ਅਲਗੋਕੋਠੀ, 11 ਜਨਵਰੀ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ)- ਰਾਜ ਸਿੱਖਿਆ ਅਤੇ ਕਿੱਤਾ ਅਗਵਾਈ ਬਿਊਰੋ ਪੰਜਾਬ ਵੱਲੋਂ ਜਾਰੀ ਕੈਰੀਅਰ ਕੈਲੰਡਰ

ਤਹਿਤ ਜਿਲ੍ਹਾ ਸਿੱਖਿਆ ਅਫਸਰ ਗੁਰਭਜਨ ਸਿੰਘ ਲਾਸਾਨੀ ਅਤੇ ਜਿਲ੍ਹਾ ਕੌਂਸਲਰ ਸੁਖਬੀਰ ਸਿੰਘ ਕੰਗ ਦੀਆਂ ਹਦਾਇਤਾਂ ਤੇ ਅਮਲ ਕਰਦਿਆਂ ਪ੍ਰਿੰਸੀਪਲ ਜੋਧਬੀਰ ਸ਼ਰਮਾ ਨੇ ਵਿਦਿਆਰਥੀਆਂ ਲਈ ਇਕ ਮਾਸ ਕਮਿਊਨੀਕੇਸ਼ਨ ਅਤੇ ਐਂਟਰਟੇਨਮੈਂਟ ਵਿਸ਼ੇ ਸਬੰਧੀ ਸੈਮੀਨਾਰ ਆਯੋਜਿਤ ਕੀਤਾ ਗਿਆ।ਪ੍ਰਿੰਸੀਪਲ ਸ਼ਰਮਾ ਨੇ ਬਤੌਰ ਸੀ.ਜੀ.ਆਰ.ਪੀ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਅੱਜ ਦੇ ਵਿਗਿਆਨਿਕ ਅਤੇ ਕੰਪਿਊਟਰ ਦੇ ਯੁੱਗ ਵਿੱਚ ਕਿੱਤਾ/ਕੈਰੀਅਰ ਦਾ ਖੇਤਰ ਬਹੁਤ ਵਿਸ਼ਾਲ ਹੋ ਗਿਆ ਹੈ।ਸੰਸਾਰ ਇਕ ਪਿੰਡ ਬਣ ਗਿਆ ਹੈ ਅਤੇ ਅੱਜ ਦਾ ਹਰੇਕ ਪੜਿਆ ਲਿਖਿਆ ਨਾਗਰਿਕ ਵਿਸ਼ਵ ਵਿਚ ਵਾਪਰ ਰਹੀਆਂ ਘਟਨਾਂਵਾਂ ਦੀ ਪਲ ਪਲ ਖਬਰ ਰੱਖਣਾ ਚਾਹੁੰਦਾ ਹੈ, ਜਿਸ ਲਈ ਮਾਸ ਕਮਿਊਨੀਕੇਸ਼ਨ ਅਤੇ ਐਂਟਰਟੇਨਮੈਂਟ ਦੇ ਖੇਤਰ ਦੇ ਮਾਹਿਰਾਂ ਦੀ ਲੋੜ ਵਧ ਰਹੀ ਹੈ।ਪ੍ਰੈਸ, ਮੀਡੀਆ ਅਤੇ ਕਲਾ ਦੇ ਵੱਖ ਵੱਖ ਖੇਤਰਾਂ ਵਿਚ ਮੁਹਾਰਤ ਹਾਸਲ ਹੋਣ ਤੇ ਇਸ ਵਿਸ਼ਾਲ ਖੇਤਰ ਵਿਚ ਵਧੀਆ ਕਿੱਤਾ/ਕੈਰੀਅਰ ਅਤੇ ਰੋਜਗਾਰ ਹਾਸਲ ਕਰਨ ਦੇ ਮੌਕੇ ਉਪਲਬਧ ਹਨ।ਪ੍ਰਿੰਸੀਪਲ ਸ਼ਰਮਾ ਨੇ ਵਧੀਆ ਚਿੱਤਰਕਾਰੀ, ਭਾਸ਼ਣ, ਐਕਟਿੰਗ ਅਤੇ ਗੀਤ ਪੇਸ਼ ਕਰਨ ਵਾਲੇ ਵਿਦਿਆਰਥੀਆਂ ਨੂੰ ਬੇਝਿਜਕ ਕੈਰੀਅਰ ਬਣਾਉਣ ਲਈ ਪ੍ਰੇਰਣਾ ਦਿੱਤੀ ਅਤੇ ਉਦਾਹਰਨਾ ਦੇ ਕੇ ਦੱਸਿਆ ਕਿ ਰੇਡੀਓ, ਟੈਲੀਵਿਜਨ ਅਤੇ ਫਿਲਮਾਂ ਤੋਂ ਇਲਾਵਾ ਸੱਭਿਆਚਾਰਕ ਤੇ ਰੰਗਾਰੰਗ ਪ੍ਰਗਰਾਮ ਵਿਚ ਕੈਰੀਅਰ ਬਣਾਉਣ ਵਾਲੀਆਂ ਕਈ ਹਸਤੀਆਂ ਨੇਂ ਕਿਵੇਂ ਨਾਮ ਕਮਾਇਆ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਦਰਪਾਲ ਮੌਂਗਾ, ਮਨਮੋਹਨ ਸਿੰਘ, ਰਾਜਵਿੰਦਰ ਸਿੰਘ, ਰੇਨੂੰ ਅਗਰਵਾਲ, ਜਸਵਿੰਦਰ ਸਿੰਘ, ਸ਼ੇਰ ਸਿੰਘ, ਸਤਿੰਦਰ ਸਿੰਘ, ਨਵਦੀਪ ਕੌਰ ਆਦਿ ਨੇ ਭਾਗ ਲਿਆ।
Punjab Post Daily Online Newspaper & Print Media