ਅੰਮ੍ਰਿਤਸਰ, 16 ਜਨਵਰੀ (ਮਨਜੀਤ ਸਿੰਘ ਬਮਰਾਹ) -ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਹਲਕਾ ਅੰਮ੍ਰਿਤਸਰ ਜ਼ਿਮਨੀ ਚੋਣ ਦੇ ਉਮੀਦਵਾਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਵੋਟਰਾਂ ਨਾਲ ਵਾਅਦਾ ਕਰਦਿਆਂ ਕਿਹਾ ਕਿ ਸਰਹੱਦੀ ਜ਼ਿਲ੍ਹੇ ’ਚ ਖੇਤੀ ਅਧਾਰਿਤ ਉਦਯੋਗ ਦੀ ਆਰਥਿਕਤਾ ਨੂੰ ਮੁੜ ਸੁਰਜੀਤ ਜਾਵੇਗਾ।ਉਨ੍ਹਾਂ ਕਿਹਾ ਕਿ ਵੱਡੇ ਅਤੇ ਛੋਟੇ ਪੈਮਾਨੇ ਦੇ ਉਦਯੋਗਾਂ ਨੂੰ ਵਿਸ਼ੇਸ਼ ਆਰਥਿਕ ਜ਼ੋਨ ਸਥਾਪਿਤ ਕਰਕੇ ਨੌਜਵਾਨ ਪੀੜ੍ਹੀ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਉਪਰਾਲੇ ਕੀਤੇ ਜਾਣਗੇ।

ਜਿਸ ਸਬੰਧੀ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨਾਲ ਉਨ੍ਹਾਂ ਨੇ ਪਹਿਲਾਂ ਹੀ ਗੱਲਬਾਤ ਕੀਤੀ ਹੈ। ਛੀਨਾ ਜੋ ਕਿ ਅੰਮ੍ਰਿਤਸਰ ਪੱਛਮੀ, ਪੂਰਬੀ, ਕੇਂਦਰੀ ਅਤੇ ਉੱਤਰੀ ਹਲਕਿਆਂ ਦੇ ਵੱਖ-ਵੱਖ ਚੋਣ ਜਲਸਿਆਂ ਨੂੰ ਸੰਬੋਧਨ ਕਰ ਰਹੇ ਸਨ, ਨੇ ਕਿਹਾ ਕਿ ਸਰਹੱਦੀ ਖੇਤਰ ਹੋਣ ਕਰਕੇ ਇਥੇ ਉਦਯੋਗ ਨੂੰ ਪ੍ਰਫ਼ੁਲਿੱਤ ਕਰਨਾ ਇਕ ਵੱਡੀ ਚੁਣੌਤੀ ਹੈ। ਇਸ ਲਈ ਲੋਕਾਂ ਦੀ ਕਿਸਮਤ ਨੂੰ ਬਦਲਣ ਲਈ ਐੱਨ. ਡੀ. ਏ ਦੀ ਕੇਂਦਰ ਸਰਕਾਰ ਪਾਸੋਂ ਜ਼ਿਲ੍ਹੇ ’ਚ ਵੱਡੇ ਅਤੇ ਛੋਟੇ ਉਦਯੋਗਿਕ ਕੰਪਲੈਕਸ ਸਥਾਪਿਤ ਕਰਨ ਲਈ ਦਬਾਓ ਬਣਾ ਕੇ ਵਿਸ਼ੇਸ਼ ਆਰਥਿਕ ਜ਼ੋਨ ਦੀ ਸਥਾਪਨਾ ਕੀਤੀ ਜਾਵੇਗੀ ਤਾਂ ਜੋ ਇਸ ਨਾਲ ਰੋਜ਼ਗਾਰ ਮੁਹੱਈਆ ਕਰਵਾਕੇ ਲੋਕਾਂ ਨੂੰ ਲਾਭ ਪਹੁੰਚਾਇਆ ਜਾ ਸਕੇ। ਉਨ੍ਹਾਂ ਇਸ ਮੌਕੇ ਕਿਰਸਾਨੀ ’ਤੇ ਦਿੰਦਿਆਂ ਕਿਹਾ ਕਿ ਖੇਤੀਬਾੜੀ ਨੂੰ ਹੋਰ ਪ੍ਰਫੁਲਿੱਤ ਕਰਨ ਲਈ ਕਿਸਾਨਾਂ ਨੂੰ ਵਿਸ਼ੇਸ਼ ਪੈਕੇਜ਼ ਲਾਗੂ ਕੀਤੇ ਜਾਣਗੇ, ਜਿਸ ਨਾਲ ਖੇਤੀਬਾੜੀ ਤੋਂ ਮੁੱਖ ਮੋੜ ਰਹੇ ਅਜੋਕੇ ਨੌਜਵਾਨ ਇਸ ਨੂੰ ਲਾਹੇਵੰਦ ਧੰਦੇ ਵਜੋਂ ਅਪਨਾਕੇ ਲਾਹਾ ਲੈ ਸਕਣ।