ਨਵੀਂ ਦਿੱਲੀ, 14 ਜਨਵਰੀ (ਪੰਜਾਬ ਪੋਸਟ ਬਿਊਰੋ)- 1984 ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ

ਮਨਜੀਤ ਸਿੰਘ ਜੀ.ਕੇ ਨਾਲ ਮੁਲਾਕਾਤ ਕਰਕੇ ਕਮੇਟੀ ਵੱਲੋਂ ਕਤਲੇਆਮ ਦੇ ਦੁੱਖ ਨੂੰ ਬਿਆਨ ਕਰਨ ਲਈ ‘‘ਸੱਚ ਦੀ ਕੰਧ’’ ਯਾਦਗਾਰ ਉਸਾਰੇ ਜਾਣ ਤੇ ਧੰਨਵਾਦ ਕੀਤਾ।‘1984 ਸਿੱਖ ਕਤਲੇਆਮ ਪੀੜਤ ਪਰਿਵਾਰ’ ਸੰਸਥਾ ਦੇ ਆਗੂ ਸਾਬਕਾ ਦਿੱਲੀ ਕਮੇਟੀ ਮੈਂਬਰ ਆਤਮਾ ਸਿੰਘ ਲੁਬਾਣਾ, ਗੁਰਦੁਆਰਾ ਸ਼ਹੀਦ ਗੰਜ ਤਿਲਕ ਵਿਹਾਰ ਦੇ ਚੇਅਰਮੈਨ ਮੋਹਨ ਸਿੰਘ ਅਤੇ ਬਾਬੂ ਸਿੰਘ ਦੁੱਖੀਆ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਨੂੰ ਸਾਕਾ ਨੀਲਾ ਤਾਰਾ ਅਤੇ ਸਿੱਖ ਕਤਲੇਆਮ ਦਾ ਦੋਸ਼ੀ ਕਰਾਰ ਦਿੰਦੇ ਹੋਏ ਦੋਨਾਂ ਦੇ ਨਾਂ ਲਿਖੀਆਂ ਪਲੇਟਾਂ ਯਾਦਗਾਰ ’ਚ ਲਗਾਉਣ ਦੀ ਵੀ ਮੰਗ ਕੀਤੀ।
ਜੀ.ਕੇ ਨੇ ਪੀੜਤ ਆਗੂਆਂ ਦੀ ਗੱਲਬਾਤ ਸੁਣਨ ਉਪਰੰਤ ਪੱਤਰਕਾਰਾਂ ਦੀ ਮੌਜੂਦਗੀ ਵਿਚ ਉਕਤ ਸਲਾਹ ’ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ।ਯਾਦਗਾਰ ਵਾਲੇ ਸਥਾਨ ’ਤੇ ਉਕਤ ਪਲੇਟਾਂ ਨੂੰ ਪ੍ਰਾਪਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ ਸਾਡਾ ਟੀਚਾ ਯਾਦਗਾਰ ਬਣਾ ਕੇ ਕਿਸੇ ਦਾ ਦਿੱਲ ਦੁਖਾਉਣਾ ਨਹੀਂ ਹੈ ਅਤੇ ਨਾ ਹੀ ਇਸ ਪ੍ਰਕਾਰ ਦਾ ਮਾਹੌਲ ਸਿਰਜਣ ਦਾ ਹੈ ਜਿਸਤੋਂ ਬਾਅਦ ਭਾਵਨਾ ਵਿਚ ਵਹਿ ਕੇ ਕੋਈ ਨੌਜਵਾਨ ਕਿਸੇ ਉਕਸਾਵੇ ਦਾ ਕਾਰਨ ਬਣ ਜਾਵੇ। ਜੀ.ਕੇ. ਨੇ ਕਿਹਾ ਕਿ ਯਾਦਗਾਰ ਦੇ ਡਿਜਾਇਨ ਨੂੰ ਪਹਿਲੇ ਹੀ ਅੰਤ੍ਰਿੰਗ ਬੋਰਡ ਵੱਲੋਂ ਪ੍ਰਵਾਨਗੀ ਦਿੱਤੀ ਹੋਈ ਹੈ ਇਸ ਲਈ ਕਿਸੇ ਵੀ ਬਦਲਾਵ ਨੂੰ ਬਿਨਾ ਸੋਚੇ ਵਿਚਾਰੇ ਨਹੀਂ ਕੀਤਾ ਜਾ ਸਕਦਾ ਹੈ।ਪੀੜਤ ਆਗੂਆਂ ਨੇ ਕਮੇਟੀ ਪ੍ਰਧਾਨ ਦੀ ਤਾਰੀਫ਼ਾਂ ਦੇ ਪੁੱਲ ਬੰਨਦੇ ਹੋਏ ਇਸ਼ਾਰਿਆਂ ’ਚ ਬਿਨਾ ਨਾਂ ਲਏ ਸਾਬਕਾ ਪ੍ਰਬੰਧਕਾਂ ਨੂੰ ਮੀਰਜਾਫ਼ਰ ਅਤੇ ਜੈਚੰਦ ਦੀ ਉਪਾਧੀ ਵੀ ਦਿੱਤੀ।