Wednesday, February 25, 2026

ਹਲਕਾ ਅੰਮ੍ਰਿਤਸਰ ਦੱਖਣੀ ਤੋਂ ਬੀ.ਸੀ ਵਰਗ ਨਾਲ ਸੰਬੰਧਿਤ ਉਮੀਦਵਾਰ ਨੂੰ ਟਿਕਟ ਦੇਣ ਦੀ ਉਠੀ ਮੰਗ

ਅੰਮ੍ਰਿਤਸਰ, 13 ਜਨਵਰੀ (ਪੰਜਾਬ ਪੋਸਟ ਬਿਊਰੋ)- ਗੁਰੂ ਨਗਰੀ ਅੰਮ੍ਰਿਤਸਰ ਵਿੱਚ 5 ਸ਼ਹਿਰੀ ਵਿਧਾਨ ਸਭਾ ਹਲਕਿਆਂ ਵਿਚੋਂ ਚਾਰ ਹਲਕੇ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਜਪਾ ਪਾਸ ਹਨ ਜਦਕਿ ਇੱਕ ਹਲਕਾ ਦੱਖਣੀ ਉਸ ਦੇ ਹਿੱਸੇ ਆਉਂਦਾ ਹੈ।ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇੰਦਰਬੀਰ ਸਿੰਘ ਬੁਲਾਰੀਆ ਨੇ 2012 ਵਿੱਚ ਚੋਣ ਜਿੱਤੀ ਸੀ ਅਤੇ ਉਨਾਂ ਨੂੰ ਮੁੱਖ ਸੰਸਦੀ ਸਕੱਤਰ ਸਿਖਿਆ ਬਣਾਇਆ ਗਿਆ ਸੀ।ਪਰ ਪਾਰਟੀ ਨਾਲ ਨਰਾਜ਼ਗੀ ਹੋਣ ਉਪਰੰਤ ਬੁਲਾਰੀਆ ਨੂੰ ਮੁੱਖ ਸੰਸਦੀ ਸਕੱਤਰ ਦੇ ਅਹੁਦੇ ਤੋਂ ਹਟਾ ਦਿਤਾ ਗਿਆ ਸੀ ਅਤੇ ਬਾਅਦ `ਚ ਵਿਧਾਇਕ ਬੁਲਾਰੀਆ ਆਪਣੀ ਸੀਟ ਅਤੇ ਅਕਾਲੀ ਦਲ ਤੋਂ ਅਸਤੀਫਾ ਦੇ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।