ਉਨ੍ਹਾਂ ਕਿਹਾ ਕਿ ਕਿਰਸਾਨੀ ਮੁੱਦਿਆਂ ’ਤੇ ਗੱਲ ਕਰਦਿਆਂ ਸਾਬਕਾ ਐਮ. ਪੀ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ’ਤੇ ਤਿੱਖਾ ਪ੍ਰਤੀਕ੍ਰਮ ਕਰਦਿਆਂ ਦੋਹਾਂ ਲੀਡਰਾਂ ਨੂੰ ਚੋਣਾਂ ਜਿੱਤਣ ਉਪਰੰਤ ਆਮ ਲੋਕਾਂ ਨਾਲ ਧੋਖਾ ਕਰਨ ਵਾਲਾ ਵਿਦਰੋਹੀ ਦੱਸਿਆ। ਉਨ੍ਹਾਂ ਕਿਹਾ ਕਿ ਉਕਤ ਦੋਹੇ ਆਗੂਆਂ ਆਪਣੇ-ਆਪਣੇ ਰੁਝੇਵਿਆਂ ਨੂੰ ਤਰਜੀਹ ਦਿੰਦੇ ਰਹੇ ਅਤੇ ਲੋਕਾਂ ਨੂੰ ਅੱਖੋਂ-ਪਰੋਖੇ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਇਹ ਸਾਬਕਾ ਐਮ. ਪੀ. ਹਲਕੇ ਨੂੰ ਤਰਜੀਹ ਦਿੰਦੇ ਤਾਂ ਕੇਂਦਰ ਸਰਕਾਰ ਪਾਸੋਂ ਬਹੁਤ ਸਾਰੀਆਂ ਵਿਕਾਸ ਦੀਆਂ ਸਕੀਮਾਂ ਨੂੰ ਲਾਗੂ ਕਰਵਾ ਸਕਦੇ ਸਨ। ਉਨ੍ਹਾਂ ਨੇ ਸੈਰ-ਸਪਾਟੇ ਨੂੰ ਤਰਜੀਹ ਦੇਣ ਅਤੇ ਰੇਲ, ਹਵਾਈ ਅਤੇ ਸੜਕੀ ਮਾਰਗ ਦੇ ਪ੍ਰਬੰਧਾਂ ਨੂੰ ਹੋਰ ਵਿਕਸਿਤ ਕਰਨ ਦੀ ਗੱਲ ਵੀ ਕਹੀ। ਉਨ੍ਹਾਂ ਕਿਹਾ ਕਿ ਪਵਿੱਤਰ ਸ਼ਹਿਰ ਹੋਣ ਦੇ ਨਾਤੇ ਇੱਥੇ ਸ਼ਰਧਾਲੂਆਂ ਦੀ ਆਮਦ ਦੇਸ਼ ਦੇ ਕਿਸੇ ਵੀ ਸ਼ਹਿਰ ਤੋਂ ਵੱਧ ਹੈ, ਜਿਸ ਦੇ ਲਈ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਸੂਬੇ ’ਚ ਵੀ ਅਕਾਲੀ-ਭਾਜਪਾ ਸਰਕਾਰ ਤੀਸਰੀ ਵਾਰ ਜਿੱਤ ਹਾਸਲ ਕਰਕੇ ਇਤਿਹਾਸ ਸਿਰਜੇਗੀ। ਇਸ ਮੌਕੇ ਡਾ. ਸ਼ੁਸ਼ੀਲ ਦੇਵਗਨ ਅਤੇ ਓ. ਐਸ. ਡੀ. ਅਜੈਪਾਲ ਸਿੰਘ ਢਿੱਲੋਂ ਵੀ ਮੌਜ਼ੂਦ ਸਨ।
Punjab Post Daily Online Newspaper & Print Media