ਪੱਤਰਕਾਰਾਂ ਦੇ ਸਵਾਲ ਦੇ ਜਵਾਬ ਦੌਰਾਨ ਦੁਖੀਆ ਨੇ ਯਾਦਗਾਰ ਦੇ ਉਦਘਾਟਨ ਦੇ ਸਮੇਂ ਸਰਨਾ ਦਲ ਵੱਲੋਂ ਤਿਲਕ ਨਗਰ ਵਿਖੇ ਰੱਖੀ ਗਈ ਸਿਆਸੀ ਮੀਟਿੰਗ ਨੂੰ ਕਾਤਲਾਂ ਦੇ ਪੱਖ ਪੂਰਨ ਵਾਲੀ ਕਾਰਵਾਈ ਦੱਸਿਆ। ਉਨ੍ਹਾਂ ਕਿਹਾ ਕਿ ਜੀ.ਕੇ ਨੇ ਪੀੜਤਾਂ ਲਈ ਜੋ ਕਾਰਜ ਕੀਤੇ ਹਨ ਉਹ ਇਤਿਹਾਸਿਕ ਹੋਣ ਦੇ ਨਾਲ ਹੀ ਅਜਿਹੇ ਹਨ ਜਿਨ੍ਹਾਂ ਦੀ ਹੋਂਦ ਨੂੰ ਕੋਈ ਨਹੀਂ ਮਿਟਾ ਸਕਦਾ।ਜੀ.ਕੇ ਨੇ ਉਦਘਾਟਨੀ ਸਮਾਗਮ ਦੌਰਾਨ ਗੁਰਦੁਆਰਾ ਬੰਗਲਾ ਸਾਹਿਬ ਤੋਂ ਯਾਦਗਾਰ ਵਾਲੀ ਥਾਂ ਤੱਕ ਵਿਸ਼ੇਸ਼ ਨਗਰ ਕੀਰਤਨ ਸਜਾਏ ਜਾਣ ਦੀ ਜਾਨਕਾਰੀ ਦਿੱਤੀ। ਇਸ ਮੋਕੇ ਵੱਡੀ ਗਿਣਤੀ ਵਿਚ ਪੀੜਤ ਪਰਿਵਾਰਾਂ ਦੇ ਮੈਂਬਰਾਂ ਦੇ ਨਾਲ ਹੀ ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ, ਪ੍ਰੋਜੈਕਟ ਕਮੇਟੀ ਦੇ ਚੇਅਰਮੈਨ ਤਨਵੰਤ ਸਿੰਘ ਅਤੇ ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਮੌਜੂਦ ਸਨ।
ਇਥੇ ਜਿਕਰਯੋਗ ਹੈ ਕਿ ਕਮੇਟੀ ਵੱਲੋਂ ਉਸਾਰੀ ਗਈ ਯਾਦਗਾਰ 15 ਜਨਵਰੀ ਨੂੰ ਦਿੱਲੀ ਕਮੇਟੀ ਵੱਲੋਂ ਮਨੁੱਖਤਾ ਨੂੰ ਸਮਰਪਿਤ ਕੀਤੀ ਜਾ ਰਹੀ ਹੈ, ਜਿਸ ਵਿਚ ਇਸ ਕਤਲੇਆਮ ਦੌਰਾਨ ਮਾਰੇ ਗਏ ਲਗਭਗ 3000 ਸਿੱਖਾਂ ਅਤੇ ਸਿੱਖਾ ਨੂੰ ਬਚਾਉਣ ਦੌਰਾਨ ਆਪਣੀ ਜਾਨ ਗਵਾਉਣ ਵਾਲੇ 2 ਹਿੰਦੂ ਵੀਰਾਂ ਅਤੇ ਇੱਕ ਮੁਸਲਿਮ ਬੀਬੀ ਦਾ ਨਾਂ ਲਿਖੇ ਪੱਥਰ ਲਗਾਏ ਗਏ ਹਨ। ਇਸ ਦੇ ਨਾਲ ਹੀ ਫੌਜ਼ ਤੋਂ ਛੁੱਟੀ ਲੈ ਕੇ ਰੇਲ ਗੱਡੀ ਰਾਹੀਂ ਆਪਣੇ ਘਰ ਜਾ ਰਹੇ ਸਿੱਖ ਫੌਜ਼ੀਆਂ ਦੇ ਹੋਏ ਕਤਲੇਆਮ ਦੀ ਗਵਾਹੀ ਵੀ ਉਕਤ ਯਾਦਗਾਰ ਭਰਦੀ ਹੈ।ਦੀਵਾਰਾਂ ਦੇ ਨਾਲ ਹੀ 4 ਢਾਂਚੇ ਮਨੁੱਖਤਾ, ਬਰਾਬਰਤਾ, ਨਿਮਰਤਾ ਅਤੇ ਸਹਿਨਸ਼ੀਲਤਾ ਦੇ ਪ੍ਰਤੀਕ ਵੱਜੋਂ ਸਥਾਪਿਤ ਕੀਤੇ ਗਏ ਹਨ।
Punjab Post Daily Online Newspaper & Print Media