ਅੰਮ੍ਰਿਤਸਰ, 11 ਜਨਵਰੀ (ਪੰਜਾਬ ਪੋਸਟ ਬਿਊਰੋ)- ਨਸ਼ਾਖੋਰੀ ਤੇ ਨਸ਼ਾ ਤਸਕਰੀ ਰੋਕਣ ਦੇ ਉਦੇਸ਼ ਨਾਲ ਬੀ.ਐਸ.ਐਫ ਸੈਕਟਰ ਹੈਡ ਕੁਆਟਰ ਅੰਮ੍ਰਿਤਸਰ ਦੇ

ਅਧਿਕਾਰਤ ਖੇਤਰ ਵਿੱਚ ਆਉਂਦੀ ਬੀ.ਐਸ.ਐਫ 17 ਬਟਾਲੀਅਨ ਰਾਮ ਤੀਰਥ ਵੱਲੋਂ ਅੰਤਰਰਾਸ਼ਟਰੀ ਭਾਰਤ-ਪਾਕਿ ਸਰਹੱਦ ਸਥਿਤ ਬੀ.ਓ.ਪੀ ਫਤਿਹਪੁਰ ਵਿਖੇ ਇੱਕ ਪ੍ਰਭਾਵਸ਼ਾਲੀ ਨਸ਼ਾ ਵਿਰੋਧੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਸਰਹੱਦੀ ਖੇਤਰ ਦੇ ਲੋਕਾਂ, ਸਕੂਲੀ ਬੱਚਿਆਂ, ਬੀ.ਐਸ.ਐਫ ਅਧਿਕਾਰੀਆਂ ਅਤੇ ਜਵਾਨਾਂ ਨੇ ਸ਼ਮੂਲੀਅਤ ਕੀਤੀ।ਕਮਾਂਡੈਂਟ ਆਰ.ਸੀ ਸ਼ਰਮਾ ਦੇ ਬੇਮਿਸਾਲ ਪ੍ਰਬੰਧਾਂ ਅਤੇ ਅਗਵਾਈ ਹੇਠ ਆਯੋਜਿਤ ਇਸ ਪ੍ਰੋਗਰਾਮ ਦਾ ਸ਼ੁਭਅਰੰਭ ਬੀ.ਐਸ.ਐਫ ਸੈਕਟਰ ਹੈਡ ਕੁਆਟਰ ਅੰਮ੍ਰਿਤਸਰ ਦੇ ਡੀ.ਆਈ.ਜੀ ਜੇ.ਐਸ.ਉਬਰਾਏ ਵੀ.ਐਸ.ਐਮ ਨੇ ਮੁੱਖ ਮਹਿਮਾਨ ਦੇ ਰੂਪ ਵਿੱਚ ਕੀਤਾ ਤੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਗਰ ਨਸ਼ੀਲੇ ਪਦਾਰਥਾਂ ਦੀ ਖਪਤ ਖਤਮ ਹੋ ਜਾਵੇ ਤਾਂ ਤਸਕਰੀ ਨੂੰ ਆਪਣੇ ਆਪ ਠੱਲ ਪੈ ਜਾਵੇਗੀ।ਉਨ੍ਹਾਂ ਕਿਹਾ ਪੰਜਾਬ ਗੁਰੂਆਂ ਅਤੇ ਪੀਰਾਂ ਦੀ ਧਰਤੀ ਹੈ।ਸਾਨੂੰ ਇਸ ਧਰਤੀ ਦੀ ਪਵਿੱਤਰਤਾ ਨੂੰ ਕਾਇਮ ਰੱਖਣਾ ਹੋਵੇਗਾ।
ਲੈਕਚਰਾਰ ਕਰਮਜੀਤ ਕੌਰ ਵੱਲੋਂ ਸ.ਸ.ਸ.ਸ. ਛੇਹਰਟਾ, ਸਿੱਖ ਨੈਸ਼ਨਲ ਪਬਲਿਕ ਸਕੂਲ ਮਾਨਾਵਾਲਾ, ਸ਼੍ਰੀ ਗੁਰੂ ਰਾਮਦਾਸ ਇੰਸਟੀਚਿਊਟ ਪੰਧੇਰ, ਬੀ.ਐਨ.ਐਸ. ਇੰਟਰਨੈਸ਼ਨਲ ਭਿੱਟੇਵੱਡ ਆਦਿ ਸਕੂਲਾਂ ਦੇ ਵਿਦਿਆਰਥੀਆਂ ਕੋਲੋਂ ਤਿਆਰ ਕਰਵਾਏ ਗਏ ਨਸ਼ਾਖੋਰੀ ਤੇ ਨਸ਼ਾ ਤਸਕਰੀ `ਤੇ ਕਰਾਰਾ ਵਾਰ ਕਰਦੇ ਯਾਦਗਾਰੀ ਪ੍ਰੋਗਰਾਮਾਂ ਦੀ ਪੇਸ਼ਕਾਰੀ ਕੀਤੀ ਗਈ।ਇਸ ਮੌਕੇ ਨਸ਼ੇ ਦੀ ਦਲਦਲ ਦੇ ਵਿੱਚੋਂ ਨਿਕਲਣ ਵਾਲੇ ਗੁਰਪਰਤਾਪ ਸਿੰਘ ਤੇ ਅਜੈ ਪਾਲ ਸਿੰਘ ਨੇ ਆਪ ਬੀਤੀ `ਤੇ ਰੌਸ਼ਨੀ ਪਾਉਂਦੇ ਹੋਏ ਨਸ਼ਿਆਂ ਤੋਂ ਦੂਰੀ ਬਣਾ ਕੇ ਰੱਖਣ ਦਾ ਸੱਦਾ ਦਿੱਤਾ।ਮੁੱਖ ਮਹਿਮਾਨ ਡੀ.ਆਈ.ਜੀ ਜੇ.ਐਸ. ਉਬਰਾਏ, ਕਮਾਂਡੈਂਟ ਆਰ.ਸੀ ਸ਼ਰਮਾ ਨੇ ਸਕੂਲ ਵਿਦਿਆਰਥੀਆਂ ਤੇ ਹੋਰਨਾਂ ਨੂੰ ਵੀ ਸਨਮਾਨਿਤ ਵੀ ਕੀਤਾ।ਇਸ ਮੌਕੇ ਟੂ.ਏ.ਸੀ. ਰੁਪਿੰਦਰ ਭਾਰਦਵਾਜ, ਡਿਪਟੀ ਕਮਾਂਡੈਂਟ ਪਰਮਜੀਤ ਸਿੰਘ, ਵਾਈਸ ਪ੍ਰਿੰਸੀਪਲ ਬਲਦੇਵ ਸਿੰਘ, ਮੈਡਮ ਅਮ੍ਰਿਤ ਕੌਰ, ਮੈਡਮ ਲਖਵਿੰਦਰ ਕੌਰ, ਮੈਡਮ ਮਲਵਿੰਦਰ ਕੌਰ, ਮੈਡਮ ਸ਼ੀਲਾ, ਮੈਡਮ ਪਰਮਿੰਦਰ ਕੌਰ, ਡਾ. ਕੰਵਲਜੀਤ ਸਿੰਘ, ਬਿਕਰਮਜੀਤ ਸਿੰਘ, ਰਜਿੰਦਰ ਸਿੰਘ, ਸਰਪੰਚ ਸੁਖਦੇਵ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
Punjab Post Daily Online Newspaper & Print Media