ਨਵੀਂ ਦਿੱਲੀ, 30 ਦਸੰਬਰ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਬਕਾ ਕਮੇਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ’ਤੇ ਤੱਥਾਂ ਤੋਂ ਦੂਰ ਭੁਲੇਖੇ ਦੀ ਸਿਆਸਤ ਕਰਨ ਦਾ ਦੋਸ਼ ਲਾਇਆ ਹੈ। ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਸਰਨਾ ਨੂੰ ਜਾਣਬੁੱਝ ਕੇ ਅਨਜਾਣ ਬਣਨ ਦਾ ਦਿਖਾਵਾ ਨਾ ਕਰਦੇ ਹੋਏ ਗੁਰਦੁਆਰਾ ਸਿਆਸਤ ਨੂੰ ਨਿਜ਼ੀ ਮੁਫਾਦ ਲਈ ਦਾਗਦਾਰ ਨਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਇੱਕ ਪਾਸੇ ਸਰਨਾ ਖੁੱਦ ਮੰਨਦੇ ਹਨ ਕਿ ਸਰਨਾ ਨੇ ਐਨ.ਡੀ.ਐਮ.ਸੀ. ਨੂੰ 25 ਸਾਲ ਬਾਅਦ ਗੁਰਦੁਆਰਾ ਬੰਗਲਾ ਸਾਹਿਬ ਦੀ ਕਾਰ ਪਾਰਕਿੰਗ ਦੇਣ ਦਾ ਕਰਾਰ ਕੀਤਾ ਸੀ ਅਤੇ ਬਾਲਾ ਸਾਹਿਬ ਹਸਪਤਾਲ ਕਮੇਟੀ ਵੱਲੋਂ ਨਾ ਚਲਾਏ ਜਾਣ ਦੀ ਨਾਕਾਮੀ ਨੂੰ ਸਵੀਕਾਰਦੇ ਹੋਏ ਦੋ ਵਾਰ ਵੱਖ-ਵੱਖ ਨਿਜ਼ੀ ਕੰਪਨੀਆਂ ਦੇ ਹਵਾਲੇ ਕੀਤਾ ਸੀ। ਫਿਰ ਅੱਜ ਉਹ ਉਕਤ ਦੋਨੋਂ ਮਸਲਿਆਂ ’ਤੇ ਕਿਹੜੇ ਸਬੂਤਾਂ ਨੂੰ ਕਮੇਟੀ ਵੱਲੋਂ ਜਨਤਕ ਕੀਤੇ ਜਾਣ ਦੀ ਮੰਗ ਕਰ ਰਹੇ ਹਨ।
ਸਰਨਾ ਵੱਲੋਂ ਵਾਰ-ਵਾਰ ਬਹਿਸ਼ ਕਰਨ ਦੀ ਦਿੱਤੀ ਜਾ ਰਹੀ ਦੁਹਾਈ ’ਤੇ ਪ੍ਰਤੀਕਰਮ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਕਦੋਂ ਬਹਿਸ਼ ਕਰਨ ਤੋਂ ਪਾਸਾ ਵੱਟਿਆ ਹੈ ਸਗੋਂ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸਰਨਾ ਨੂੰ ਬਹਿਸ਼ ਕਰਨ ਲਈ ਸਮੇਂ, ਥਾਂ ਤੇ ਟੀ.ਵੀ. ਚੈਨਲ ਦਾ ਫੈਸਲਾ ਕਰਨ ਦਾ ਵੀ ਮੀਡੀਆ ਦੇ ਮਾਧਿਅਮ ਨਾਲ ਅਖਤਿਆਰ ਦਿੱਤਾ ਹੋਇਆ ਹੈ। ਸਰਨਾ ਵੱਲੋਂ ਪੰਜਾਬ ਦੇ ਮੁੱਖਮੰਤਰੀ ਨਾਲ ਬਹਿਸ਼ ਕਰਨ ਦੀ ਜਤਾਈ ਗਈ ਇੱਛਾ ਨੂੰ ਹਾਸੋਹੀਣਾ ਕਰਾਰ ਦਿੰਦੇ ਹੋਏ ਉਨ੍ਹਾਂ ਨੇ ਸਰਨਾ ਨੂੰ ਆਪਣੀ ਸਿਆਸੀ ਤਾਕਤ ਤੇ ਵੀ ਇੱਕ ਵਾਰ ਝਾਤ ਮਾਰਨ ਦੀ ਸਲਾਹ ਦਿੱਤੀ।
ਸਰਨਾ ਵੱਲੋਂ 300 ਕਰੋੜ ’ਚ ਬਾਲਾ ਸਾਹਿਬ ਹਸਪਤਾਲ ਵੇਚੇ ਜਾਣ ਦੇ ਮੰਗੇ ਗਏ ਸਬੂਤ ਬਾਰੇ ਉਨ੍ਹਾਂ ਕਿਹਾ ਕਿ ਰੇਡੀਐਂਟ ਹੈਲਥ ਕੇਅਰ ਨੇ ਆਪਣੀ ਵੈਬਸਾਇਟ ’ਤੇ ਖੁਦ 370 ਕਰੋੜ ਵਿਚ ਹਸਪਤਾਲ ਨੂੰ ਖਰੀਦਣ ਦੀ ਡੀਲ ਕਰਨ ਦੀ ਇੱਕ ਬਿਜਨਸ ਪੇਪਰ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਸੀ। ਜਦਕਿ ਕਮੇਟੀ ਕੋਲ ਇਸ ਡੀਲ ’ਚ ਕੇਵਲ 12.5 ਕਰੋੜ ਰੁਪਏ ਹੀ ਆਇਆ ਸੀ। ਇਸ ਕਰਕੇ 300 ਤੋਂ ਵੱਧ ਕਰੋੜ ਰੁਪਏ ਦੇ ਇਸ ਲੈਣ-ਦੇਣ ਤੋਂ ਸਰਨਾ ਕਿਵੇਂ ਆਪਣਾ ਮੂੰਹ ਛੁੱਪਾ ਸਕਦੇ ਹਨ। ਕੰਪਨੀ ਸਿੰਗਾਪੁਰ ਦੀ ਸੀ ਇਸ ਕਰਕੇ ਇਸ ਵੱਡੇ ਲੈਣ-ਦੇਣ ਦੇ ਵਿਚ ਕਿਤੇ ਨਾ ਕਿਤੇ ਹਵਾਲਾ ਜਰੀਏ ਮੰਨੀ ਲਾਡ੍ਰਿੰਗ ਦਾ ਵੀ ਖਦਸਾ ਪੈਦਾ ਹੁੰਦਾ ਹੈ। ਇਸ ਕਰਕੇ ਸਰਨਾ ਨੂੰ ਵਾਰ-ਵਾਰ ਕਮੇਟੀ ਨੂੰ ਸਵਾਲ ਪੁੱਛਣ ਦੀ ਬਜਾਏ ਰੈਡਿਐਂਟ ਹੈਲਥ ਕੇਅਰ ਅਤੇ ਕੌਮੀ ਅੰਗਰੇਜ਼ੀ ਅਖਬਾਰ ਨੂੰ ਨੋਟਿਸ ਦੇ ਕੇ ਜਾਣਕਾਰੀ ਪ੍ਰਾਪਤ ਕਰਕੇ ਸੰਗਤਾਂ ਦੇ ਸਾਹਮਣੇ ਸੱਚਾਈ ਨੂੰ ਰੱਖਣਾ ਚਾਹੀਦਾ ਹੈ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media