PPN1501201701
ਕਾਂਗਰਸ ਪਾਰਟੀ ਵਲੋਂ ਵੀ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਦੱਖਣੀ ਤੋਂ ਉਮੀਦਵਾਰ ਦਾ ਐਲਾਨ ਅਜੇ ਤੱਕ ਨਹੀਂ ਕੀਤਾ ਗਿਆ, ਕਿਉਂਕਿ ਅਕਾਲੀ ਦਲ ਤੋਂ ਕਾਂਗਰਸ ਵਿੱਚ ਆਏ ਇੰਦਰਬੀਰ ਸਿੰਘ ਬੁਲਾਰੀਆ ਦੀ ਉਮੀਦਵਾਰੀ ਨੂੰ ਕਾਂਗਰਸ ਦੇ ਅੰਦਰੋਂ ਚੁਣੌਤੀ ਦਿੱਤੀ ਜਾ ਰਹੀ ਹੈ।ਕਾਂਗਰਸ ਵਿੱਚ ਸ਼ਾਮਲ ਹੋਏ ਪੀ.ਪੀ.ਪੀ ਆਗੂ ਮਨਿੰਦਰਪਾਲ ਸਿੰਘ ਪਲਾਸੌਰ ਵੀ ਇਸ ਟਿਕਟ ਦੇ ਚਾਹਵਾਨ ਹਨ, ਜਦਕਿ ਇਥੋਂ ਕਾਂਗਰਸੀ ਵਿਧਾਇਕ ਰਹਿ ਚੁੱਕੇ ਹਰਜਿੰਦਰ ਸਿੰਘ ਠੇਕੇਦਾਰ ਅਤੇ 2012 ਦੀ ਚੋਣ ਲੜ ਚੁੱਕੇ ਜਸਬੀਰ ਸਿੰਘ ਡਿੰਪਾ ਸਮੇਤ ਕਈ ਬਾਹਰੋਂ ਆਏ ਆਗੂਆਂ ਦਾ ਵਿਰੋਧ ਕਰ ਰਹੇ ਹਨ।
ਬਹੁਮਤ ਸਿੱਖ ਵੋਟਰਾਂ ਵਾਲਾ ਇਹ ਹਲਕਾ ਅਕਾਲੀ ਦਲ ਲਈ ਵੱਕਾਰੀ ਹਲਕਾ ਬਣ ਗਿਆ ਹੈ, ਜਿਥੋਂ ਜੇਕਰ ਕਾਂਗਰਸ ਵਿਚ ਗਏ ਇੰਦਰਬੀਰ ਸਿੰਘ ਬੁਲਾਰੀਆ ਨੂੰ ਟਿਕਟ ਮਿਲਦੀ ਹੈ ਤਾਂ ਨੂੰ ਉਨਾਂ ਨੂੰ ਟੱਕਰ ਦੇਣ ਲਈ ਮਜ਼ਬੂਤ ਉਮੀਦਵਾਰ ਵਜੋਂ ਸੁਖਬੀਰ ਸਿੰਘ ਬਾਦਲ ਵਲੋਂ ਚੋਣ ਲੜਣ ਦੇ ਚਰਚੇ ਵੀ ਚੱਲੇ, ਜਦ ਸੁਖਬੀਰ ਸਿੰਘ ਬਾਦਲ ਵਲੋਂ ਦੋ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜਣ ਦੀ ਗੱਲ ਸਾਹਮਣੇ ਆਈ।ਸੂਤਰਾਂ ਅਨੁਸਾਰ ਅਕਾਲੀ ਦਲ ਹਲਕਾ ਦੱਖਣੀ ਤੋਂ ਇੰਦਰਬੀਰ ਸਿੰਘ ਬੁਲਾਰੀਆਂ ਨੂੰ ਹਰ ਹਾਲਤ ਵਿੱਚ ਹਰਾਉਣਾ ਚਾਹੁੰਦਾ ਹੈ, ਸ਼ਾਇਦ ਇਸੇ ਕਰ ਕੇ ਇਸ ਹਲਕੇ ਤੋਂ ਉਮੀਦਵਾਰ ਦਾ ਐਲਾਨ ਰੁਕਿਆ ਪਿਆ ਹੈ।
ਇਸੇ ਦੌਰਾਨ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਆਏ ਸਾਬਕਾ ਕੌਂਸਲਰ ਤੇ ਹਲਕਾ ਦੱਖਣੀ ਤੋਂ ਕਾਂਗਰਸ ਪਾਰਟੀ ਵਲੋਂ ਵਿਧਾਨ ਸਭਾ ਚੋਣ ਲੜ ਚੁੱਕੇ ਨਵਦੀਪ ਸਿੰਘ ਗੋਲਡੀ ਅਤੇ ਅਕਾਲੀ ਕੌਂਸਲਰ ਸੁਰਿੰਦਰ ਸਿੰਘ ਸੁਲਤਾਨਵਿੰਡ ਵੀ ਇਸ ਹਲਕੇ ਤੋਂ ਟਿਕਟ ਦੇ ਚਾਹਵਾਨ ਹਨ, ਜੋ ਪੱਛੜੀ ਸ਼੍ਰੇਣੀ ਨਾਲ ਸਬੰਧਤ ਹਨ।ਇਸੇ ਘਟਨਾਕ੍ਰਮ ਦੇ ਚੱਲਦਿਆਂ ਨਵਦੀਪ ਸਿੰਘ ਗੋਲਡੀ ਦੀ ਅਗਵਾਈ ਵਿੱਚ ਹਲਕਾ ਦੱਖਣੀ ਦੇ ਅਕਾਲ਼ੀ ਆਗਆਂ ਦੀ ਮੀਟਿੰਗ ਹੋਈ, ਜਿੰਨਾਂ ਨੇ ਅਕਾਲੀ ਦਲ ਹਾਈਕਮਾਂਡ ਨੂੰ ਬੇਨਤੀ ਕੀਤੀ ਹੈ ਕਿ ਇਸ ਹਲਕੇ ਵਿੱਚ ਰਾਮਗੜ੍ਹੀਆ, ਕੰਬੋਜ਼, ਰਾਜਪੂਤ ਅਤੇ ਹੋਰ ਬਰਾਦਰੀਆਂ ਨਾਲ ਸੰਬੰਧਿਤ ਲਗਭਗ 70% ਵੋਟਰ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਹਨ ਇਸ ਲਈ ਹਲਕਾ ਦੱਖਣੀ ਦੀ ਟਿਕਟ ਕਿਸੇ ਪੱਛੜੀ ਸ਼੍ਰੇਣੀ ਨਾਲ ਸਬੰਧਤ ਆਗੂ ਨੂੰ ਦੇਣ ਦੀ ਮੰਗ ਕੀਤੀ ਗਈ ਹੈ।ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਹਲਕਾ ਵਾਸੀਆਂ ਦੀ ਇਸ ਮੰਗ ਤੋਂ ਜਾਣੂ ਕਰਵਾਇਆ ਗਿਆ ਹੈ।

