟਾਇਲ ਇੰਟਰ ਕਾਲਜ ਕਬੱਡੀ ਮੁਕਾਬਲੇ ਸ਼ੁਰੂ ਹੋ ਗਏ। ਵੀ.ਸੀ. ਪ੍ਰੋ. ਡਾ. ਅਜੈਬ ਸਿੰਘ ਬਰਾੜ ਦੇ ਦਿਸ਼ਾਂ ਨਿਰਦੇਸ਼ਾਂ, ਡਿਪਟੀ ਡਾਇਰੈਕਟਰ ਸਪੋਰਟਸ ਪ੍ਰੋ. ਡਾ. ਐਚ.ਐਸ ਰੰਧਾਵਾ ਦੇ ਪ੍ਰਬੰਧਾਂ ਅਤੇ ਇੰਚਾਰਜ ਕੋਚ ਲਖਵੀਰ ਸਿੰਘ ਦੀ ਅਗੁਵਾਈ ਵਿੱਚ ਸ਼ੁਰੂ ਹੋਏ।ਇਨ੍ਹਾਂ ਖੇਡ ਮੁਕਾਬਲਿਆਂ ਦਾ ਸ਼ੁੱਭਾਰੰਭ ਕਬੰਡੀ ਖੇਡ ਖੇਤਰ ਦੇ ਭੀਸ਼ਮ ਪੀਤਾਮਾਹ ਕੋਚ ਬਲਬੀਰ ਸਿੰਘ ਨੇ ਖਿਡਾਰਨਾਂ ਨਾਲ ਜਾਣ-ਪਛਾਣ ਕਰਕੇ ਕੀਤਾ ਤੇ ਕਿਹਾ ਕਿ ਜਿਸਮਾਨੀ ਤਾਕਤ ਤੇ ਲਿਆਕਤ ਵਾਲੀ ਕਬੱਡੀ ਖੇਡ ਦੇ ਵਿੱਚ ਲੜਕੀਆਂ ਦਾ ਹਿੱਸਾ ਲੈਣਾ ਬਹੁਤ ਚੰਗੀ ਗੱਲ ਹੈ। ਉਨ੍ਹਾਂ ਕਿਹਾ ਲੜਕੀਆਂ ਦੇ ਆਉਣ ਨਾਲ ਕਬੱਡੀ ਖੇਡ ਖੇਤਰ ਦੇ ਪ੍ਰਚਾਰ, ਪ੍ਰਸਾਰ ਅਤੇ ਉਤਸ਼ਾਹ ਵਿੱਚ ਵਾਧਾ ਹੋਇਆ ਹੈ।ਜਦੋਂ ਕਿ ਪੰਜਾਬ ਸਰਕਾਰ ਦੇ ਵੱਲੋਂ ਕਰਵਾਏ ਜਾਂਦੇ ਮਹਿਲਾ-ਪੁਰਸ਼ਾਂ ਦੇ ਵਿਸ਼ਵ ਕੱਪ ਕਬੱਡੀ ਅੰਤਰਰਾਸ਼ਟਰੀ ਪ੍ਰਤੀਯੋਗਤਾਵਾਂ ਨੇ ਇਸ ਖੇਡ ਦੇ ਵਿਸ਼ਵ ਖਾਕੇ ਦੇ ਵੱਧਣ-ਫੁਲਣ ਤੇ ਹੋਰ ਪ੍ਰਫੁਲਿਤ ਹੋਣ ਦਾ ਰਾਹ ਪੱਧਰਾ ਕੀਤਾ ਹੈ। ਇੰਚਾਰਜ ਕੋਚ ਲਖਵੀਰ ਸਿੰਘ ਨੇ ਦੱਸਿਆ ਇਸ ਖੇਡ ਪ੍ਰਤੀਯੋਗਤਾ ਵਿੱਚ ਜੀਐਨਡੀਯੂ ਨਾਲ ਸੰਬੰਧਤ 8 ਜ਼ਿਲ੍ਹਿਆਂ ਦੇ ਕਾਲਜਾਂ ਦੀਆਂ 500 ਦੇ ਕਰੀਬ ਖਿਡਾਰਨਾਂ ਹਿੱਸਾ ਲੈ ਰਹੀਆਂ ਹਨ ਤੇ ਇਸ ਦੌਰਾਨ ਏ ਤੇ ਬੀ ਡਵੀਜਨ ਦੇ ਨਤੀਜੇ ਵੱਖਰੇ-ਵੱਖਰੇ ਤੌਰ ਤੇ ਐਲਾਨੇ ਜਾਣਗੇ ਤੇ ਬੇਹਤਰ ਪ੍ਰਦਰਸ਼ਨ ਕਰਨ ਵਾਲੀਆਂ ਖਿਡਾਰਨਾਂ ਨੂੰ ਅੰਤਰਵਰਸਿਟੀ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਹਿੱਸੇਦਾਰੀ ਦਾ ਮੌਕਾ ਪ੍ਰਦਾਨ ਕੀਤਾ ਜਾਵੇਗਾ।ਜਦੋਂ ਕਿ ਇਸ ਤੋਂ ਪਹਿਲਾਂ ਇੱਕ ਵਿਸ਼ੇਸ਼ ਅਭਿਆਸ ਕੈਂਪ ਦੌਰਾਨ ਮਾਹਿਰ ਕੋਚਾਂ ਦੇ ਕੋਲੋਂ ਸਿੱਖਲਾਈ ਮੁਹੱਈਆ ਕਰਵਾਈ ਜਾਵੇਗੀ।ਇਸ ਮੌਕੇ ਰੈਫਰੀ ਅਜੈ ਸ਼ਰਮਾ, ਰੈਫਰੀ ਕੈਲਾਸ਼ ਸ਼ਰਮਾ, ਸੇਵਾ ਮੁਕਤ ਖੇਡ ਅਫਸਰ ਪਿਸ਼ੌਰਾ ਸਿੰਘ ਧਾਲੀਵਾਲ, ਕੋਚ ਕਸ਼ਮੀਰ ਸਿੰਘ, ਕੋਚ ਕਾਬਲ ਸਿੰਘ, ਕੋਚ ਸੁਰਿੰਦਰ ਸਿੰਘ, ਕੋਚ ਰਜਿੰਦਰ ਸਿੰਘ, ਗਗਨਦੀਪ ਕੌਰ, ਰੁਪਿੰਦਰ ਕੌਰ, ਸੁਖਮਨਪ੍ਰੀਤ ਕੌਰ, ਪ੍ਰਵੀਨ ਕੌਰ ਤੇ ਸ਼ਮਸ਼ੇਰ ਸਿੰਘ ਵਡਾਲੀ ਆਦਿ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media