ਫਾਜ਼ਿਲਕਾ, 13 ਜਨਵਰੀ (ਵਿਨੀਤ ਅਰੋੜਾ) – ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਕੇ ਦੁਰਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ। ਸੜਕ ਹਾਦਸਿਆਂ ਦੀ ਮੁੱਖ ਵਜ੍ਹਾ

ਲਾਪਰਵਾਹੀ ਹੈ।ਜਦੋਂ ਅਸੀ ਲਾਪਰਵਾਹੀ ਨਾਲ ਵਾਹਨ ਚਲਾਉਂਦੇ ਹਾਂ ਤਾਂ ਸੜਕ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ। ਜਿਸ ਦਾ ਖੁਮਿਆਜ਼ਾ ਜਿੱਥੇ ਲਾਪਰਵਾਹ ਵਿਅਕਤੀ ਨੂੰ ਭੁਗਤਣਾ ਪੈਂਦਾ ਹੈ।ਉੱਥੇ ਹੀ ਕਿਸੇ ਦੂਜੇ ਵਿਅਕਤੀ ਦੀ ਜਾਨ ਜੋਖ਼ਮ ਵਿਚ ਪਾ ਦਿੰਦੇ ਹਾਂ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਗੁਰਚਰਨ ਸਿੰਘ ਸੰਧੂ ਨੇ ਨੈਸ਼ਨਲ ਕਾਲਜ ਚੁਵਾੜਿਆਂ ਵਾਲੀ ਵਿਖੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ।
ਕਾਲਜ ਵਿਚ 28ਵੇਂ ਸੜਕ ਸੁਰੱਖਿਆ ਹਫ਼ਤੇ ਦੇ 5ਵੇਂ ਦਿਨ ਸੜਕ ਸੁਰੱਖਿਆ ਨਿਯਮਾਂ ਨੂੰ ਅਪਣਾਉਣ ਲਈ ਕਰਵਾਏ ਗਏ ਸੈਮੀਨਾਰ ਦੌਰਾਨ ਸ. ਸੰਧੂ ਨੇ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਇਕ ਦੂਜੇ ਨੂੰ ਸੁਰੱਖਿਅਤ ਜੀਵਨ ਦੇਣ ਦਾ ਸੁਨੇਹਾ ਦਿੰਦੇ ਹੋਏ ਸੜਕੀ ਨਿਯਮਾਂ ਨੂੰ ਅਪਣਾਈਏ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸੜਕਾਂ ਤੇ ਦੋ ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮਟ ਦੀ ਵਰਤੋਂ ਕਰਨੀ ਚਾਹੀਦੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀ.ਜੇ.ਐਮ.ਸ਼੍ਰੀ ਕੇ. ਕੇ. ਬਾਂਸਲ, ਸ਼ੂਗਰ ਮਿੱਲ ਘੱਲੂ ਦੇ ਜਨਰਲ ਮੈਨੇਜ਼ਰ ਏ.ਪੀ.ਐਸ ਵਾਲੀਆ, ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਵਿਪਨ ਕਟਾਰੀਆ ਅਤੇ ਕਾਲਜ ਦੇ ਪ੍ਰੌਫੈਸਰ ਅਤੇ ਵਿਦਿਆਰਥੀ ਹਾਜ਼ਰ ਸਨ।
Punjab Post Daily Online Newspaper & Print Media