ਇਸ ਮੀਟਿੰਗ ਵਿੱਚ ਅਕਾਲੀ ਆਗੂ ਨਵਦੀਪ ਸਿੰਘ ਗੋਲਡੀ, ਕੌਂਸਲਰ ਸੁਰਿੰਦਰ ਸਿੰਘ ਸੁਲਤਾਨਵਿੰਡ, ਮਨਮੋਹਨ ਸਿੰਘ ਟੀਟੂ, ਅਮਰਬੀਰ ਸਿੰਘ ਢੋਟ, ਚੰਦਰਸ਼ੇਖਰ, ਰਾਕੇਸ਼ ਵੈਦ, ਪਵਨ ਕੁਮਾਰ ਪੰਮਾ ਅਤੇ ਦਰਸ਼ਨ ਸਿੰਘ ਸੁਲਤਾਨਵਿੰਡ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਬੀ.ਸੀ ਵਿੰਗ, ਦੀਪ ਸਿੰਘ ਕੰਬੋਜ ਡਾਇਰੈਕਟਰ ਕੰਬੋਜ ਵੈਲਫੇਅਰ ਬੋਰਡ, ਪੂਰਨ ਸਿੰਘ ਮਤੇਵਾਲ, ਮਹਾਵੀਰ ਸਿੰਘ ਸੁਲਤਾਨਵਿੰਡ, ਇੰਦਰਜੀਤ ਸਿੰਘ ਨੰਬਰਦਾਰ, ਮੁਖਤਿਆਰ ਸਿੰਘ ਖਾਲਸਾ, ਪ੍ਰਿਤਪਾਲ ਸਿੰਘ ਲਾਲੀ, ਹਰਜਿੰਦਰ ਸਿੰਘ ਸੁਲਤਾਨਵਿੰਡ, ਜਸਬੀਰ ਸਿੰਘ ਖਾਲਸਾ, ਪਰਮਜੀਤ ਸਿੰਘ ਪੰਮਾ, ਹਰਿੰਦਰ ਸਿੰਘ, ਸੁਰਜੀਤ ਸਿੰਘ ਗਿੱਲ, ਬਾਊ ਸ਼ਾਮ ਲਾਲ ਆਦਿ ਸ਼ਾਮਿਲ ਹੋਏ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …

Leave a Reply